ਪੰਚਕੂਲਾ ਦੀ ਮਾਤਾ ਮਨਸਾ ਦੇਵੀ ਗੋਧਾਮ ਗਊਸ਼ਾਲਾ ਵਿੱਚ 70 ਪਸ਼ੂਆਂ ਦੀ ਮੌਤ

TeamGlobalPunjab
2 Min Read

 

ਪੰਚਕੂਲਾ: ਇਥੇ ਲਗਪਗ 70 ਪਸ਼ੂਆਂ ਦੇ ਮਰਨ ਦੀ ਬਹੁਤ ਦਰਦਨਾਕ ਘਟਨਾ ਵਾਪਰ ਗਈ ਹੈ। ਇਹ ਘਟਨਾ ਮਾਤਾ ਮਨਸਾ ਦੇਵੀ ਗੋਧਾਮ ਗਊਸ਼ਾਲਾ ਵਿੱਚ ਕਥਿਤ ਜ਼ਹਿਰੀਲੇ ਚਾਰੇ ਦੇ ਖਾਣ ਕਾਰਨ 28 ਅਕਤੂਬਰ (ਬੁੱਧਵਾਰ) ਸਵੇਰੇ ਵਾਪਰੀ। ਸੂਤਰਾਂ ਦੇ ਹਵਾਲੇ ਨਾਲ 70 ਤੋਂ ਵੱਧ ਗਊਂਆਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਬਹੁਤੇ ਪਸ਼ੂਆਂ ਦੀ ਹਾਲਤ ਗੰਭੀਰ ਹੈ। ਇਸ ਘਟਨਾ ਦਾ ਪਤਾ ਲੱਗਣ ‘ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਪੰਚਕੂਲਾ ਦੇ ਡੀ ਸੀ ਮੁਕੇਸ਼ ਕੁਮਾਰ ਅਹੂਜਾ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਸਪੀਕਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਕਮੇਟੀ ਵਿੱਚ ਜ਼ਿਲ੍ਹਾ ਪਰਿਸ਼ਦ ਪ੍ਰਧਾਨ ਰੀਤੂ ਸਿੰਗਲਾ, ਡੀਐੱਸਪੀ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਹਰਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀ ਟੀਮ ਰੋਜ਼ ਪੰਚਕੂਲਾ ਜ਼ਿਲ੍ਹੇ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਜਾ ਕੇ ਚਾਰੇ ਦੀ ਜਾਂਚ ਕਰੇਗੀ। ਵੈਟਰਨਰੀ ਟੀਮ ਦਾ ਮੰਨਣਾ ਹੈ ਕਿ ਪਸ਼ੂਆਂ ਦੀ ਮੌਤ ਜ਼ਹਿਰੀਲੀ ਖਾਣ ਚੀਜ਼ ਕਾਰਨ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਊਆਂ ਦੇ ਮੂੰਹ, ਕੰਨ, ਅੱਖਾਂ ਅਤੇ ਨੱਕ ਵਿਚੋਂ ਲਹੂ ਵਹਿ ਰਿਹਾ ਸੀ। ਟੀਮ ਨੇ ਚਾਰੇ ਅਤੇ ਮਰੇ ਪਸ਼ੂਆਂ ਦੇ ਨਮੂਨੇ ਲੈ ਲਏ ਹਨ। ਹਰਿਆਣਾ ਦੇ ਡਿਪਟੀ ਡਾਇਰੈਕਟਰ ਵੈਟਰਨਰੀ ਵਿਭਾਗ ਡਾ. ਅਨਿਲ ਕੁਮਾਰ ਦਾ ਵੀ ਮੰਨਣਾ ਹੈ ਕਿ ਜ਼ਹਿਰੀਲੇ ਚਾਰੇ ਕਾਰਨ ਪਸ਼ੂਆਂ ਦੀ ਮੌਤ ਹੋਣ ਦੀ ਸੰਭਾਵਨਾ ਹੈ।

Share this Article
Leave a comment