ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਰਣਜੀਤ ਸਿੰਘ ਨੇ ਕੀਤੇ ਵੱਡੇ ਅਤੇ ਹੈਰਾਨੀਜਨਕ ਖੁਲਾਸੇ!

TeamGlobalPunjab
12 Min Read

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਮੁਖ ਰੱਖਦੇ ਹੋਏ ਰਾਜਨੀਤਿਕ ਪਾਰਟੀਆਂ ਤੇ ਸੰਗਠਨਾਂ ਵੱਲੋਂ ਕਪੂਰੀ ਮੋਰਚਾ 8 ਅਪ੍ਰੈਲ 1982 ਨੂੰ ਕਪੂਰੀ(ਘਨੌਰ) ਵਿਖੇ ਲਗਾਇਆ ਗਿਆ। ਪਰ ਇਸ ਮੋਰਚੇ ਬਾਰੇ ਅੱਜ ਤੱਕ ਕੋਈ ਜ਼ਿਆਦਾ ਇਤਿਹਾਸਕ ਜਾਣਕਾਰੀ ਨਹੀ ਮਿਲਦੀ। ਜੱਥੇਦਾਰ ਰਣਜੀਤ ਸਿੰਘ ਲੋਹਸਿੰਬਲੀ ਨੇ ਕਪੂਰੀ ਮੋਰਚੇ ਦੀ ਅਸਲ ਕਹਾਣੀ ਨੂੰ ਬਿਆਨ ਕਰਦਿਆਂ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਇੱਥੇ ਇਹ ਵੀ ਦੱਸ ਦੇਈਏ ਕਿ ਲੋਹਸਿੰਬਲੀ ਇੱਕ ਇਤਿਹਾਸਕ ਪਿੰਡ ਹੈ ਜੋ ਕਪੂਰੀ ਦੇ ਬਿਲਕੁਲ ਨੇੜੇ ਹੈ। ਦਸਮ ਪਾਤਸ਼ਾਹ ਬਾਲ ਅਵਸਥਾ ‘ਚ ਤਿੰਨ ਦਿਨ ਲੋਹਸਿੰਬਲੀ ਪਿੰਡ ‘ਚ ਰੁਕੇ ਸਨ। ਜੱਥੇਦਾਰ ਰਣਜੀਤ ਸਿੰਘ ਲੋਹਸਿੰਬਲੀ ਨੇ ਕੀ ਕਿਹਾ ਸਾਡੇ ਖਾਸ ਪ੍ਰੋਗਰਾਮ “ਅਸਲ ਕਹਾਣੀ” ਰਾਹੀਂ ਆਓ ਜਾਣਦੇ ਹਾਂ…

ਸਵਾਲ : ਸ੍ਰੀ ਮਤੀ ਇੰਧਰਾ ਗਾਂਧੀ ਜਦੋਂ ਕਪੂਰੀ ਵਿਖੇ ਐੱਸਵਾਈਅੱਲ ਦਾ ਉਦਘਾਟਨ ਕਰਨ ਲਈ ਆਏ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪਾਣੀਆਂ ਦਾ ਰੌਲਾ ਚੱਲਦਾ ਆ ਰਿਹਾ ਹੈ ਉਸ ਸਮੇਂ ਕਿਹੜੇ ਲੀਡਰ ਦੀ ਕਿੰਨੀ ਭੂਮਿਕਾ ਰਹੀ ਤੇ ਉਸ ਸਮੇਂ ਦੇ ਹਾਲਾਤ ਕੀ ਰਹੇ?

ਜਵਾਬ : ਉਸ ਸਮੇਂ ਅਕਾਲੀ ਦਲ ਦੇ ਆਗੂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜਸਦੇਵ ਸਿੰਘ ਸੰਧੂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ। ਇਨ੍ਹਾਂ ਦੋਵਾਂ ਵੱਲੋਂ ਸਾਨੂੰ ਜੋ ਫਰਮਾਨ ਭੇਜਿਆ ਜਾਂਦਾ ਉਸ ਦੀ ਪੂਰਤੀ ਲਈ ਅਸੀਂ ਰੈਲੀਆਂ, ਕਾਨਫਰੰਸਾਂ ਤੇ ਮੋਰਚਿਆਂ ‘ਤੇ ਲੋਕਾਂ ਨੂੰ ਇਕੱਠੇ ਕਰਕੇ ਪਹੁੰਚ ਜਾਂਦੇ ਸੀ। ਕਰਮ ਸਿੰਘ, ਅਜੈਬ ਸਿੰਘ, ਗੁਰਧਿਆਨ ਸਿੰਘ ਤੇ ਕਈ ਹੋਰ ਮੇਰੇ ਨਾਲ ਇਨ੍ਹਾਂ ਇਕੱਠਾ ‘ਚ ਸ਼ਮੂਲੀਅਤ ਕਰਦੇ ਰਹੇ। ਪੰਜਾਬ ਨੂੰ 60 ਪ੍ਰਤੀਸ਼ਤ ਤੇ ਹਰਿਆਣੇ ਨੂੰ 40 ਪ੍ਰਤੀਸ਼ਤ ਪਾਣੀ ਮਿਲਿਆ ਹੋਇਆ ਸੀ ਜਿਸ ‘ਤੇ ਹਰਿਆਣੇ ਦੀ ਮੰਗ ਸੀ ਕਿ ਉਨ੍ਹਾਂ ਨੂੰ 60 ਪ੍ਰਤੀਸ਼ਤ ਪਾਣੀ ਦਿੱਤਾ ਜਾਵੇ। ਦੂਜੇ ਪਾਸੇ ਕੈਪਟਨ ਸਾਹਬ ਦਾ ਕਹਿਣਾ ਸੀ ਕਿ ਇਸ ਨਹਿਰ ਨੂੰ ਡੇਰਾਬੱਸੀ ਦੇ ਉਪਰੋਂ ਕੱਢਿਆ ਜਾਵੇ ਤਾਂ ਕਿ ਡੇਰਾਬੱਸੀ ਦੇ ਲੋਕਾਂ ਨੂੰ ਵੀ ਪਾਣੀ ਮਿਲ ਸਕੇ। ਪਰ ਇੰਦਰਾ ਗਾਂਧੀ ਆਪਣੇ ਅੜੀਅਲ ਸੁਭਾਅ ‘ਤੇ ਕਾਇਮ ਰਹੀ ਤੇ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ। ਇਸ ਲਈ ਇਹ ਮੋਰਚਾ ਲਗਾਇਆ ਗਿਆ। ਇਸ ਤੋਂ ਬਾਅਦ ਧਰਮ-ਯੁੱਧ ਮੋਰਚਾ(ਅਮ੍ਰਿਤਸਰ), ਚੰਡੀਗੜ੍ਹ ਪੰਜਾਬ ਨੂੰ ਦਓ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ ਹੋਰ ਵੀ ਕਈ ਮੋਰਚੇ ਸਮੇਂ ਸਮੇਂ ‘ਤੇ ਲਗਾਏ ਗਏ।

ਸਵਾਲ : ਬੀਬੀ ਰਾਜਿੰਦਰ ਕੌਰ ਜੀ ਤੁਹਾਡੇ ਕੋਲ ਕਦੋਂ ਆਏ ਇਸ ਪਿੱਛੇ ਕੀ ਕਹਾਣੀ ਸੀ?

- Advertisement -

ਜਵਾਬ : ਜਿਸ ਦਿਨ ਇੰਦਰਾ ਗਾਂਧੀ ਨੇ ਉਦਘਾਟਨ ਲਈ ਆਉਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੀਬੀ ਰਾਜਿੰਦਰ ਕੌਰ ਸਾਡੇ ਕੋਲ ਆਏ। ਉਨ੍ਹਾਂ ਨੇ ਪਿੰਡ ‘ਚ ਇਕੱਠ ਕੀਤਾ ਤੇ ਕਿਹਾ ਕਿ ਮੈਨੂੰ ਟੌਹੜਾ ਸਾਹਬ ਨੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਟੌਹੜਾ ਸਾਹਬ ਦਾ ਹੁਕਮ ਹੋਇਆ ਹੈ ਕਿ ਅਸੀਂ ਸਭ ਨੇ ਮਿਲਕੇ ਕਪੂਰੀ ਵਿਖੇ ਮੋਰਚਾ ਲਗਾਉਣਾ ਹੈ ਤੇ ਗਾਂਧੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਾ ਹੈ।

ਉਸ ਸਮੇਂ ਉਨ੍ਹਾਂ ਨੇ ਮੈਨੂੰ ਪਿੰਡ ਕਪੂਰੀ ਦੀ ਪੰਚਾਇਤ ਨਾਲ ਗੱਲ ਕਰਨ ਲਈ ਕਿਹਾ। ਮੈਂ ਆਪਣੇ ਕੁਝ ਸਾਥੀਆਂ ਸਮੇਤ ਕਪੂਰੀ ਪਿੰਡ ਦੇ ਸਰਪੰਚ ਜਗਿੰਦਰ ਸਿੰਘ ਤੇ ਬਲਵੰਤ ਸਿੰਘ ਨਾਲ ਇਸ ਮੋਰਚੇ ਬਾਰੇ ਗੱਲ ਕੀਤੀ। ਇਹ ਦੋਵੇਂ ਸਰਪੰਚ ਅਕਾਲੀ ਸਨ। ਪਰ ਉਨ੍ਹਾਂ ਨੇ ਪਿੰਡ ਦੇ ਭਲੇ ਲਈ ਗਾਂਧੀ ਜੀ ਦਾ ਵਿਰੋਧ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਕਪੂਰੀ ਦੇ ਗੁਰਦੁਆਰਾ ਸਾਹਿਬ ‘ਚ ਇਕੱਠੇ ਹੋਏ। ਮਾਸਟਰ ਤਾਰਾ ਸਿੰਘ ਦੀ ਲੜਕੀ ਬੀਬੀ ਰਜਿੰਦਰ ਕੌਰ ਨੇ ਸਾਡੀ ਅਗਵਾਈ ਕੀਤੀ। ਬੀਬੀ ਰਾਜਿੰਦਰ ਕੌਰ ਨਾਲ ਹੋਰ ਵੀ ਕਈ ਬੀਬੀਆਂ ਨੇ ਇਸ ਮੋਰਚੇ ‘ਚ ਹਿੱਸਾ ਲਿਆ। ਅਸੀਂ ਲਗਭਗ 100 ਤੋਂ 150 ਬੰਦੇ ਬੀਬੀਆਂ ਨਾਲ ਮਿਲਕੇ ਗਾਂਧੀ ਜੀ ਦਾ ਵਿਰੋਧ ਕਰਨ ਲਈ ਉਨ੍ਹਾਂ ਵੱਲ ਵਧੇ। ਉਸ ਸਮੇਂ ਪੁਲਿਸ ਨੇ ਸਾਨੂੰ ਅੱਗੇ ਜਾਣ ਤੋਂ ਰੋਕ ਲਿਆ। ਕੁਝ ਸਮੇਂ ਬਾਅਦ ਇੰਦਰਾ ਗਾਂਧੀ ਵਾਪਿਸ ਚਲੇ ਗਏ।

ਸਵਾਲ : ਕਪੂਰੀ ਮੋਰਚੇ ਤੋਂ ਬਾਅਦ ਤੁਹਾਨੂੰ ਕਦੀ ਪੁਲਿਸ ਜਾਂ ਸੀਆਈਡੀ ਵਾਲਿਆ ਵੱਲੋਂ ਤੰਗ ਕੀਤਾ ਗਿਆ?

ਜਵਾਬ : ਪੁਲਿਸ ਕਈ ਵਾਰ ਜਾਂਚ ਪੜਤਾਲ ਕਰਨ ਲਈ ਰਾਜਪੁਰਾ ਆਈ ਸੀ। ਪਰ ਉਨ੍ਹਾਂ ਵੱਲੋਂ ਕਦੀ ਵੀ ਮੇਰੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ।

ਸਵਾਲ : ਤੁਹਾਡੇ ਪਿੰਡ ਲੋਹਸਿੰਬਲੀਦਾ ਇਤਿਹਾਸ ਕੀ ਰਿਹਾ ਹੈ?

- Advertisement -

ਜਵਾਬ : ਦਸਵੇਂ ਪਾਤਸ਼ਾਹ ਲੋਹਸਿੰਬਲੀ ਪਿੰਡ ‘ਚ ਤਿੰਨ ਦਿਨ ਰਹੇ ਸਨ ਤੇ ਗੁਰੂ ਸਾਹਿਬ ਨੇ ਇੱਥੇ ਲੰਗਰ ਚਲਾਇਆ। ਮਸੰਦਾਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਸੀ ਕਿ ਗੁਰੂ ਘਰ ਦੇ ਆਲੇ-ਦੁਆਲੇ ਕਾਫੀ ਅਬਾਦੀ ਹੈ ਜਿਸ ਕਾਰਨ ਗੁਰੂ ਘਰ ਲਈ ਥਾਂ ਬਹੁਤ ਘੱਟ ਹੈ। ਉਸ ਸਮੇਂ ਗੁਰੂ ਸਾਹਿਬ ਨੇ ਲੋਕਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਕਿਹਾ ਸੀ ਕਿ ਹੋਲੀ-ਹੋਲੀ ਗੁਰੂ ਘਰ ਦੇ ਆਲੇ-ਦੁਆਲੇ ਕਾਫੀ ਥਾਂ ਖਾਲੀ ਹੋ ਜਾਵੇਗੀ। ਸੋ ਅੱਜਕਲ੍ਹ ਕਈ ਲੋਕਾਂ ਨੇ ਤਾਂ ਆਪਣੀ ਥਾਂ(ਜਗ੍ਹਾ) ਗੁਰੂ ਘਰ ਨੂੰ ਦਾਨ ਕਰ ਦਿੱਤੀ ਤੇ ਕਈ ਘਰਾਂ ਨੇ ਆਪਣੀ ਥਾਂ(ਜਗ੍ਹਾ) ਪੈਸੇ ਲੈ ਕੇ ਗੁਰੂ ਘਰ ਨੂੰ ਵੇਚ ਦਿੱਤੀ। ਇੱਕ ਵਾਰ ਇੱਕ ਸਿੱਖ ਨੇ ਖੁਸ਼ੀ ‘ਚ ਗੁਰੂ ਘਰ ਇੱਕ ਸ਼ਤੀਰੀ(ਲਟੈਣ) ਭੇਟ ਕੀਤੀ ਸੀ। ਸ੍ਰੀ ਆਨੰਦਪੁਰ ਸਾਹਿਬ ਦੇ ਜੱਥੇਦਾਰ ਮਾਹਲੋ ਜਦੋਂ ਲੋਹਸਿੰਬਲੀ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਇਤਿਹਾਸਕ ਚੀਜ਼ ਭਾਵ ਸ਼ਤੀਰੀ(ਲਟੈਣ) ਉੱਤੇ ਕਵਰ ਚੜਾਇਆ ਜਾਵੇ। ਜਿਸ ਲਈ ਉਨ੍ਹਾਂ ਨੇ 1000 ਰੁ ਦਾਨ ਦਿੱਤਾ ਸੀ। ਅੱਜ ਵੀ ਉਹ ਸ਼ਤੀਰੀ(ਲਟੈਣ) ਉਸ ਕਵਰ ‘ਚ ਮੌਜੂਦ ਹੈ ਜੋ ਘੱਟਦੀ ਵੱਧਦੀ ਰਹਿੰਦੀ ਹੈ।

ਸਵਾਲ : ਲੀਡਰਾਂ ਦੇ ਦੋਗਲੇਪਣ ਦੀ ਨੀਤੀ ਦਾ ਲੋਕਾਂ ਨੂੰ ਕਦੋ ਸਮਝ ਆਈ?

ਜਵਾਬ : ਲਗਭਗ ਪੰਜ ਸੱਤ ਸਾਲਾਂ ਤੋਂ ਲੋਕਾਂ ਨੂੰ ਲੀਡਰਾਂ ਦੀ ਦੋਗਲੀ ਨੀਤੀ ਦੀ ਸਮਝ ਆ ਗਈ ਹੈ। ਪਹਿਲਾਂ ਲੋਕ ਅਕਾਲੀ ਦਲ ‘ਤੇ ਬਹੁਤ ਭਰੋਸਾ ਕਰਦੇ ਸੀ। ਲੋਕਾਂ ਦਾ ਕਹਿਣਾ ਸੀ ਕਿ ਅਸੀਂ ਸਿਰਫ ਪੰਥ ਨੂੰ ਹੀ ਵੋਟ ਪਾਉਣੀ ਹੋਰ ਕਿਸੇ ਨੂੰ ਵੋਟ ਨਹੀਂ ਪਾਉਣੀ। ਕਿਉਂਕਿ ਜਦੋਂ ਤੱਕ ਪੰਥ ‘ਚ ਗੁਰਚਰਨ ਸਿੰਘ ਟੌਹੜਾ ਰਹੇ ਤਦ ਤੱਕ ਲੋਕ ਪੰਥ ਦੇ ਨਾਲ ਜੁੜੇ ਰਹੇ। ਦੂਜੇ ਪਾਸੇ ਬਾਦਲ ਸਾਹਬ ਤਾਂ ਰਾਜਨੀਤੀ ਨਾਲ ਜ਼ਿਆਦਾ ਜੁੜੇ ਹੋਏ ਹਨ ‘ਤੇ ਜ਼ਿਆਦਾਤਰ ਸਿਆਸਤ ਹੀ ਕਰਦੇ ਸਨ। ਇਸ ਲਈ ਲੋਕਾਂ ਨੂੰ ਹੁਣ ਲੀਡਰਾਂ ਦੀ ਦੋਗਲੀ ਨੀਤੀ ਦਾ ਪਤਾ ਲੱਗ ਚੁੱਕਾ ਹੈ।

ਸਵਾਲ : ਕਪੂਰੀ ਮੋਰਚੇ ਮੌਕੇ ਅਕਾਲੀ ਦਲ ਤੇ ਮਾਰਕਸਵਾਦੀਆਂ ਨੇ ਲੋਕਾਂ ਨੂੰ ਕਿਸ ਤਰ੍ਹਾਂ ਇਕੱਠੇ ਕੀਤਾ?

ਜਵਾਬ : ਪਹਿਲੀ ਗੱਲ ਤਾਂ ਇਹ ਕਿ ਉਸ ਸਮੇਂ ਲੋਕਾਂ ਦੇ ਮਨਾਂ ਅੰਦਰ ਪੰਥ ਪ੍ਰਤੀ ਬਹੁਤ ਪਿਆਰ ਸੀ, ਇਸ ਲਈ ਲੋਕ ਪੰਥ(ਗੁਰੂ ਸਾਹਿਬ)ਨਾਲ ਵੱਡੀ ਗਿਣਤੀ ‘ਚ ਜੁੜੇ ਹੋਏ ਸਨ। ਇਸ ਲਈ ਮਾਰਕਸਵਾਦੀ ਤੇ ਅਕਾਲੀ ਦਲ ਦਾ ਕਪੂਰੀ ਮੋਰਚੇ ਮੌਕੇ ਸਮਝੌਤਾ ਹੋਇਆ। ਦੂਜਾ ਕਾਰਨ ਸੀ ਕਿ ਉਸ ਸਮੇਂ ਬਹੁਤ ਸਾਰੇ ਲੋਕ ਕਾਂਗਰਸ ਪਾਰਟੀ ਦੀ ਰਣਨੀਤੀ ਦੇ ਵਿਰੁੱਧ ਸਨ। ਕਿਉਂਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ, ਇਸ ਲਈ ਜ਼ਿਆਦਾਤਰ ਲੋਕ ਕਾਂਗਰਸ ਪਾਰਟੀ ਦੇ ਵਿਰੁੱਧ ਸਨ। ਅੱਜ ਵੀ ਬਹੁਤ ਸਾਰੇ ਲੋਕ ਪੰਥ ਦੇ ਨਾਅ, ਗੁਰੂ ਸਾਹਿਬ ਦੇ ਨਾਅ ਤੇ ਤੱਕੜੀ(ਅਕਾਲੀ ਦਲ) ਨੂੰ ਵੋਟ ਪਾਉਂਦੇ ਹਨ।

ਸਵਾਲ : “ਰੇਲ ਰੋਕੋਮੋਰਚਾ ਕਦੋ ਲੱਗਿਆ ਇਹ ਮੋਰਚਾ ਕਿਉਂ ਲਗਾਇਆ ਗਿਆ ਤੇ ਉਸ ਮੋਰਚੇ ਕਿਸ ਕਿਸ ਦੀ ਭੂਮਿਕਾ ਰਹੀ?

ਜਵਾਬ : ਇਸ ਮੋਰਚੇ ‘ਚ ਅਸੀਂ ਪਿੰਡ ਤੋਂ ਟਰਾਲੀ ਭਰ ਕੇ ਆਏ। ਸਾਡੇ ਤੋਂ ਬਿਨ੍ਹਾ ਹੋਰ ਵੀ ਬਹੁਤ ਸਾਰੇ ਲੋਕ ਇਸ ਮੋਰਚੇ ‘ਚ ਪਹੁੰਚੇ। ਜਦੋਂ ਅਸੀਂ ਰਾਜਪੁਰਾ ਸ਼ਹਿਰ ਦੀ ਸਾਗਰ ਫੈਕਟਰੀ ਕੋਲ ਧਰਨੇ ‘ਤੇ ਬੈਠੇ ਤਾਂ ਉਸ ਦੌਰਾਨ ਸਾਡਾ ਇੱਕ ਸਾਥੀ ਦਲੇਰ ਸਿੰਘ ਗੋਲੀ ਲੱਗਣ ਕਾਰਨ ਜਖਮੀ ਵੀ ਹੋ ਗਿਆ ਸੀ। ਮੋਰਚੇ ਦੀ ਸ਼ੁਰੂਆਤ ਬਲਬੀਰ ਸਿੰਘ ਚਮਿਆਰੂ ਨੇ ਕੀਤੀ ਤੇ ਇਸ ਮੋਰਚੇ ਲਈ ਸਾਨੂੰ ਜਸਦੇਵ ਸਿੰਘ ਸੰਧੂ(ਐੱਮਐੱਲਏ) ਵੱਲੋਂ ਸੁਨੇਹਾ ਲਗਾਇਆ ਗਿਆ, ਜਿਸ ਕਾਰਨ ਅਸੀਂ ਇਸ ਮੋਰਚੇ ‘ਚ ਸ਼ਮੂਲੀਅਤ ਕੀਤੀ। ਇਹ ਮੋਰਚਾ ਵੀ ਪੰਜਾਬ ਦੀਆਂ ਮੰਗਾਂ ਨੂੰ ਮਨਵਾਉਣ ਲਈ ਲਗਾਇਆ ਗਿਆ ਸੀ।

ਸਵਾਲ : ਅਕਾਲੀ ਦਲ ਵੱਲੋਂ ਪੰਚਾਇਤਾਂ ਨੂੰ ਅਸਤੀਫਾ ਦੇਣ ਲਈ ਕਿਹਾ ਜਾਂਦਾ, ਇਸ ਪਿੱਛੇ ਕੀ ਕਾਰਨ ਸੀ?

ਜਵਾਬ : ਜੀ ਹਾਂ। ਉਸ ਸਮੇਂ ਅਕਾਲੀ ਦਲ ਵੱਲੋਂ ਪੰਚਾਇਤਾਂ ਤੇ ਪੰਚਾਇਤ ਮੈਂਬਰਾਂ ਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਅਕਾਲੀ ਦਲ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ(ਕਾਂਗਰਸ ਪਾਰਟੀ) ਵੱਲੋਂ ਸਾਡੀ ਤੇ ਪੰਚਾਇਤੀ ਮੈਂਬਰਾਂ ਦੀ ਅਵਾਜ ਨਹੀਂ ਸੁਣੀ ਜਾ ਰਹੀ। ਇਸ ਮੌਕੇ ਮੈਂ ਤੇ ਸਾਡੇ ਪਿੰਡ ਦੇ ਸਰਪੰਚ ਦੀਪ ਚੰਦ ਨੇ ਵੀ ਆਪਣੇ ਪੰਚਾਇਤ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਿਨ੍ਹਾ ਹੋਰ ਵੀ ਕਈ ਮੈਂਬਰਾਂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ।

ਦੱਸਣਯੋਗ ਹੈ ਕਿ ਇਸ ਸਭ ਦਾ ਪੰਜਾਬ ਤੇ ਸਾਡੇ ਇਲਾਕੇ ਨੂੰ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ ਕਾਂਗਰਸ ਪਾਰਟੀ ਤੇ ਅਕਾਲੀ ਦਲ ਪਾਰਟੀ ਜਦੋਂ ਵੀ ਸੱਤਾ ‘ਚ ਆਉਂਦੀਆਂ ਹਨ, ਬਸ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਹਮੇਸਾ ਹੀ ਝੂਠ ਬੋਲਦੀਆਂ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ (ਐੱਮਐੱਲਏ) ਮਦਨ ਲਾਲ ਤੇ ਅਕਾਲੀ ਪਾਰਟੀ ਦੀ ਸਾਬਕਾ ਐੱਮਐੱਲਏ ਬੀਬੀ ਮੁਖਮੇਲਪੁਰ ਨਾਲ ਪਾਣੀ ਦੀ ਸਮੱਸਿਆ ਬਾਰੇ ਗੱਲ ਕੀਤੀ ਗਈ ਹੈ ਪਰ ਹੁਣ ਤੱਕ ਕਿਸੇ ਵੀ ਪਾਰਟੀ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਸਵਾਲ : ਉਸ ਸਮੇਂ ਤੋਂ ਲੈ ਕੇ ਹੁਣ ਤੱਕ ਵੱਖਵੱਖ ਪਾਰਟੀਆਂ ਵੱਲੋਂ ਕਪੂਰੀ ਮੋਰਚੇ ਪ੍ਰਤੀ ਧਰਨੇ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਕਿ 2016 ‘ ਆਮ ਆਦਮੀ ਪਾਰਟੀ ਨੇ ਵੀ ਧਰਨਾ ਲਗਾਇਆ? ਇਸ ਸਭ ਪਿੱਛੇ ਕੀ ਕਾਰਨ ਹੈ

ਜਵਾਬ : 2016 ‘ਚ ਜਦੋਂ ਆਮ ਆਦਮੀ ਪਾਰਟੀ ਨੇ ਧਰਨਾ ਲਗਾਇਆ ਸੀ ਤਾਂ ਅਸੀਂ ਉਸ ਧਰਨੇ ‘ਚ ਨਹੀਂ ਗਏ ਸੀ। ਬਾਕੀ ਇਨ੍ਹਾਂ ਪਾਰਟੀਆਂ ਦੀ ਦੋਗਲੀ ਨੀਤੀ ਤੇ ਭ੍ਰਿਸਟ ਰਾਜਨੀਤੀ ਕਰਕੇ ਅਸੀਂ ਹੁਣ ਇਨ੍ਹਾਂ ਪਾਰਟੀਆਂ ਦੇ ਧਰਨਿਆਂ ‘ਚ ਜਾਣਾ ਛੱਡ ਦਿੱਤਾ ਹੈ। ਕਿਉਂਕਿ ਇਨ੍ਹਾਂ ਪਾਰਟੀਆਂ ਨੇ ਲੋਕਾਂ ਨੂੰ ਸੱਚ ਘੱਟ ਤੇ ਝੂਠ ਜ਼ਿਆਦਾ ਬੋਲਿਆ ਹੈ। ਇਸ ਤੋਂ ਬਾਅਦ ਮੈਂ ਕਿਸਾਨ ਯੂਨੀਅਨ ‘ਚ ਸ਼ਾਮਿਲ ਹੋ ਗਿਆ ਤੇ ਕਈ ਸਾਲ ਤੋਂ ਕਿਸਾਨ ਯੂਨੀਅਨ ‘ਚ ਕੰਮ ਕੀਤਾ।

ਸਵਾਲ : ਤੁਹਾਡੇ ਇਲਾਕੇ ਐੱਸਵਾਈਐੱਲ(SYL) ਕਾਰਨ ਕਿਸਾਨਾਂ ਦਾ ਕੀ ਨੁਕਸਾਨ ਹੋਇਆ ਹੈ?

ਜਵਾਬ : ਸਾਡੇ ਇਲਾਕੇ ਦੇ ਤਕਰੀਬਨ 16 ਪਿੰਡਾਂ ‘ਚ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ। ਜੇਕਰ ਐੱਸਵਾਈਐੱਲ ਨਹਿਰ ਨਿਕਲਦੀ ਹੈ ਤੇ ਇਸ ਨਹਿਰ ਤੋਂ ਇਨ੍ਹਾਂ ਪਿੰਡਾਂ ਨੂੰ ਪਾਣੀ ਮਿਲਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਪਰ ਫਾਇਦਾ ਤਾਂ ਹੋ ਸਕਦਾ ਹੈ ਜੇਕਰ ਇਸ ਦੇ ਨਿਕਲਣ ਤੋਂ ਬਾਅਦ ਸਾਨੂੰ ਪਾਣੀ ਮਿਲਦਾ ਹੈ ਜੇਕਰ ਪਾਣੀ ਨਹੀਂ ਮਿਲਦਾ ਤਾਂ ਕਿਸਾਨਾਂ ਨੂੰ ਇਸਦਾ ਕੋਈ ਫਾਇਦਾ ਨਹੀਂ ਹੋਣਾ।

ਸਵਾਲ : ਤੁਸੀਂ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਦੀ ਵਿਚਾਰਧਾਰਾ ਕੀ ਫਰਕ ਦੇਖਿਆ ਹੈ?

ਜਵਾਬ : ਮੈਂ ਕਈ ਮੋਰਚਿਆਂ ‘ਤੇ ਟੌਹੜਾ ਸਾਹਬ ਨਾਲ ਰਿਹਾ ਹਾਂ ਤੇ ਉਨ੍ਹਾਂ ਨਾਲ ਮਿਲਕੇ ਕੰਮ ਵੀ ਕੀਤਾ ਹੈ। ਦੂਜੀ ਗੱਲ ਬਾਦਲ ਸਾਹਬ ਨਾਲ ਮੇਰੀ ਕਦੀ ਵੀ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਮੈਂ ਕਦੀ ਉਨ੍ਹਾਂ ਨੂੰ ਮਿਲਿਆ ਹਾਂ। ਦੂਜੀ ਗੱਲ ਅਸੀਂ ਸਿਰਫ ਟੌਹੜਾ ਸਾਹਿਬ ਨੂੰ ਹੀ ਇੱਕ ਸੱਚਾ, ਇਮਾਨਦਾਰ ਤੇ ਪੰਥ(ਸਿੱਖਾਂ) ਦੀ ਗੱਲ ਕਰਨ ਵਾਲਾ ਲੀਡਰ ਗਿਣਿਆ ਹੈ।

Share this Article
Leave a comment