ਦਿੱਲੀ ‘ਚ ਭਲਕੇ ਤੋਂ ਖੁੱਲ੍ਹਣਗੇ ਸਾਰੇ ਬਾਜ਼ਾਰ, ਮਾਲ ਤੇ ਰੈਸਟੋਰੈਂਟ, ਇਹ ਕੁਝ ਹੁਣ ਵੀ ਰਹੇਗਾ ਬੰਦ

TeamGlobalPunjab
2 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਦੇਸ਼ ਦੀ ਰਾਜਧਾਨੀ ‘ਚ ਹੁਣ ਕੋਰੋਨਾ ਦਾ ਕਹਿਰ ਕਾਫੀ ਹੱਦ ਤੱਕ ਘਟ ਗਿਆ ਹੈ। ਇਸ ਦੇ ਮੱਦੇਨਜ਼ਰ, ਲਾਕਡਾਊਨ ਖੋਲ੍ਹਣ (UNLOCK) ਦੀ ਪ੍ਰਕਿਰਿਆ ਤਹਿਤ ਦਿੱਲੀ ਦੇ ਸਾਰੇ ਬਾਜ਼ਾਰ, ਮਾਲ, ਰੈਸਟੋਰੈਂਟ ਭਲਕੇ ਸੋਮਵਾਰ ਤੋਂ ਖੁੱਲ੍ਹ ਜਾਣਗੇ, ਹਲਾਂਕਿ ਸਕੂਲ-ਕਾਲਜ, ਸਵੀਮਿੰਗ ਪੂਲ, ਸਪਾਅ ਸੈਂਟਰ ਫਿਲਹਾਲ ਬੰਦ ਰਹਿਣਗੇ। ਇਹ ਐਲਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ।

 ਦਿੱਲੀ ਵਿੱਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਕੱਲ੍ਹ ਸਵੇਰੇ 5 ਵਜੇ ਤੋਂ ਬਾਅਦ, ਕੁਝ ਗਤੀਵਿਧੀਆਂ ਨੂੰ ਛੱਡ ਕੇ ਸਾਰੀਆਂ ਗਤੀਵਿਧੀਆਂ ਦੀ ਆਗਿਆ ਹੋਵੇਗੀ। ਕੱਲ ਤੋਂ ਬਾਜ਼ਾਰ ਖੋਲ੍ਹਣ ਲਈ ਔਡ–ਈਵਨ ਪ੍ਰਣਾਲੀ ਵੀ ਲਾਗੂ ਨਹੀਂ ਹੋਵੇਗੀ। ਸਵੇਰੇ 9 ਵਜੇ ਤੋਂ 50 ਪ੍ਰਤੀਸ਼ਤ ਸਮਰੱਥਾ ਵਾਲੇ ਨਿੱਜੀ ਦਫਤਰ ਸ਼ਾਮੀਂ ਪੰਜ ਵਜੇ ਤੱਕ ਕੰਮ ਕਰਨਗੇ।”

ਬਾਜ਼ਾਰ, ਮਾਲ ਤੇ ਮਾਰਕੀਟ ਕੰਪਲੈਕਸਾਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹ ਸਕਦੀਆਂ ਹਨ। ਰੈਸਟੋਰੈਂਟ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਨਾਲ ਕੰਮ ਕਰਨਗੇ। ਹਫ਼ਤਾਵਾਰੀ ਮਾਰਕੀਟ ਦੀ ਆਗਿਆ ਦਿੱਤੀ ਜਾ ਰਹੀ ਹੈ ਪਰ ਇੱਕ ਇੱਕ ਜ਼ੋਨ ਵਿੱਚ ਇੱਕ ਦਿਨ ਵਿੱਚ ਸਿਰਫ ਇੱਕ ਹਫਤਾਵਾਰੀ ਬਾਜ਼ਾਰ ਦੀ ਹੀ ਆਗਿਆ ਹੋਵੇਗੀ। ਵਿਆਹ 20 ਵਿਅਕਤੀਆਂ ਨਾਲ ਘਰ ਜਾਂ ਕੋਰਟ ਵਿਚ ਹੋ ਸਕਦੇ ਹਨ। ਧਾਰਮਿਕ ਸਥਾਨ ਖੋਲ੍ਹੇ ਜਾ ਰਹੇ ਹਨ, ਪਰ ਸ਼ਰਧਾਲੂਆਂ ਨੂੰ ਆਗਿਆ ਨਹੀਂ ਦਿੱਤੀ ਜਾਏਗੀ।”

- Advertisement -

ਇਹ ਸਭ ਹੁਣ ਵੀ ਰਹਿਣਗੇ ਬੰਦ

ਮੁੱਖ ਮੰਤਰੀ ਨੇ ਕਿਹਾ, ਸਕੂਲ-ਕਾਲਜ, ਵਿਦਿਅਕ ਸੰਸਥਾਵਾਂ, ਖੇਡਾਂ, ਮਨੋਰੰਜਨ, ਸਭਿਆਚਾਰਕ, ਸਿਆਸੀ ਸਮਾਜਿਕ ਤੇ ਧਾਰਮਿਕ ਇਕੱਠਾਂ, ਸਵਿਮਿੰਗ ਪੂਲ, ਸਟੇਡੀਅਮ, ਸਪੋਰਟਸ ਕੰਪਲੈਕਸ, ਸਿਨੇਮਾ, ਥੀਏਟਰ, ਮਨੋਰੰਜਨ ਪਾਰਕ, ਬੈਂਕੁਵੇਟ ਹਾਲ, ਆਡੀਟੋਰੀਅਮ, ਸਪਾ, ਜਿਮ, ਪਬਲਿਕ ਪਾਰਕ ਤੇ ਗਾਰਡਨ ਫਿਲਹਾਲ ਪੂਰੀ ਤਰ੍ਹਾਂ ਬੰਦ ਹੀ ਰਹਿਣਗੇ।

 

 

ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿਚ ਕੋਵਿਡ -19 ਦੇ ਨਵੇਂ ਮਾਮਲਿਆਂ ਵਿਚ ਕਮੀ ਦੇ ਮੱਦੇਨਜ਼ਰ, ਸਰਕਾਰ ਨੇ 31 ਮਈ ਤੋਂ ਨਿਰਮਾਣ ਕਾਰਜਾਂ ਅਤੇ ਫੈਕਟਰੀਆਂ ਨੂੰ ਪੜਾਅਵਾਰ ਖੁੱਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ, ਲਾਕਡਾਊਨ ਅਧੀਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਸੀ। ਦਿੱਲੀ ਸਰਕਾਰ ਦੇ ਹੈਲਥ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਦੇ 213 ਨਵੇਂ ਕੇਸ ਸਾਹਮਣੇ ਆਏ ਅਤੇ 25 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਅਨੁਸਾਰ, ਲਾਗ ਦੀ ਦਰ 0.3 ਪ੍ਰਤੀਸ਼ਤ ‘ਤੇ ਆ ਗਈ ਹੈ।

Share this Article
Leave a comment