ਪਠਾਨਕੋਟ : ਇੱਥੋਂ ਦੇ ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਆਪਣੇ ਰਵਈਏ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੇ ਨੇ। ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਵੱਲੋਂ ਸਰਕਾਰੀ ਮੁਲਾਜ਼ਮ ਨੂੰ ਧਮਕਾਉਣ ਦੀ ਆਡੀਓ ਵਾਇਰਲ ਹੋਈ ਸੀ ਜਿਸ ਬਾਰੇ ਦੋਸ਼ ਇਹ ਲੱਗ ਰਹੇ ਸਨ ਕਿ ਇਹ ਆਡੀਓ ‘ਚ ਬੋਲ ਰਿਹਾ ਵਿਅਕਤੀ ਜੋਗਿੰਦਰ ਪਾਲ ਹੈ, ਪਰ ਹੁਣ ਜੋ ਮਾਮਲਾ ਸਾਹਮਣੇ ਆ ਰਿਹਾ ਹੈ ਉਸ ਵਿੱਚ ਵਿਧਾਇਕ ਜੋਗਿੰਦਰ ਪਾਲ ‘ਤੇ ਇੱਕ ਪੱਤਰਕਾਰ ਨੂੰ ਕੁੱਟਣ ਅਤੇ ਧਮਕਾਉਣ ਦੇ ਦੋਸ਼ ਲੱਗ ਰਹੇ ਹਨ। ਇਸ ਸਬੰਧੀ ਪੀੜਤ ਦੱਸੇ ਜਾ ਰਹੇ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਲੱਕੀ ਅਨੁਸਾਰ ਉਹ ਮਿਲਾਵਟੀ ਤੇਲ ਦੀ ਖਬਰ ਮਿਲਣ ‘ਤੇ ਪੈਟਰੋਲ ਪੰਪ ‘ਤੇ ਜਾਣਕਾਰੀ ਲੈਣ ਗਿਆ ਸੀ, ਜਿੱਥੇ ਵਿਧਾਇਕ ਨੇ ਆਪਣੇ ਗੁੰਡਿਆਂ ਦੀ ਮਦਦ ਨਾਲ ਉਸ ‘ਤੇ ਹਮਲਾ ਕਰਵਾ ਦਿੱਤਾ ਅਤੇ ਹੁਣ ਉਸ ਨੂੰ ਧਮਕਾਇਆ ਵੀ ਜਾ ਰਿਹਾ ਹੈ।
ਪੱਤਰਕਾਰ ਲੱਕੀ ਅਨੁਸਾਰ ਉਸ ਨੂੰ ਮਲਕਪੁਰ ਤੋਂ ਕਿਸੇ ਸੂਤਰ ਦਾ ਫੋਨ ਆਇਆ ਸੀ ਕਿ ਇੱਥੋਂ ਦੇ ਪੈਟਰੋਲ ਪੰਪ ‘ਚੋਂ ਮਿਲਣ ਵਾਲੇ ਤੇਲ ‘ਚ ਪਾਣੀ ਦੀ ਮਿਲਾਵਟ ਆ ਰਹੀ ਹੈ ਅਤੇ ਜਿਸ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਉਹ ਮੌਕੇ ‘ਤੇ ਪਹੁੰਚਿਆ, ਤਾਂ ਉੱਥੇ ਅਨਿਲ ਦਾਰਾ ਨਾਮ ਦੇ ਵਿਅਕਤੀ ਨੇ ਉਸ ਨੂੰ ਪੈਟਰੋਲ ਪੰਪ ਤੋਂ ਚਲੇ ਜਾਣ ਲਈ ਕਿਹਾ। ਪੱਤਰਕਾਰ ਕਹਿੰਦਾ ਹੈ ਕਿ ਉਸ ਨੇ ਅਨਿਲ ਦਾਰਾ ਨੂੰ ਕਿਹਾ ਕਿ ਉਸ ਨੂੰ ਜੋ ਜਾਣਕਾਰੀ ਮਿਲੀ ਹੈ ਉਸ ਦੀ ਪੁਸ਼ਟੀ ਕਰਨ ਤੋਂ ਬਾਅਦ ਉਹ ਉੱਥੋਂ ਚਲਾ ਜਾਵੇਗਾ । ਲੱਕੀ ਨੇ ਦੱਸਿਆ ਕਿ ਇਸ ਤੋਂ ਬਾਅਦ ਉੱਥੇਂ ਵਿਧਾਇਕ ਜੋਗਿੰਦਰ ਪਾਲ ਆ ਗਏ ਅਤੇ ਉਨ੍ਹਾਂ ਨੇ ਉਸ (ਪੱਤਰਕਾਰ) ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਇੱਥੇ ਕੋਈ ਖਬਰ ਨਹੀਂ ਬਣਾਉਣੀ ਤੇ ਇੱਥੋਂ ਚਲਾ ਜਾ। ਲੱਕੀ ਨੇ ਦੋਸ਼ ਲਾਇਆ ਕਿ ਹਾਲੇ ਇਹ ਗੱਲ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਜੋਗਿੰਦਰ ਪਾਲ ਦੇ ਨਾਲ ਆਏ ਬਦਮਾਸ਼ ਵਿਅਕਤੀਆਂ ਨੇ ਉਸ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਝੰਜੋੜਦਿਆਂ ਹੋਇਆਂ ਭੱਦੀ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ। ਪੱਤਰਕਾਰ ਲੱਕੀ ਦਾ ਦੋਸ਼ ਹੈ ਕਿ ਉਨ੍ਹਾਂ ਹਮਲਾਵਰਾਂ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਲੱਕੀ ਦੱਸਦਾ ਹੈ ਕਿ ਜੋਗਿੰਦਰ ਪਾਲ ਨੇ ਉਸ ਨੂੰ ਇਹ ਗੱਲ ਖੁਦ ਕਹੀ ਕਿ ਇਸ (ਲੱਕੀ) ਨੂੰ ਗੱਡੀ ‘ਚ ਸੁੱਟ ਕੇ ਡਾਂਗਾਂ ਫੇਰਦਿਆਂ ਦਰਿਆ ‘ਚ ਸੁੱਟ ਆਓ। ਪੱਤਰਕਾਰ ਅਨੁਸਾਰ ਜੋਗਿੰਦਰ ਪਾਲ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ।
ਉਧਰ ਪੱਤਰਕਾਰ ਨਾਲ ਧੱਕਾਮੁੱਕੀ ਕਰਨ ਅਤੇ ਧਮਕਾਉਣ ਦੀ ਖਬਰ ਜਿਸ ਤਰਾਂ ਹੀ ਹੋਰ ਪੱਤਰਕਾਰਾਂ ਤੱਕ ਪਹੁੰਚੀ ਤਾਂ ਉਨ੍ਹਾਂ ਜੋਗਿੰਦਰ ਪਾਲ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਕੋਲ ਵਿਧਾਇਕ ਖਿਲ਼ਾਫ ਬਣਦੀ ਕਨੂੰਨੀ ਕਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਦੀ ਹਮਾਇਤ ‘ਚ ਹਲਕੇ ਦੀ ਸਾਬਕਾ ਵਿਧਾਇਕ ਸੀਮਾ ਦੇਵੀ ਵੀ ਨਿੱਤਰ ਆਈ ਜਿਸ ਨੇ ਜੋਗਿੰਦਰ ਪਾਲ ‘ਤੇ ਗੰਭੀਰ ਦੋਸ਼ ਲਾਏ।
ਸੀਮਾ ਦੇਵੀ ਨੇ ਕਿਹਾ ਕਿ ਜਦੋਂ ਤੋਂ ਜੋਗਿੰਦਰ ਪਾਲ ਵਿਧਾਇਕ ਬਣੇ ਹਨ ਉਦੋਂ ਤੋਂ ਹੀ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ। ਉਨ੍ਹਾਂ ਕਿਹਾ ਪੱਤਰਕਾਰ ਨਾਲ ਜੋਗਿੰਦਰ ਪਾਲ ਨੇ ਕੁੱਟਮਾਰ ਅਤੇ ਗਾਲੀ ਗਲੋਚ ਕੀਤੀ ਹੈ ਜਿਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਜੋਗਿੰਦਰਪਾਲ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਬਿਲਕੁਲ ਬਦ-ਤਮੀਜ਼ ਇਨਸਾਨ ਹੈ ਤੇ ਉਸ ਨੂੰ ਬੋਲਦਿਆਂ ਕੁਝ ਵੀ ਪਤਾ ਨਹੀਂ ਲਗਦਾ ਇਸ ਲਈ ਜੇਕਰ ਇਸ ਵਿਧਾਇਕ ਨੂੰ ਕੋਈ ਦਿਮਾਗੀ ਪ੍ਰੇਸ਼ਾਨੀ ਹੈ ਤਾਂ ਉਹ ਆਪਣਾ ਇਲਾਜ਼ ਕਰਵਾਉਣ।
ਲੋਕਤੰਤਰ ਦਾ ਚੌਥਾ ਥੰਮ ਮੰਨੇ ਜਾਂਦੇ ਪੱਤਰਕਾਰ ‘ਦੀ ਆਵਾਜ਼ ਦਬਾਉਣ ਲਈ ਵਿਧਾਇਕ ਜੋਗਿੰਦਰ ਪਾਲ ਦੀ ਕਥਿਤ ਗੁੰਡਾਗਰਦੀ ਖਿਲਾਫ ਸਿਰਫ ਪੱਤਰਕਾਰ ਜਾਂ ਵਿਰੋਧੀ ਹੀ ਨਹੀਂ ਡਟੇ ਸਗੋਂ ਹੁਣ ਹਰ ਉਹ ਪੀੜਤ ਅੱਗੇ ਆ ਰਿਹਾ ਹੈ ਜਿਹੜਾ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਗੁੰਡਾਗਰਦੀ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਜੋਗਿੰਦਰਪਾਲ ਦੇ ਖਿਲਾਫ ਅੱਗੇ ਕੀ ਕਾਰਵਾਈ ਕਰਦੀ ਹੈ।
ਕੀ ਹੈ ਇਹ ਵੀਡੀਓ ਮਾਮਲਾ ਇਸ ਬਾਰੇ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/nVelkgqlRIQ