ਗੁਜਰਾਤ ‘ਚ ਲੋਕਾਂ ਦੀ ਭੀੜ ਨੂੰ ਦੇਖਦਿਆਂ ਮਾਨ ਨੇ ਕਿਹਾ, ‘ਸੱਚ ਕਹਾਂ ਤਾਂ ਮੈਂ ਪੰਜਾਬ ਵਿਚ ਵੀ ਅਜਿਹਾ ਮਾਹੌਲ ਨਹੀਂ ਦੇਖਿਆ’

Prabhjot Kaur
5 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਚੈਤਰ ਵਸਾਵਾ ਦੇ ਹੱਕ ਵਿੱਚ ‘ਜਨ ਆਸ਼ੀਰਵਾਦ ਯਾਤਰਾ’ ਕੱਢੀ।

ਯਾਤਰਾ ਦੌਰਾਨ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ। ਲੱਖਾਂ ਦੀ ਭੀੜ ਨੂੰ ਦੇਖ ਕੇ ਮਾਨ ਨੇ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ ਸੁਨਾਮੀ ਹੈ। ਸੱਚ ਕਹਾਂ ਤਾਂ ਮੈਂ ਪੰਜਾਬ ਵਿਚ ਵੀ ਅਜਿਹਾ ਮਾਹੌਲ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਚੈਤਰ ਵਸਾਵਾ ਦੀ ਜਿੱਤ 100 ਫ਼ੀਸਦੀ ਪੱਕੀ ਹੈ, ਇਸ ਦਾ ਐਲਾਨ ਹੋਣਾ ਬਾਕੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ।ਇਸੇ ਲਈ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਨੇ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾ ਕੇ ਗ੍ਰਿਫ਼ਤਾਰ ਕਰ ਲਿਆ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ। ਦੇਸ਼ ਵਿੱਚ ਇੱਕ ਹੀ ਨੇਤਾ ਹੈ, ਜੋ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਸਕਦਾ ਹੈ, ਉਹ ਹੈ ਅਰਵਿੰਦ ਕੇਜਰੀਵਾਲ।

ਮਾਨ ਨੇ ਕਿਹਾ ਕਿ ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਹੈ, ਪਰ ਉਹ ਉਨ੍ਹਾਂ ਨੂੰ ਰੋਕ ਨਹੀਂ ਸਕਦੀ ਕਿਉਂਕਿ ਅਰਵਿੰਦ ਕੇਜਰੀਵਾਲ ਸਿਰਫ਼ ਇਕ ਵਿਅਕਤੀ ਨਹੀਂ, ਉਹ ਇਕ ਵਿਚਾਰ ਹਨ। ਤੁਸੀਂ ਕੇਜਰੀਵਾਲ ਦੇ ਸ਼ਰੀਰ ਨੂੰ ਅੰਦਰ ਕਰ ਸਕਦੇ ਹੋ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ?

- Advertisement -

ਮਾਨ ਨੇ ਕਿਹਾ ਕਿ ਭਾਜਪਾ ਨੇ ਚੈਤਰ ਭਾਈ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਮੈਂ ਉਨ੍ਹਾਂ ਨੂੰ ਜੇਲ੍ਹ ਵਿਚ ਮਿਲਣ ਗਿਆ ਸੀ। ਭਾਜਪਾ ਵਾਲਿਆਂ ਨੂੰ ਲੱਗ ਰਿਹਾ ਸੀ ਕਿ ਉਹ ਵਾਪਸ ਨਹੀਂ ਆਉਣਗੇ। ਪਰ ਉਹ ਵਾਪਸ ਵੀ ਆਏ ਅਤੇ ਢੁਕਵਾਂ ਜਵਾਬ ਵੀ ਦੇਣਗੇ।

ਉਨ੍ਹਾਂ ਕਿਹਾ ਕਿ ਉੱਪਰ ਵਾਲਾ ਸਭ ਦੇਖ ਰਿਹਾ ਹੈ। ਜਦੋਂ ਜ਼ੁਲਮ ਵਧਦਾ ਹੈ ਤਾਂ ਰੱਬ ਉਸ ਦੀ ਸਫ਼ਾਈ ਜਰੂਰ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਨੂੰ 7 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਜਵਾਬ ਦੇਣਾ ਹੈ। ਭਾਜਪਾ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਤਬਾਹ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇੱਥੇ ਆਮ ਲੋਕ ਹੀ ਆਉਂਦੇ ਹਨ। ਆਮ ਆਦਮੀ ਪਾਰਟੀ ਕੋਲ ਪੰਜਾਬ ਦੀਆਂ 117 ਵਿੱਚੋਂ 92 ਸੀਟਾਂ ਹਨ, ਜਿਨ੍ਹਾਂ ਵਿੱਚੋਂ 80 ਵਿਧਾਇਕ ਪਹਿਲੀ ਵਾਰ ਬਣੇ ਹਨ, ਜਿੰਨਾਂ ਦੀ ਉਮਰ 28 ਤੋਂ 29 ਸਾਲ ਦੀ ਹੈ ਅਤੇ ਉਹ ਆਮ ਪਰਿਵਾਰਾਂ ਨਾਲ ਸਬੰਧਿਤ ਹਨ। ਜਿੰਨਾਂ ਨੇ ਪੰਜਾਬ ਦੇ ਸਾਰੇ ਮਹਾਰਥਿਆਂ ਨੂੰ ਹਰਾ ਦਿੱਤਾ। ਭਗਵੰਤ ਮਾਨ ਨੇ ਕਿਹਾ ਕਿ ਇਹ ਲੋਕਤੰਤਰ ਹੈ, ਜਦੋਂ ਜਨਤਾ ਚਾਹੁੰਦੀ ਹੈ, ਆਦਮੀ ਅਰਸ਼ ‘ਤੇ ਅਤੇ ਜਦੋਂ ਜਨਤਾ ਚਾਹੁੰਦੀ ਹੈ, ਆਦਮੀ ਫ਼ਰਸ਼ ‘ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਭਾਜਪਾ ਇਸ ਨੂੰ ਨਹੀਂ ਸਮਝ ਰਹੀ ਹੈ। ਪਰ ਇਸ ਚੋਣ ਵਿੱਚ ਜਨਤਾ ਭਾਜਪਾ ਨੂੰ ਆਪਣੀਆਂ ਵੋਟਾਂ ਨਾਲ ਮੂੰਹ ਤੋੜਵਾਂ ਜਵਾਬ ਜਰੂਰ ਦੇਵੇਗੀ।

ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਇੱਕ ਹੀ ਨੇਤਾ ਹੈ ਅਰਵਿੰਦ ਕੇਜਰੀਵਾਲ, ਜੋ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਚੁਣੌਤੀ ਦੇ ਸਕਦਾ ਹੈ। ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ। ਇਸੇ ਲਈ ਭਾਜਪਾ ਨੇ ਇੱਕ ਸਾਜ਼ਿਸ਼ ਦੇ ਤਹਿਤ ਕੇਜਰੀਵਾਲ ਨੂੰ ਝੂਠੇ ਕੇਸ ਵਿੱਚ ਫਸਾ ਕੇ ਗ੍ਰਿਫ਼ਤਾਰ ਕਰਵਾਇਆ ਹੈ ਤਾਂ ਜੋ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ।

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਇਹੀ ਗ਼ਲਤੀ ਸੀ ਕਿ ਉਨ੍ਹਾਂ ਨੇ ਗ਼ਰੀਬਾਂ ਦੇ ਇਲਾਜ ਲਈ ਮੁਹੱਲਾ ਕਲੀਨਿਕ ਬਣਾਏ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰੀ। ਉਨ੍ਹਾਂ ਨੇ ਗ਼ਰੀਬ ਬੱਚਿਆਂ ਦੀ ਪੜ੍ਹਾਈ ਲਈ ਦਿੱਲੀ ਵਿੱਚ ਚੰਗੇ ਸਰਕਾਰੀ ਸਕੂਲ ਬਣਾਏ। ਉਨ੍ਹਾਂ ਨੇ ਬਿਜਲੀ ਅਤੇ ਪਾਣੀ ਮੁਫ਼ਤ ਕਰ ਦਿੱਤਾ, ਜਿਸ ਕਾਰਨ ਆਮ ਲੋਕਾਂ ਨੂੰ ਆਰਥਿਕ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ।

- Advertisement -

ਮਾਨ ਨੇ ਕਿਹਾ ਕਿ ਅੱਜ ਗੁਜਰਾਤ ਦੇ ਭਰੂਚ ਰੋਡ ਸ਼ੋਅ ਦੀ ਇਹ ਤਸਵੀਰ ਇਸ ਗੱਲ ਦੀ ਗਵਾਹ ਹੈ ਕਿ ਇਸ ਵਾਰ ਲੋਕ ਝਾੜੂ ਚਲਾਉਣ ਲਈ ਤਿਆਰ ਬਰ-ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਕਿ 45 ਡਿਗਰੀ ਤਾਪਮਾਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਨੂੰ ਉਹਨਾਂ ਦੀਆਂ ਸਾਰੀਆਂ ਕਰਤੂਤਾਂ ਦਾ ਮੂੰਹ ਤੋੜਵਾਂ ਜਵਾਬ ਮਿਲੇਗਾ। ਭਰੂਚ ਅਤੇ ਗੁਜਰਾਤ ਦੇ ਲੋਕ ਭਾਜਪਾ ਦੇ ਲੋਕਾਂ ਤੋਂ ਬਹੁਤ ਤੰਗ ਆ ਚੁੱਕੇ ਹਨ। ਇਸ ਵਾਰ ਜਨਤਾ ਈਵੀਐਮ ‘ਤੇ ਆਪਣਾ ਗ਼ੁੱਸਾ ਕੱਢਣ ਲਈ ਤਿਆਰ ਹੈ।

Share this Article
Leave a comment