-ਬਿੰਦੂ ਸਿੰਘ
-ਮੀਡੀਆ ਦੀ ਦਿਸ਼ਾ ਹੀਣ ਜ਼ਮਾਤ ਦੇ ਰਵਈਏ ‘ਚੋ ਨਿਕਲਿਆ ਕਿਸਾਨੀ ਘੋਲ ਦਾ ‘ਟਰਾਲੀ ਟਾਈਮਜ਼’
‘ਸਾਵਧਾਨ! ਗੋਦੀ ਮੀਡਿਆ ਟਰਾਲੀ ਤੋਂ ਪਰ੍ਹਾਂ ਦੀ ਲੰਘੋ। Godi media is not allowed here, ਕਿਸਾਨ ਏਕਤਾ ਜ਼ਿੰਦਾਬਾਦ, ਸਾਨੂੰ ਤੂਹਾਡੀ ਲੋੜ ਨਹੀਂ, Donot cover us’ ਇਹ ਨਾਅਰੇ ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ‘ਤੇ ਪਿਛੱਲੇ 26 ਦਿੰਨਾਂ ਤੋਂ ਕਿਸਾਨ ਸੰਘਰਸ਼ ‘ਚ ਬੈਠੇ ਮੁਜ਼ਾਹਰਾਕਾਰੀਆਂ ਵਲੋਂ ਬੈਨਰ ਬਣਾ-ਬਣਾ ਕੇ ਲਾਏ ਗਏ ਹਨ। ਉਹਨਾਂ ਨੇ ਇਸ ਤਰੀਕੇ ਆਪਣਾ ਰੋਸ ਕਥਿਤ ਤੌਰ ‘ਤੇ ਸਰਕਾਰ ਪੱਖੀ ਗੱਲ ਕਰਨ ਵਾਲੇ ਟੀਵੀ ਚੈਨਲਾਂ ਨੂੰ ਸੰਘਰਸ਼ ਦੀ ਥਾਂ ਤੋਂ ਲਾਂਭੇ ਜਾਣ ਲਈ ਲਿਖੇ ਤੇ ਕਹੇ। ਕਈ ਟੀ.ਵੀ. ਚੈਨਲਾਂ ਦੇ ਰਿਪੋਰਟਰਾਂ ਨੂੰ ਮੋਰਚੇ ‘ਚੋਂ ਬਾਹਰ ਜਾਣ ਲਈ ਕਿਹਾ ਗਿਆ, ਇਨ੍ਹਾਂ ਹੀ ਨਹੀਂ ਉਹਨਾਂ ਨੂੰ ਆਪਣੇ ਚੈਨਲਾਂ ਦੇ ਆਈ ਡੀ ਤੱਕ ਪਾਸੇ ਲਾਹ ਕੇ ਰਿਪੋਰਟਿਂਗ ਕਰਨੀ ਪੈ ਰਹੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਜੋ ਕੀ ਮੀਡੀਆਕਰਮੀਆਂ ਨੂੰ ਮੁਜ਼ਾਹਰਾ ਕਰ ਰਹੇ ਲੋਕਾਂ ਵਲੋਂ ਅਜਿਹਾ ਵਤੀਰਾ ਝੇਲਣਾ ਪਿਆ ਹੈ। ਪਰ ਇਸ ਵਾਰ ਇਸ ਰੋਸ ‘ਚੋਂ ਕਿਸਾਨੀ ਸੰਘਰਸ਼ ਦੇ ਨਵੇਂ ਰੂਪ ਦਾ ਵੀ ਉਭਾਰ ਵੇਖਣ ਨੂੰ ਮਿਲਿਆ ਹੈ। ਮਿੱਟੀ, ਟਰੈਕਟਰ, ਸੁਹਾਗੇ ‘ਚ ਰਹਿਣ ਵਾਲਾ ਕਿਸਾਨ ਤਕਨੀਕ ਤੇ ਖੇਤੀ ਦੇ ਵੱਖ-ਵੱਖ ਢੰਗਾਂ ‘ਤੇ ਮਸ਼ੀਨਾਂ ਦੇ ਨਾਲ-ਨਾਲ ਮੋਬਾਈਲ ਤਕਨੀਕ ਨਾਲ ਵੀ ਬਾਖੂਬੀ ਜਾਣੂ ਹੈ।
ਸਰਕਾਰ ਪੱਖੀ ਗੋਦੀ ਮੀਡੀਆ ਕਹੇ ਜਾਣ ਵਾਲੇ ਟੀਵੀ ਚੈਨਲਾਂ ਨੇ ਬਿਨਾਂ ਤੱਥਾਂ ਸਬੂਤਾਂ ਦੇ ਕਿਸਾਨੀ ਸੰਘਰਸ਼ ਨਾਲ ਜੂਝ ਰਹੇ ਲੋਕਾਂ ਨੂੰ ਮਜਬੂਰ ਕਰ ਦਿੱਤਾ ਤੇ ਚਾਰ ਸਫਿਆਂ ਦੇ ‘ਟਰਾਲੀ ਟਾਈਮਜ਼’ ਅਖਬਾਰ ਦੀ ਨੀਂਹ ਹਾਈਵੇ ਤੇ ਪਾ ਦਿੱਤੀ ਗਈ। ਇਹ ਸਾਰੇ ਪੱਤਰਕਾਰ ਜਗਤ ਲਈ ਨਾਂ ਸਿਰਫ਼ ਤਾੜਨਾ ਹੀ ਹੈ ਸਗੋਂ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਮੀਡੀਆ ਨੂੰ ਗਰੀਬ, ਪੀੜਤ ਤੇ ਆਮ ਲੋਕਾਂ ਦੀ ਆਵਾਜ਼ ਕਿਹਾ ਜਾਂਦਾ ਹੈ ‘ਜਰਨਲਿਜ਼ਮ ਆਫ ਕਰੇਜ’ ‘ਵਾਇਸ ਆਫ ਪੀਪਲ’ ਇਹ ਮੀਡਿਆ ਦੀ ਵਿਆਖਿਆ ਕਰਨ ਵਾਲੀਆਂ ਸਤਰਾਂ ਹਨ। ਹੈਰਾਨੀ ਦੀ ਗੱਲ ਹੈ ਕੀ ਕਿਸਾਨੀ ਸੰਘਰਸ਼ ‘ਤੇ ਬੈਠੇ ਮੁਜ਼ਾਹਰਾ ਕਰਨ ਵਾਲੇ ਕਿਸਾਨ ਜਿਹੜੇ ਆਪਣੀ ਖੇਤ ‘ਚ ਲੱਗੀ ਫ਼ਸਲ ਨੂੰ ਪਾਣੀ ਖ਼ਾਦ ਦੇਣ ਦੇ ਕੰਮ ਲੱਗਿਆ ਹੋਣਾ ਸੀ ਉਹ ਦਿੱਲੀ ਦੀ ਹੱਦ ਤੇ ਪੋਹ ਦੇ ਮਹੀਨੇ ‘ਚ ਸੜਕ ਕਿਨਾਰੇ ਆਪਣੇ ਹੱਕਾਂ ਹਕੂਕਾਂ ਦੀ ਲੜਾਈ ਲੜਨ ਲਈ ਮਜ਼ਬੂਰ ਹੈ ਤੇ ਇਹ ਚੈਨਲ ਉਹਨਾਂ ਨੂੰ ਵੱਖਵਾਦੀ, ਅੱਤਵਾਦੀ ਕਹਿ ਕੇ ਉਕਸਾਉਣ ਤੇ ਡਰਾ ਕੇ ਭਜਾਉਣ ਵੱਲ ਧੱਕ ਰਿਹੇ ਸਨ। ਜਾਗਰੂਕ ਤੇ ਆਧੁਨਿਕ ਤਕਨੀਕ ਨਾਲ ਲੈਸ ਕਿਸਾਨਾਂ ਨੇ ਪਹਿਲਾਂ ‘ਟਰੈਕਟਰ ਟੂ ਟਵਿੱਟਰ’ ਮੁਹਿੰਮ ਚਲਾ ਕੰਗਣਾ ਰਣੌਤ ਦੀ ਟਿੱਪਣੀ ਦਾ ਜਵਾਬ ਦਿੱਤਾ ਤੇ ਫੇਰ ਕਈ ਸਿਆਸੀ ਲੀਡਰਾਂ ਨੂੰ ਵੀ ਡੱਟਵੇਂ ਜਵਾਬ ਦਿੱਤੇ ਤੇ ਹਰ ਚੰਗੇ ਮਾੜੇ ਬਿਆਨਾਂ ਤੇ ਵੀ ਬਹਿਸ ਵਿੱਢੀ।
- Advertisement -
‘ਜੁੜਾਂਗੇ , ਲੜਾਂਗੇ , ਜਿੱਤਾਂਗੇ – ਟਰਾਲੀ ਟਾਈਮਜ਼ ‘ ਅਖ਼ਬਾਰ ਨੇ ਮੀਡੀਆ ਦੇ ਇਕ ਹਿੱਸੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ ਠੱਲ ਪਾਉਣ ਤੇ ਸੰਕੇਤਕ ਸੁਨੇਹਾ ਦੇਣ ਦਾ ਕੰਮ ਕੀਤਾ ਤੇ ਦੇਸ਼ ਭਰ ‘ਚ ਵਰ੍ਹਿਆਂ ਤੋਂ ਪੱਤਰਕਾਰਤਾ ਦੇ ਖੇਤਰ ‘ਚ ਪਕੜ ਰੱਖਣ ਵਾਲੇ ਹਰ ਛੋਟੇ ਵੱਡੇ ਅਖਬਾਰ, ਟੀ.ਵੀ. ਚੈਨਲ ਦੀ ਲਗਾਤਾਰ ਹੈਡ ਲਾਈਨ – ਸੁਰਖ਼ੀਆਂ ਬਣਿਆ ਹੋਇਆ ਹੈ। ਉਹ ਗੱਲ ਵੱਖ ਹੈ ਕੀ ਇਸ ਕੱਦਮ ਦੇ ਨਾਲ ਹੀ ਮੁਸ਼ਕਲਾਂ ਨਾਲ ਹੀ ਤੁੱਰ ਆਉਣ। ਪੰਜਾਬ ਦੇ ਸਾਬਕਾ ਸੀਨੀਅਰ ਅਫਸਰਾਂ ਨੇ ਚੰਡੀਗੜ੍ਹ ‘ਚ ਕੀਤੀ ਇਕ ਮੀਟਿੰਗ ‘ਚ ਕਿਸਾਨਾਂ ਦੇ ਸ਼ਾਂਤਮਈ ਧਰਨੇ ਦੀ ਪੁਰਜ਼ੋਰ ਸ਼ਲਾਘਾ ਕਰਦੇ ਹੋਏ ਹਿਮਾਇਤ ‘ਚ ਆਉਣ ਦਾ ਫੈਸਲਾ ਲਿਆ ਹੈ। ਉਹਨਾਂ ਵੀ ਆਪਣੀ ਮੀਟਿੰਗ ਵਿੱਚ ਕਿਸਾਨੀ ਸ਼ੰਘਰਸ਼ ਦੇ ਸ਼ਾਂਤੀਮਈ ਤੇ ਸੁਹਿਰਦ ਮਾਹੌਲ ਨੂੰ ਵਿਗਾੜਨ ਦੀ ਮਨਸ਼ਾ ਨਾਲ ਮੀਡੀਆ ਦੇ ਕੁਝ ਦਿਸ਼ਾਹੀਣ ਹਿੱਸੇ ਵੱਲੋਂ ਵਰਤੇ ਜਾ ਰਹੇ ਹੱਥ ਕੰਡਿਆਂ ਤੇ ਗੰਭੀਰ ਚਿੰਤਾ ਵੀ ਜ਼ਾਹਿਰ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋਕ ਪੱਖੀ ਸੋਚ ਰੱਖਣ ਵਾਲੇ ਮੀਡੀਆ ਨੇ ਵੀ ਇੱਕ ਵਾਰ ਫਿਰ ਇਸ ਪੱਖ ਦਾ ਪੂਰਾ ਨੋਟਿਸ ਲਿਆ। ਸੋਸ਼ਲ ਮੀਡਿਆ ਤੇ ਕਿਸਾਨੀ ਸੰਘਰਸ਼ ‘ਚ ਨਕਾਰੇ ਜਾਣ ਵਾਲੇ ਮੀਡੀਆ ਦੀ ਖੂਬ ਚਰਚਾ ਹੋਈ ਤੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਜੇਕਰ ਇਤਿਹਾਸ ਦੇ ਵਰਕੇ ਫ਼ਰੋਲ ਕੇ ਵੇਖੇ ਜਾਣ ਤੇ ਆਜ਼ਾਦੀ ਦੀ ਲਹਿਰ ਵੇਲੇ ਵੀ ਕਈ ਅਖ਼ਬਾਰਾਂ ਕੱਢੀਆਂ ਗਈਆਂ ਸਨ। ਬੰਗਾਲ ਗਜ਼ਟ, ਸੰਵਾਦ ਕਮੁਦੀ, ਯੰਗ ਇੰਡੀਆ, ਅੰਮ੍ਰਿਤਾ ਬਾਜ਼ਾਰ, ਹਿਰਾਤ ਉਲ ਅਖ਼ਬਾਰ, ਅਲ ਹਿਲਾਲ, ਇੰਡਿਪੈਂਡੈਂਟ, ਪ੍ਰਤਾਪ, ਕੇਸਰੀ, ਮੂਕ ਨਾਇਕ, ਫ੍ਰੀ ਹਿੰਦੁਸਤਾਨ, ਬੋਮਬੇ ਕਰੋਨਿਕਲ, ਹਿੰਦੂ, ਇੰਡੀਅਨ ਮਿਰਰ ਵਰਗੇ ਕਈ ਰਸਾਲੇ ਤੇ ਅਖ਼ਬਾਰ ਕੱਢੇ ਗਏ ਪਰ ਉਹਨਾਂ ਸਮਿਆਂ ‘ਚ ਸੰਘਰਸ਼ ਕਰਨ ਵਾਲੇ ਕ੍ਰਾਂਤੀਕਾਰੀਆਂ ਕੋਲ ਕੋਈ ਹੋਰ ਜ਼ਰੀਆ ਨਹੀਂ ਸੀ ਆਪਣੀ ਗੱਲ ਨੂੰ ਆਮ ਆਵਾਮ ਤੱਕ ਪਹੁੰਚਾਉਣ ਲਈ। ਉਸ ਦੇ ਉਲਟ ਅੱਜ ਦੇ ਸਮੇਂ ਵਿੱਚ ਇਕ ਪਾਸੇ ਜਿੱਥੇ ਛੋਟੇ ਵੱਡੇ ਅਖਬਾਰਾਂ ਦੀ ਗਿਣਤੀ ‘ਤੇ ਟੀਵੀ ਚੈਨਲਾਂ ਦੇ ਵਿਸਥਾਰ ‘ਚ ਵੱਡਾ ਇਜ਼ਾਫਾ ਵੇਖਣ ਨੂੰ ਮਿਲਦਾ ਹੈ, ਚਿੰਤਾ ਦੀ ਗੱਲ ਹੈ , ਕੀ ਪੱਤਰਕਾਰਤਾ ਦੀ ਅਸਲੀ ਪਰਿਭਾਸ਼ਾ ਨੂੰ ਪਿੱਛੇ ਧੱਕ ਕੇ ਇਹ ਮੀਡਿਆ ਲੋਕਾਂ ਨੂੰ ਸਿਰਫ਼ ਟੀ.ਆਰ.ਪੀ. ਤੇ ਪੜ੍ਹਨ ਸੁਣਨ ਵਾਲਿਆਂ ਦੇ ਅੰਕੜਿਆਂ ਤੱਕ ਹੀ ਵੇਖਦਾ ਹੈ। ਅਫਸੋਸ ਹੈ ਇਸ ਪੱਤਰਕਾਰਤਾ ਦੇ ਖੇਤਰ ‘ਚ ਕੰਮ ਕਰਨ ਵਾਲਾ ਬਹੁਤਾ ਹਿੱਸਾ ਦੁਨੀਆ ਦੇ ਸਭ ਤੋਂ ਵੱਡੇ ਕਹਾਉਣ ਵਾਲੇ ਜਮਹੂਰੀ ਦੇਸ਼ ਦੇ ਲੋਕਾਂ ਦੀ ਆਵਾਜ਼ ਬਣਨ ‘ਚ ਫੇਲ ਸਾਬਤ ਹੋਇਆ ਹੈ। ਇਸ ਕਰਕੇ ਅਖਬਾਰਾਂ ਤੇ ਟੀ.ਵੀ. ਚੈਨਲਾਂ ਦੇ ਇੰਨੇ ਵੱਡੇ ਪਸਾਰੇ ਦੇ ਬਾਵਜੂਦ ਕਿਸਾਨੀ ਘੋਲ ‘ਚ ਮੁਸ਼ਕਲ ਹਾਲਤਾਂ ‘ਚ ਵੀ ਉਹਨਾਂ ਨੂੰ ਆਪ ਅੱਗੇ ਹੋ ਕੇ ਅਖ਼ਬਾਰ ਕੱਢਣਾ ਪੈ ਰਿਹਾ ਹੈ , ਇਸ ਤੋਂ ਵੱਧ ਸ਼ਰਮਸਾਰ ਤੇ ਮਾੜੀ ਹਾਲਤ ਮੀਡੀਆ ਦੀ ਕਦੇ ਨਹੀਂ ਹੋ ਸਕਦੀ।
ਇਹ ਸਾਫ਼ ਇਸ਼ਾਰਾ ਹੈ ਕੀ ਮੀਡੀਆ ਦੀ ਹੋਂਦ , ਵਿਸ਼ਵਾਸ ਤੇ ਸਾਖ਼ ਨੂੰ ਇਹਨਾਂ ਮੀਡੀਆ ਵਾਲਿਆਂ ਕਰਕੇ ਵੱਡੀ ਸੱਟ ਵੱਜੀ ਹੈ। ਆਉਣ ਵਾਲੇ ਸਮਿਆਂ ਵਿੱਚ ਇਤਿਹਾਸ ਲਿੱਖਣ ਵੇਲੇ ਇਸ ਦਾ ਜ਼ਿਕਰ ਵੀ ਕੀਤਾ ਜਾਵੇਗਾ। ਮੀਡੀਆ ਨੂੰ ਨਾਜ਼ੁਕ ਸਮਿਆਂ ‘ਚ ਐਕਟਰ ਰਾਜਪੂਤ ਦੀ ਖ਼ੁਦਕੁਸ਼ੀ ਨੂੰ ਲੈ ਕੇ ਮੀਡੀਆ ਟਰਾਇਲ ਚਲਾਉਣ ਤੋਂ ਵਿਹਲ ਨਹੀਂ ਸੀ। ਆਮ ਲੋਕਾਂ ਦੇ ਮੁੱਦਿਆਂ ਦੀ ਸਾਰ ਲੈਣ ਦਾ ਸਮਾਂ ਤੇ ਇਸ ਵੱਲ ਇੱਛਾ ਸਿਆਸੀ ਪਾਰਟੀਆਂ ਤੇ ਲੀਡਰਾਂ ਕੋਲ ਤਾਂ ਕਦੇ ਵੀ ਨਹੀਂ ਸੀ ਪਰ ‘ਲੋਕਾਂ ਦੀ ਆਵਾਜ਼ ‘ ਮੰਨੇ ਜਾਣ ਵਾਲੇ ਮੀਡੀਆ ਨੂੰ ਭੁਲਣਾ ਨਹੀਂ ਚਾਹੀਦਾ ਕਿ ਉਹਨਾਂ ਦੀਆਂ ਖ਼ਬਰਾਂ ਇਹਨਾਂ ਲੋਕਾਂ ਵਲੋਂ ਹੀ ਪੜ੍ਹੀਆਂ ਸੁਣੀਆਂ ਜਾਂਦੀਆਂ ਹਨ ਤੇ ਇਹੀ ਲੋਕ ਇਹਨਾਂ ਦੇ ਸਰੋਤੇ ਤੇ ਵੇਖਣ ਵਾਲੇ ਦਰਸ਼ਕ ਹਨ।