ਦਿੱਲੀ ਚੋਣਾਂ ਨਾ ਲੜਨ ਦੇ ਦਾਅਵੇ ਅਤੇ ਸੀ.ਏ.ਏ. ਬਾਰੇ ਦੋਹਰੇ ਮਾਪਦੰਡ ਅਪਣਾ ਕੇ ਅਕਾਲੀ ਦਲ, ਭਾਜਪਾ ਦਾ ਹੱਥ ਠੋਕਾ ਬਣਿਆ: ਚੰਨੀ

TeamGlobalPunjab
3 Min Read

• ਅਕਾਲੀ ਦਲ ਦੀਆਂ ਚਾਲਾਂ ਨੂੰ ਭਾਜਪਾ ਦੇ ਘੱਟ ਗਿਣਤੀ ਵਿਰੋਧੀ ਮਨਸੂਬਿਆਂ ਨੂੰ ਕਾਮਯਾਬ ਕਰਨ ਦੀ ਕੋਸ਼ਿਸ਼ਾਂ ਦੱਸਿਆ

ਚੰਡੀਗੜ੍ਹ : ਦਿੱਲੀ ਚੋਣਾਂ ਨਾ ਲੜਨ ਦੇ ਦਾਅਵੇ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਬਾਰੇ ਦੋਹਰੇ ਮਾਪਦੰਡ ਅਪਨਾਉਣ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸਲ ਵਿੱਚ ਬਾਦਲ ਦਲ, ਭਾਜਪਾ ਦਾ ਹੱਥ ਠੋਕਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਭਾਜਪਾ ਦੀ ਸਾਜ਼ਿਸ਼ੀ ਮਿਲੀਭੁਗਤ ਨਾਲ ਲਗਾਤਾਰ ਸਿੱਖਾਂ ਤੇ ਸਿੱਖ ਮੁੱਦਿਆਂ ਨੂੰ ਤਿਲਾਂਜਲੀ ਦੇ ਰਿਹਾ ਹੈ।

ਚੰਨੀ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਐਲਾਨ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦੀ ਮਿਲੀਭੁਗਤ ਦਾ ਹੀ ਨਤੀਜਾ ਹੈ ਤਾਂ ਜੋ ਬਹੁ ਗਿਣਤੀ ਹਿੰਦੂ ਵੋਟ ਕਾਂਗਰਸ ਵੱਲ ਨਾ ਜਾ ਕੇ, ਭਾਜਪਾ ਦੇ ਹੱਕ ਵਿੱਚ ਭੁਗਤ ਸਕੇ। ਇੰਜ ਕਰਕੇ ਭਾਜਪਾ ਇਹ ਸਿੱਧਾ ਸੰਕੇਤ ਦੇਣ ਵਿੱਚ ਕਾਮਯਾਬ ਹੋ ਜਾਵੇਗੀ ਕਿ ਉਹ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦੀ ਵਿਰੋਧੀ ਜਮਾਤ ਹੈ, ਜਿਸ ਨਾਲ ਉਹ ਬਹੁਗਿਣਤੀ ਹਿੰਦੂ ਵੋਟਾਂ ਦਾ ਵੀ ਅਸਿੱਧੇ ਤੌਰ ‘ਤੇ ਧਰੁਵੀਕਰਨ ਕਰ ਸਕੇਗੀ।

ਸੀਨੀਅਰ ਕਾਂਗਰਸੀ ਆਗੂ ਤੇ ਵਜ਼ੀਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਹਰਿਆਣਾ ਵਿੱਚ ਵੀ ਅਕਾਲੀ ਦਲ ਨੇ ਭਾਜਪਾ ਦੀ ਮਿਲੀਭੁਗਤ ਨਾਲ ਸਿੱਖਾਂ ਨੂੰ ਧੋਖਾ ਦਿੱਤਾ। ਨਤੀਜਾ ਇਹ ਹੋਇਆ ਕਿ ਉਥੇ ਅਕਾਲੀ ਦਲ ਨੇ ਸਿੱਖਾਂ ਦੀਆਂ ਵੋਟਾਂ ਇਨੈਲੋ ਦੇ ਹੱਕ ਵਿੱਚ ਭੁਗਤਾਈਆਂ ਕਿਉਂ ਜੋ ਘੱਟ ਗਿਣਤੀਆਂ ਦੀਆਂ ਵੋਟਾਂ ਖਰਾਬ ਕਰਕੇ ਭਾਜਪਾ ਦੇ ਸੌੜੇ ਮਨਸੂਬਿਆਂ ਨੂੰ ਕਾਮਯਾਬ ਕੀਤਾ ਜਾ ਸਕੇ।

- Advertisement -

ਨਾਗਰਿਕਤਾ ਸੋਧ ਕਾਨੂੰਨ ‘ਤੇ ਅਕਾਲੀ ਦਲ ਦੇ ਦੋਹਰੇ ਬਿਆਨਾਂ ਨੂੰ ਮਗਰਮੱਛ ਦੇ ਹੰਝੂ ਅਤੇ ਦੋਗਲੇ ਗਰਦਾਨਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਆਪਣੀ ਵਜ਼ੀਰੀ ਬਚਾਉਣ ਲਈ ਇਹ ਸਭ ਡਰਾਮਾ ਰਚ ਰਿਹਾ ਹੈ। ਉਨ੍ਹਾਂ ਕਿਹਾ, ”ਸੰਸਦ ਵਿੱਚ ਸੀ.ਏ.ਏ. ਦੇ ਹੱਕ ਵਿੱਚ ਅਕਾਲੀ ਦਲ ਦੇ ਨਾਮ-ਨਿਹਾਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਮੇ-ਲੰਮੇ ਕਸੀਦੇ ਪੜ੍ਹ ਕੇ ਹੁਣ ਇਕਦਮ ਮੋੜਾ ਖਾ ਲਿਆ ਹੈ। ਸੰਸਦ ਦੇ ਅੰਦਰ ਸੀ.ਏ.ਏ. ਨੂੰ ਘੱਟ ਗਿਣਤੀਆਂ ਦੇ ਹਕੂਕ ਦਾ ਰਾਖਾ ਦੱਸਣ ਵਾਲਾ ਅਕਾਲੀ ਦਲ, ਹੁਣ ਦਿੱਲੀ ਚੋਣਾਂ ਦੇ ਮੱਦੇਨਜ਼ਰ ਇਸ ਕਾਨੂੰਨ ਵਿਰੁੱਧ ਖੜੇ ਹੋ ਗਏ ਹਨ, ਜੋ ਸਰਾਸਰ ਘੱਟ ਗਿਣਤੀ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ।” ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਕੇ ਅਕਾਲੀ ਦਲ, ਸਿੱਖਾਂ ਨੂੰ ਭਾਜਪਾ ਦਾ ਵਿਰੋਧੀ ਵਿਖਾ ਕੇ ਹਿੰਦੂ ਵੋਟਾਂ ਨੂੰ ਮੁੜ ਇਕੱਠਿਆਂ ਕਰਨ ਦੀ ਕੋਝੀ ਕੋਸ਼ਿਸ਼ ਕਰ ਰਿਹਾ ਹੈ।

ਚਰਨਜੀਤ ਸਿੰਘ ਚੰਨੀ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਟਕਸਾਲੀ ਆਗੂ ਰਾਜਾਂ ਨੂੰ ਵੱਧ ਅਧਿਕਾਰ ਦੇਣ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਦੇ ਸਨ ਪਰ ਹੁਣ ਉਸ ਦੇ ਐਨ ਉਲਟ ਸ਼੍ਰੋਮਣੀ ਅਕਾਲੀ ਦਲ ਸਿਰਫ ਨਿੱਜੀ ਮੁਫਾਦ ਨੂੰ ਅੱਗੇ ਰੱਖ ਕੇ ਨਾ ਸਿਰਫ ਅਨੰਦਪੁਰ ਦੇ ਮਤੇ ਵਿਰੁੱਧ ਭੁਗਤ ਰਿਹਾ ਹੈ, ਸਗੋਂ ਘੱਟ ਗਿਣਤੀਆਂ ਦੇ ਹਕੂਕ ਦਾ ਵੀ ਘਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਇਨ੍ਹਾਂ ਢਕਵੰਜੀ ਪੈਂਤੜਿਆਂ ਨਾਲ ਸਿੱਖਾਂ ਨੂੰ ਲੰਮਾ ਸਮਾਂ ਗੁਮਰਾਹ ਨਹੀਂ ਕਰ ਸਕਦਾ ਅਤੇ ਅੰਤ ਇਸ ਨੂੰ ਆਪਣੇ ਕਾਰਿਆਂ ਦਾ ਨਤੀਜਾ ਭੁਗਤਣਾ ਪਵੇਗਾ।

Share this Article
Leave a comment