ਚੰਡੀਗੜ੍ਹ: ਪੰਜਾਬ ਸਰਕਾਰ ਨੇ ਦਿਨਕਰ ਗੁਪਤਾ ਦੇ ਨਾਮ ‘ਤੇ ਮੋਹਰ ਲਗਾਉਂਦਿਆਂ ਉਨ੍ਹਾਂ ਨੂੰ ਪੰਜਾਬ ਪੁਲਿਸ ਦਾ ਨਵਾਂ ਮੁਖੀ ਐਲਾਨ ਦਿੱਤਾ ਹੈ।ਪੰਜਾਬ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵੱਲੋਂ ਰਾਜ ਸਰਕਾਰ ਨੂੰ ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਿਆ ਗਿਆ ਸੀ। ਜਿਸ ਵਿੱਚ 1987 ਬੈਚ ਦੇ ਪੁਲੀਸ ਅਧਿਕਾਰੀਆਂ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਅਤੇ ਵਿਰੇਸ਼ ਕੁਮਾਰ ਭਾਵੜਾ ਦੇ ਨਾਮ ਸ਼ਾਮਲ ਸਨ।
ਸੂਤਰਾਂ ਮੁਤਾਬਕ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਨਾਲ ਸਬੰਧਤ ਅਫ਼ਸਰਾਂ ਨੇ ਰਾਤੀਂ ਅੱਠ ਵਜੇ ਅਫ਼ਸਰਾਂ ਦੇ ਪੈਨਲ ਵਾਲੀ ਫਾਈਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਗ੍ਰਹਿ ਵਿਖੇ ਜਮਾਂ ਕਰਾਈ ਗਈ ਸੀ ਜਿਸ ਤੋਂ ਬਾਅਦ ਇਹ ਫਾਈਲ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਭੇਜ ਦਿੱਤੀ ਗਈ।
ਦੱਸ ਦਈਏ ਕਿ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ ਪੰਜਾਬ ਸਰਕਾਰ ਨੂੰ ਆਪਣੇ ਆਪ ਪੱਤਰ ਲਿਖ ਕੇ ਐਕਸਟੇਂਸ਼ਨ ਲੈਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਜ਼ਰੂਰਤ ਸੀ ਸੁਰੇਸ਼ ਅਰੋੜਾ ਵਰਗੇ ਉੱਘੇ ਅਧਿਕਾਰੀ ਦੀ, ਜੋ ਨਾ ਕੇਵਲ ਕਨੂੰਨ ਵਿਵਸਥਾ ਨੂੰ ਕੰਟਰੋਲ ਕਰ ਸਕੇ, ਸਗੋਂ ਪਬਲਿਕ ਡੀਲਿੰਗ ਵਿੱਚ ਵੀ ਬਿਹਤਰ ਹੋਣ ਤੇ ਸਰਕਾਰ ਦੀ ਇਹ ਤਲਾਸ਼ ਦਿਨਕਰ ਗੁਪਤਾ ‘ਤੇ ਆ ਕੇ ਠਹਿਰੀ ਹੈ ।