ਪੁੱਤਰ ਨੂੰ ਮਿਲਣ ਦੁਬਈ ਗਏ ਪੰਜਾਬੀ ਦੀ ਵਿਗੜੀ ਸਿਹਤ, ਹਸਪਤਾਲ ਦਾ ਬਿੱਲ ਅਠਾਰਾਂ ਲੱਖ ਨੂੰ ਟੱਪਿਆ

Prabhjot Kaur
2 Min Read

ਦੁਬਈ: ਪੰਜਾਬ ਨਾਲ ਸਬੰਧਤ 66 ਸਾਲਾ ਸੁਰਿੰਦਰ ਨਾਥ ਖੰਨਾ ਆਪਣੇ ਪੁੱਤਰ ਅਭਿਨਵ ਖੰਨਾ ਨੂੰ ਮਿਲਣ ਦੁਬਈ ਗਏ, ਪਰ ਗੰਭੀਰ ਰੂਪ ਵਿਚ ਬਿਮਾਰ ਹੋ ਗਏ। ਹੁਣ ਹਾਲਾਤ ਇਹ ਹਨ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਦੀ ਸਾਰੀ ਜ਼ਿੰਦਗੀ ਦੀ ਬੱਚਤ ਖਰਚਣ ਤੇ ਕਰਜ਼ ਚੁੱਕਣ ਮਗਰੋਂ ਵੀ ਹਸਪਤਾਲ ਦਾ ਬਿਲ ਇੱਕ ਲੱਖ ਦਰਾਮ ਭਾਵ 18 ਲੱਖ ਰੁਪਏ ਬਕਾਇਆ ਹੈ ਅਤੇ ਪਿਤਾ ਦੇ ਇਲਾਜ ‘ਤੇ ਹਰ ਰੋਜ਼ ਤਿੰਨ ਲੱਖ ਰੁਪਏ ਦਾ ਖਰਚ ਆ ਰਿਹਾ ਹੈ। ਅਭਿਨਵ ਖੰਨਾ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਇੱਥੇ ਉਸ ਨੂੰ ਮਿਲਣ ਲਈ ਆਏ ਸਨ। ਅਗਲੇ ਹੀ ਦਿਨ ਸੁਰਿੰਦਰ ਖੰਨਾ ਨੂੰ ਫੇਫੜਿਆਂ ਦੀ ਇਨਫੈਕਸ਼ਨ ਬਾਰੇ ਪਤਾ ਲੱਗਾ ਪਰ ਹੁਣ ਉਨ੍ਹਾਂ ਦੇ ਕਈ ਅੰਗ ਕੰਮ ਨਹੀਂ ਕਰਦੇ ਭਾਵ ਉਹ ਮਲਟੀ ਆਰਗੈਨ ਫੇਲੀਅਰ ਤੋਂ ਪੀੜਤ ਹਨ।

ਸੁਰਿੰਦਰ ਖੰਨਾ ਦੇ ਇਲਾਜ ਦਾ ਰੋਜ਼ਾਨਾ ਬਿਲ ਤਿੰਨ ਲੱਖ ਰੁਪਏ ਵਧ ਰਿਹਾ ਹੈ। ਉਸ ਦੇ ਪੁੱਤਰ ਅਨੁਭਵ ਦੇ ਕੋਲ ਕਿਸੇ ਪ੍ਰਕਾਰ ਦੀ ਟਰੈਵਲਿੰਗ ਜਾਂ ਮੈਡੀਕਲ ਇੰਸ਼ੋਰੈਂਸ ਨਹੀਂ ਹੈ ਇਸ ਸਮੇਂ ਅਠਾਰਾਂ ਲੱਖ ਰੁਪਏ ਦਾ ਬਿਲ ਅਦਾ ਹੋਣ ਤੋਂ ਰਹਿੰਦਾ ਹੈ। ਪੀੜਤ ਪਰਿਵਾਰ ਨੇ ਪੰਜਾਬੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਅਭਿਨਵ ਅਨੁਸਾਰ ਜਦੋਂ ਉਸ ਦੇ ਮਾਪੇ ਇੱਥੇ ਪੁੱਜੇ ਤਾਂ ਉਸ ਦੇ ਪਿਤਾ ਨੂੰ ਸਾਹ ਕੁਝ ਔਖਾ ਆਉਂਦਾ ਸੀ ਪਰ ਸਿਹਤ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਲੱਗਦੀ ਸੀ ਪਰ ਜਦੋਂ ਸਵੇਰੇ ਸਾਹ ਆਉਣ ਵਿਚ ਮੁਸ਼ਕਿਲ ਆਉਣ ਲੱਗੀ ਤਾਂ ਉਸ ਨੇ ਐਂਬੂਲੈਂਸ ਬੁਲਾਈ। ਅਭਿਨਵ 11 ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ।

ਖੰਨਾ ਦੀ ਮੈਡੀਕਲ ਜਾਂਚ ਤੋਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਫੇਫੜਿਆਂ ਦੀ ਇਨਫੈਕਸ਼ਨ ਹੈ ਅਤੇ ਸਰੀਰ ਦੇ ਅੰਗਾਂ ਦਾ ਰੰਗ ਬਦਲਣ ਲੱਗਾ ਹੈ। ਸੁਰਿੰਦਰ ਦਾ ਖੱਬਾ ਹੱਥ ਕੱਟਣਾ ਪੈ ਗਿਆ ਹੈ ਤੇ ਸੱਜੀ ਲੱਤ ਵੀ ਕੱਟਣੀ ਪੈ ਸਕਦੀ ਹੈ। ਯੂਏਈ ਵਿਚ ਭਾਰਤ ਦੇ ਕਾਰਜਕਾਰੀ ਕੌਂਸਲ ਜਨਰਲ ਨੀਰਜ ਅਗਰਵਾਲ ਨੇ ਭਾਰਤੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਅਭਿਨਵ ਦੀ ਮਦਦ ਲਈ ਸੋਸ਼ਲ ਮੀਡੀਆ ‘ਤੇ ਦਾਨ ਇਕੱਠਾ ਕਰਨ ਦੀ ਮੁਹਿੰਮ ਜਾਰੀ ਹੈ।

Share this Article
Leave a comment