ਦਹਿਸ਼ਤੀ ਕਤਲ ਤੇ ਖਾਪ ਪੰਚਾਇਤੀ ਵਰਤਾਰੇ ਸੱਭਿਅਕ ਸਮਾਜ ਲਈ ਵੱਡੀ ਚੁਣੌਤੀ

TeamGlobalPunjab
3 Min Read

– ਦਰਸ਼ਨ ਸਿੰਘ ਖੋਖਰ

ਚੰਡੀਗੜ੍ਹ : ਪੰਜਾਬ ਵਿੱਚ ਪਿਛਲੇ ਦੋ ਤਿੰਨ ਹਫ਼ਤਿਆਂ ਤੋਂ ਵਾਪਰ ਰਹੀਆਂ ਦਹਿਸ਼ਫਤ ਵਾਲੇ ਕਤਲ ਦੀਆਂ ਘਟਨਾਵਾਂ ਅਤੇ ਅਣਖ ਖਾਤਰ ਜਵਾਨ ਲੜਕੇ ਲੜਕੀਆਂ ਨੂੰ ਜੋ ਕੁਟਾਪੇ ਦਾ ਸ਼ਿਕਾਰ ਬਣਾਇਆ ਜਾਰਿਹਾ ਹੈ, ਦੀਆਂ ਘਟਨਾਵਾਂ ਨੇ ਸਾਡੇ ਸੱਭਿਅਕ ਸਮਾਜ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ। ਹਰ ਸੂਝਵਾਨ ਵਿਅਕਤੀ ਇਹੋ ਸੋਚਦਾ ਹੈ ਕਿ ਅਸੀਂ ਇੱਕ ਪਾਸੇ ਗੁਰੂਆਂ, ਪੀਰਾਂ ਅਤੇ ਰਹਿਬਰਾਂ ਦੇ ਵਾਰਿਸ ਹੋਣ ਦੀਆਂ ਗੱਲਾਂ ਕਰਦੇ ਹਾਂ ਪਰ ਅਮਲੀ ਤੌਰ ‘ਤੇ ਅਸੀਂ ਕੁਝ ਹੋਰ ਹੀ ਮਾਹੌਲ ਬਣਾ ਰਹੇ ਹਾਂ।
ਜਿਸ ਤਰ੍ਹਾਂ ਪਿੰਡ ਚੰਗਾਲੀਵਾਲਾ ਦੇ ਜਗਮੇਲ ਸਿੰਘ ਨੂੰ ਬੇਤਹਾਸ਼ਾ ਕੁਟਾਪੇ ਅਤੇ ਜ਼ੁਲਮ ਦਾ ਸ਼ਿਕਾਰ ਬਣਾ ਕੇ ਮੌਤ ਦੇ ਮੂੰਹ ਵਿੱਚ ਧੱਕਿਆ ਗਿਆ ਉਸ ਨੇ ਇਹ ਚਰਚਾ ਛੇੜ ਦਿੱਤੀ ਹੈ ਕਿ ਕੀ ਅਸੀਂ ਗੁਰੂਆਂ ਪੀਰਾਂ ਦੇ ਦਰਸਾਏ ਮਾਰਗ ਤੋਂ ਕਿਉਂ ਭਟਕ ਗਏ ਹਾਂ। ਜੋ ਸਾਨੂੰ ਦੁਸ਼ਮਣ ਦੇ ਪਿੱਠ ਪਿੱਛੇ ਵਾਰ ਨਾ ਨਸੀਹਤਾਂ ਦਿੰਦੇ ਹਨ ਅਤੇ ਜੰਗ ਦੇ ਮੈਦਾਨ ਵਿੱਚ ਵੀ ਦੁਸ਼ਮਣ ਨੂੰ ਪਾਣੀ ਪਿਲਾਉਣ ਅਤੇ ਮੱਲ੍ਹਮ ਪੱਟੀ ਕਰਨ ਦੀਆਂ ਸ਼ਾਨਦਾਰ ਪਰੰਪਰਾਵਾਂ ਨਾਲ ਜੋੜ ਕੇ ਗਏ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਜਿਹੇ ਮਾੜੇ ਵਰਤਾਰੇ ਸਾਡੇ ਸੱਭਿਆਚਾਰ ਵਿੱਚ ਆਏ ਵਿਗਾੜ ਕਾਰਨ ਪੈਦਾ ਹੋਏ ਹਨ ਜਾਂ ਫਿਰ ਇਸ ਦੇ ਕੁਝ ਹੋਰ ਕਾਰਨ ਹਨ। ਸਭ ਤੋਂ ਵੱਡਾ ਸਵਾਲ ਸਾਡੇ ਪੁਲਿਸ ਤੰਤਰ ‘ਤੇ ਵੀ ਖੜ੍ਹਾ ਹੁੰਦਾ ਹੈ। ਕਿਉਂਕਿ ਕਾਨੂੰਨ ਦੀ ਰਾਖੀ ਕਰਨ ਵਾਲੀ ਪੁਲਿਸ ਖੁਦ ਹੀ ਕਾਨੂੰਨ ਹੱਥਾਂ ਵਿੱਚ ਲੈ ਕੇ ਲੋਕਾਂ ‘ਤੇ ਜ਼ੁਲਮ ਕਰਦੀ ਰਹੀ ਹੈ।ਇੰਨਾ ਹੀ ਨਹੀਂ ਬਹੁਤ ਸਾਰੇ ਮਾਮਲਿਆਂ ਵਿੱਚ ਪੁਲਿਸ ਪੀੜਤ ਧਿਰ ਨੂੰ ਇਨਸਾਫ਼ ਨਹੀਂ ਦੇ ਪਾਉਂਦੀ। ਕਿਉਂਕਿ ਲੋਕਾਂ ਵਿੱਚ ਇਹ ਪ੍ਰਵਿਰਤੀ ਘਰ ਕਰ ਗਈ ਹੈ ਕਿ ਪੁਲਿਸ ਨੂੰ ਪੈਸਾ ਚਾੜ੍ਹਕੇ ਕਾਨੂੰਨ ਦੇ ਡੰਡੇ ਤੋਂ ਬਚਿਆ ਜਾ ਸਕਦਾ ਹੈ। ਇਸੇ ਕਾਰਨ ਬਹੁਤੇ ਲੋਕੀਂ ਪੁਲਿਸ ਦੇ ਡਰ ਤੋਂ ਮੁਕਤ ਹਨ ਅਤੇ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਤੋਂ ਨਹੀਂ ਡਰਦੇ। ਇਸੇ ਕਾਰਨ ਪੰਜਾਬ ਵਿੱਚ ਜਗਮੇਲ ਸਿੰਘ ‘ਤੇ ਜ਼ੁਲਮ ਕਰਨ ਵਰਗੇ ਕਾਂਡ ਵਾਪਰਦੇ ਰਹਿੰਦੇ ਹਨ।
ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਇੱਕ ਨੌਜਵਾਨ ਅਤੇ ਉਸ ਦੀ ਮੰਗੇਤਰ ਨੂੰ ਕੁਟਾਪੇ ਦਾ ਸ਼ਿਕਾਰ ਬਣਾਇਆ ਗਿਆ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਨੌਜਵਾਨ ਨੂੰ ਕੁੱਟਮਾਰ ਕਰਨ ਤੋਂ ਬਾਅਦ ਨੰਗੇ ਨੂੰ ਮੋਟਰਸਾਈਕਲ ‘ਤੇ ਬਿਠਾਇਆ ਗਿਆ ਉਸ ਨੇ ਇਹ ਚਰਚਾ ਫਿਰ ਤੋਂ ਛੇੜ ਦਿੱਤੀ ਹੈ ਕਿ ਅਸੀਂ ਖਾਪ ਪੰਚਾਇਤਾਂ ਦੀਆਂ ਧਾਰਨਾਵਾਂ ਦੇ ਮਾਨਸਿਕ ਤੌਰ ‘ਤੇ ਗੁਲਾਮ ਹਾਂ।
ਅਜਿਹੇ ਮਾਹੌਲ ਵਿੱਚੋਂ ਨਿਕਲਣ ਵਾਸਤੇ ਸਾਡਾ ਪ੍ਰਣ ਕਰਨਾ ਬਣਦਾ ਹੈ ਕਿ ਅਸੀਂ ਭਾਵੇਂ ਬਰਾਬਰੀ ਵਾਲਾ ਸਮਾਜ ਤਾਂ ਨਾ ਸਿਰਜ ਸਕੀਏ ਪਰ ਅਜਿਹਾ ਮਾਹੌਲ ਜ਼ਰੂਰ ਬਣਾ ਸਕਦੇ ਹਾਂ ਜਿੱਥੇ ਅਸੀਂ ਕਿਸੇ ਨੂੰ ਬਿਨਾਂ ਵਜਾ ਤੰਗ ਪ੍ਰੇਸ਼ਾਨ ਨਾ ਕਰੀਏ ਅਤੇ ਛੋਟੀ ਜਿਹੀ ਗਲਤੀ ਬਦਲੇ ਬੰਦੇ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਮਾਹੌਲ ਵਿੱਚ ਕੱਢ ਸਕੀੲੇ। ਸਭ ਤੋਂ ਪਹਿਲਾਂ ਪੁਲਿਸ ਤੰਤਰ ਅਤੇ ਸੱਤਾਧਾਰੀਆਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਉਹ ਸੱਤਾ ਅਤੇ ਖਾਕੀ ਦੇ ਬੇਲੋੜੇ ਪ੍ਰਭਾਵ ਤੋਂ ਖਹਿੜਾ ਛੁਡਾ ਕੇ ਨਿਯਮਾਂ ਤਹਿਤ ਹੀ ਅਮਲੀ ਤੌਰ ‘ਤੇ ਕੰਮ ਕਰਨ ਤਾਂ ਕਿ ਬੇ – ਇਨਸਾਫੀ ਵਾਲੇ ਦੌਰ ਵਿੱਚੋਂ ਨਿਕਲਣ ਵਾਸਤੇ ਰਾਹ ਪੱਧਰਾ ਹੋ ਸਕੇ।

Share this Article
Leave a comment