-ਅਵਤਾਰ ਸਿੰਘ
ਬੰਗਾ: ਵਿਸ਼ਵ ਪੱਧਰ ‘ਤੇ ਫੈਲੇ ਕਰੋਨਾਵਾਇਰਸ ਨੇ ਕਿਸਾਨਾਂ ਦੇ ਸਹਾਇਕ ਧੰਦੇ ਨੂੰ ਵੀ ਆਪਣੀ ਲਪੇਟ ‘ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦੋਆਬੇ ਵਿਚ ਕੁਝ ਕਿਸਾਨਾਂ ਵਲੋਂ ਅਪਣਾਏ ਨਰਸਰੀ ਅਤੇ ਹੋਰ ਧੰਦਿਆਂ ਨੂੰ ਵੀ ਆਪਣੀ ਮਾਰ ਹੇਠ ਲੈ ਕੇ ਉਨ੍ਹਾਂ ਦੇ ਚੇਹਰੇ ਮੁਰਝਾ ਕੇ ਰੱਖ ਦਿੱਤੇ ਹਨ।
ਸਜਾਵਟੀ ਬੂਟਿਆਂ ਨੂੰ ਅਜੇ ਕੋਮਲ ਫੁੱਟਣੀ ਸ਼ੁਰੂ ਹੀ ਹੋਈ ਸੀ ਕਿ ‘ਲੌਕਡਾਊਨ’ ਨੇ ਸਭ ਕੁਝ ਚੌਪਟ ਕਰ ਕੇ ਰੱਖ ਦਿੱਤਾ ਹੈ।
ਇੱਥੋਂ ਦੀ ਕਈ ਏਕੜ ਵਿਚ ਫੈਲੀ ਗਰੀਨ ਨਰਸਰੀ ਦੇ ਮਾਲਕ ਅਹਿਤਾਬ ਅਹਿਮਦ ਦਾ ਆਪਣੇ ਕੁਮਲਾ ਰਹੇ ਬੂਟਿਆਂ ਨੂੰ ਦੇਖ ਕੇ ਚੇਹਰਾ ਮੁਰਝਾਇਆ ਹੋਇਆ ਨਜ਼ਰ ਆ ਰਿਹਾ ਹੈ। ਉਸ ਨੇ ਆਪਣਾ ਦੁੱਖੜਾ ਫਰੋਲਦਿਆਂ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਨੈਣੀਤਾਲ ਤੇ ਪੁਣੇ ਤੋਂ ਲੱਖਾਂ ਦੀ ਕੀਮਤ ਦੇ ਕੀਮਤੀ ਸਜਾਵਟੀ ਮੌਸਮੀ ਬੂਟੇ ਮੰਗਵਾਏ ਸਨ। ਇਹ ਬੂਟੇ ਵਿਕਣ ਤੋਂ ਪਹਿਲਾਂ ਹੀ ਕਰੋਨਾ ਆਫ਼ਤ ਕਾਰਨ ਮਿੱਟੀ ਹੋਣੇ ਸ਼ੁਰੂ ਹੋ ਗਏ।
ਤਾਲਾਬੰਦੀ ਵਾਲੇ ਦਿਨ ਤੋਂ ਬਾਅਦ ਇਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਕਾਮੇ (ਲੇਬਰ) ਪਠਲਾਵਾ ਨੇੜਲੇ ਪਿੰਡਾਂ ਨੂੰ ਸੀਲ ਕਰਨ ਕਾਰਨ ਘਰ ਬੈਠ ਗਏ ਹਨ ਤੇ ਫੁੱਲ ਬੂਟੇ ਸੜਨੇ ਸ਼ੁਰੂ ਹੋ ਗਏ ਹਨ।
ਉਸਨੇ ਭਾਵੁਕ ਹੁੰਦਿਆਂ ਦੱਸਿਆ ਕਿ ਬੀਤੇ 15 ਸਾਲਾਂ ਤੋਂ ਉਹ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਰਿਹਾ ਲਗਦਾ ਹੈ। ਉਸ ਨੇ ਦੱਸਿਆ ਕਿ ਦੋਆਬੇ ਦੇ ਪ੍ਰਕ੍ਰਿਤੀ ਨੂੰ ਪਿਆਰ ਕਰਨ ਵਾਲੇ ਉਸ ਦੇ ਪੱਕੇ ਗਾਹਕ ਹਰ ਸੀਜਨ ਵਿਚ ਨਵੇਂ ਬੂਟੇ ਲੈ ਕੇ ਜਾਂਦੇ ਸਨ। ਪਰ ਐਤਕੀਂ ਇਸ ਇਲਾਕੇ ਵਿਚ ਐਸਾ ਭਾਣਾ ਵਰਤਿਆ ਕਿ ਇਸ ਹੱਸਦੇ ਵਸਦੇ ਤੇ ਖੁਸ਼ਹਾਲ ਇਲਾਕੇ ਨੂੰ ਬੁਰੀ ਨਜ਼ਰ ਲੱਗ ਗਈ ਲੱਗਦੀ ਹੈ।
ਉਸ ਨੇ ਅੱਗੇ ਦੱਸਿਆ ਕਿ ਇਸ ਵਕਤ ਮੰਦੀ ਕਰਕੇ ਨਰਸਰੀਆਂ ‘ਚ ਪਈਆਂ ਜਰੇਨੀਅਮ, ਰੈਨੋਕਲਸ, ਪਰਮੋਲਾ, ਵਿਗੋਨੀਆਂ, ਜੀਨੀਅਸ ਆਦਿ ਫੁੱਲਾਂ ਦੇ ਬੂਟਿਆਂ ਦੀਆਂ ਸੌ ਦੇ ਕਰੀਬ ਕਿਸਮਾਂ ਤਬਾਹ ਹੋ ਰਹੀਆਂ ਹਨ।
ਨਰਸਰੀਆਂ ਅੰਦਰ ਗਮਲੇ ਬਣਾਉਣ ਦਾ ਕੰਮ ਵੀ ਠੱਪ ਹੋ ਗਿਆ ਹੈ ਅਤੇ ਗਮਲੇ ਤਿਆਰ ਕਰਨ ਲਈ ਲਿਆਂਦਾ ਸੀਮਿੰਟ ਖ਼ਰਾਬ ਹੋ ਰਿਹਾ ਹੈ। ਦੂਜੇ ਪਾਸੇ ਘਰਾਂ/ਅਦਾਰਿਆਂ ‘ਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੇ ਮਾਲੀ ਵੀ ਦੋ ਵਕਤ ਦੀ ਰੋਟੀ ਲਈ ਮੁਹਤਾਜ਼ ਹੋ ਗਏ ਹਨ। ਨਰਸੀਆਂ ਦੇ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਮਾਲਕਾਂ ਵਲੋਂ ਪੱਲੇ ਤੋਂ ਖਰਚ ਦੇਣਾ ਪੈ ਰਿਹਾ ਹੈ।