ਲੁਧਿਆਣਾ: ਲੁਧਿਆਣਾ ‘ਚ ਦੇਰ ਰਾਤ ਪੰਜਾਬ ਪੁਲਿਸ ਦੇ ਕ੍ਰਇਮ ਯੂਨਿਟ ਵਲੋਂ ਲੁਧਿਆਣਾ ਦੇ ਡੇਹਲੋਂ ‘ਚ ਇਕ ਮੁਕਾਬਲੇ ਦੌਰਾਨ ਅਮਰਬੀਰ ਸਿੰਘ ਉਰਫ ਲਾਲੀ ਚੀਮਾ ਕਾਬੂ ਕਰ ਲਿਆ ਗਿਆ। ਇਸ ਦੇ ਨਾਲ ਉਸ ਦਾ ਇਕ ਸਾਥੀ ਕੁਲਦੀਪ ਕਾਲਾ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਤੋਂ ਪੁਲਿਸ ਨੇ ਦੋ 30 mm ਦੇ ਪਿਸਟਲ ਵੀ ਬਰਾਮਦ ਕੀਤੇ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਦੀ ਗੱਡੀ ਦਾ ਪਿੱਛਾ ਕੀਤਾ ਸੀ ਜਿਸ ਦੌਰਾਨ ਪੁਲਿਸ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਗੈਂਗਸਟਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਜਵਾਬੀ ਫਾਇਰਿੰਗ ‘ਚ ਲਾਲੀ ਚੀਮਾ ਦੀ ਲੱਤ ਤੇ ਗੋਲੀ ਲੱਗੀ ਜਿਸ ਨੂੰ ਡੇਹਲੋਂ ਦੇ ਸਰਕਾਰੀ ਹਸਪਤਾਲ ਚ ਲਿਆਂਦਾ ਗਿਆ। ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਡੀਐਮਸੀ ਚ ਰੇਫਰ ਕਰ ਦਿਤਾ ਗਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਦਾ ਪਟਿਆਲਾ ਤੇ ਜੀਰਕਪੁਰ ‘ਚ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ ਸੀ ਜਦਕਿ ਪੁਲਿਸ ਨੇ ਪਟਿਆਲਾ ‘ਚ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਜੀਰਕਪੁਰ ਮੁਕਾਬਲੇ ਦੌਰਾਨ ਪੁਲਿਸ ਨੇ ਇਕ ਗੈਂਗਸਟਰ ਨੂੰ ਮਾਰ ਮੁਕਾਇਆ ਸੀ।
ਗੈਂਗਸਟਰ ਅਮਨਬੀਰ ਉਰਫ ਲਾਲੀ ਚੀਮਾ ਪੰਜਾਬ ਦੇ ਵੱਖੋ-ਵੱਖ 10 ਵੱਡੇ ਕੇਸਾਂ ਵਿਚ ਲਾਲੀ ਚੀਮਾ ਦੀ ਸ਼ਮੂਲਿਅਤ ਸੀ। ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਨੂੰ ਧਮਕੀ ਦੇਣ ਵਾਲੇ ਅਮਨਬੀਰ ਚੀਮਾ ਉਰਫ਼ ਲਾਲੀ ਚੀਮਾ ਨਾਲ ਪੁਲਿਸ ਦਾ ਮੁਕਾਬਲਾ ਹੋਇਆ। ਉਸ ਵੇਲੇ ਲੁਧਿਆਣਾ ਦੇ ਡੇਹਲੋਂ ਵਿਖੇ ਲੋਕਾਂ ‘ਚ ਗੋਲੀਆਂ ਦੀ ਅਵਾਜ਼ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ।