ਪਟਿਆਲਾ : ਸੂਬੇ ਅੰਦਰ ਜਿਵੇਂ ਜਿਵੇਂ ਅਵਾਰਾ ਜਾਨਵਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਤਿਵੇਂ ਤਿਵੇਂ ਹੀ ਇਨ੍ਹਾਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਵੀ ਵਧਦੀਆਂ ਜਾ ਰਹੀਆਂ ਹਨ। ਹਰ ਦਿਨ ਕਿਸੇ ਨਾ ਕਿਸੇ ਬੱਚੇ, ਬੁੱਢੇ ਜਾਂ ਨੌਜਵਾਨ ਨੂੰ ਅਵਾਰਾ ਕੁੱਤੇ ਵੱਲੋਂ ਦੰਦੀ ਵੱਢ ਲੈਣ ਦੀ ਖ਼ਬਰ ਅਖਬਾਰਾਂ ਦੀ ਸੁਰਖੀ ਬਣਦੀ ਰਹਿੰਦੀ ਹੈ। ਜੇਕਰ ਪਿਛਲੇ ਡੇਢ ਸਾਲ ਦੌਰਾਨ ਕੁੱਤੇ ਦੇ ਵੱਢਿਆਂ ਦੇ ਅੰਕੜਿਆਂ ਚੁੱਕ ਕੇ ਹੀ ਦੇਖੀਏ ਤਾਂ ਇਸ ਦੌਰਾਨ 1.63 ਲੱਖ ਵਿਅਕਤੀਆਂ ਨੂੰ ਅਵਾਰਾ ਕੁੱਤਿਆਂ ਵੱਲੋਂ ਕੱਟਿਆ ਗਿਆ। ਉਂਝ ਭਾਵੇਂ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਅੰਦਰ ਕੁੱਤੇ ਦੇ ਵੱਢਿਆਂ ਦੇ ਮੁਫਤ ਇਲਾਜ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕੁੱਤੇ ਦੇ ਵੱਢਣ ‘ਤੇ ਜਿਹੜੀ ਦਵਾਈ ਜਾਂ ਟੀਕੇ ਮਰੀਜ਼ ਨੂੰ ਲਾਏ ਜਾਂ ਦਿੱਤੇ ਜਾਂਦੇ ਹਨ ਉਹ ਸਰਕਾਰੀ ਹਸਪਤਾਲਾਂ ਅੰਦਰ ਟਾਰਚ ਲੈ ਕੇ ਲੱਭਿਆਂ ਵੀ ਨਹੀਂ ਲੱਭਦੇ। ਇਹ ਅਸੀਂ ਆਪਣੇ ਕੋਲੋਂ ਨਹੀਂ ਬਲਕਿ ਸਰਾਕਰੀ ਹਸਪਤਾਲਾਂ ਦੇ ਡਾਕਟਰ ਉਸ ਵੇਲੇ ਆਪਣੇ ਮੂੰਹੋਂ ਮੰਨਦੇ ਹਨ ਜਦੋਂ ਕੋਈ ਕੁੱਤੇ ਦਾ ਵੱਢਿਆ ਉਨ੍ਹਾਂ ਕੋਲ ਇਲਾਜ਼ ਲਈ ਪਹੁੰਚਦਾ ਹੈ।
ਦੱਸ ਦਈਏ ਕਿ ਇਸ ਬਾਰੇ ਡਾਕਟਰਾਂ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਕੁੱਤਾ ਨਹੁੰਦਰ ਮਾਰ ਦੇਵੇ ਤਾਂ ਉਸ ਦਾ ਇਲਾਜ ਤਾਂ ਉਨ੍ਹਾਂ ਕੋਲ ਹੈ, ਪਰ ਕੁੱਤੇ ਦੇ ਵੱਢਣ ‘ਤੇ ਜਿਹੜਾ ਐਂਟੀ ਰੇਬੀਜ਼ ਨਾਂਮ (ਹਲਕਾਅ ਤੋਂ ਬਚਾਉਣ ਲਈ) ਦਾ ਟੀਕਾ ਲਗਦਾ ਹੈ ਉਹ ਸਰਕਾਰੀ ਹਸਪਤਾਲਾਂ ‘ਚ ਮੌਜੂਦ ਨਹੀਂ ਹਨ। ਇਨ੍ਹਾਂ ਹਾਲਾਤਾਂ ਵਿੱਚ ਜੇਕਰ ਕੋਈ ਗਰੀਬ ਕੁੱਤੇ ਦਾ ਵੱਢਿਆ ਇਲਾਜ ਲਈ ਹਸਪਤਾਲ ਅੰਦਰ ਪਹੁੰਚ ਜਾਵੇ ਤਾਂ ਉਸ ਨੂੰ ਕੁੱਤੇ ਦੇ ਵੱਢੇ ਦਾ ਇੰਨਾ ਦਰਦ ਨਹੀਂ ਹੁੰਦਾ ਜਿਨ੍ਹਾਂ ਨੂੰ ਉਸ ਨੂੰ ਬਾਜਾਰ ਅੰਦਰ ਦਰਦ ਦੇ ਮਾਰੇ ਹੋਏ ਦਵਾਈਆਂ ਲੱਭਣ ਲਈ ਜਾਣ ਲੱਗੇ ਹੁੰਦਾ ਹੈ। ਉੱਤੋਂ ਜਦੋਂ ਦਵਾਈਆਂ ਵਾਲਾ ਇਹ ਕਹਿ ਦਿੰਦਾ ਹੈ ਕਿ ਹਲਕਾਅ ਤੋਂ ਬਚਾਉਣ ਵਾਲੇ ਟੀਕੇ ਦੀ ਕੀਮਤ 5 ਹਜ਼ਾਰ ਤੋਂ 25 ਹਜ਼ਾਰ ਰੁਪਏ ਹੈ ਤਾਂ ਉਸ ਕੋਲ ਆਪਣਾ ਸਿਰ ਫੜ ਕੇ ਬੈਠਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੁੰਦਾ। ਲੋਕਾਂ ਦੀ ਇਹ ਮੰਗ ਹੈ ਕਿ ਸਰਕਾਰ ਅਜਿਹੇ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਅੰਦਰ ਦਵਾਈਆਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਦਵਾਵੇ।