ਟਾਂਡਾ ਮੈਡੀਕਲ ਕਾਲਜ ਦੇ 14 ਵਿਦਿਆਰਥੀਆਂ ਨੂੰ ਰੈਗਿੰਗ ਦੇ ਦੋਸ਼ ’ਚ 50-50 ਹਜ਼ਾਰ ਰੁਪਏ ਜੁਰਮਾਨਾ

Global Team
2 Min Read

ਹਿਮਾਚਲ ਪ੍ਰਦੇਸ਼- ਟਾਂਡਾ ਮੈਡੀਕਲ ਕਾਲਜ ਦੇ 14 MBBS ਵਿਦਿਆਰਥੀਆਂ ਨੂੰ ਕਾਲਜ ਦੇ ਹੋਸਟਲ ਵਿੱਚ ਰੈਗਿੰਗ ਦੇ ਦੋਸ਼ ਵਿੱਚ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੈਗਿੰਗ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਲਈ ਹੋਸਟਲ ਅਤੇ ਤਿੰਨ ਮਹੀਨਿਆਂ ਲਈ ਕਾਲਜ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਕਾਲਜ ਨੇ ਜਿਨ੍ਹਾਂ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ ਹੈ, ਉਨ੍ਹਾਂ ਵਿੱਚ 12 ਵਿਦਿਆਰਥੀ MBBS ਦੂਜੇ ਸਾਲ ਅਤੇ ਦੋ ਪਹਿਲੇ ਸਾਲ ਦੇ ਹਨ। ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਜਿੱਥੇ ਰੈਗਿੰਗ ਲਈ ਸਜ਼ਾ ਦਿੱਤੀ ਗਈ ਹੈ, ਉੱਥੇ ਪਹਿਲੇ ਸਾਲ ਦੇ ਦੋ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕਾਂ ਤੋਂ ਜਾਣਕਾਰੀ ਛੁਪਾਉਣ ਲਈ ਸਜ਼ਾ ਦਿੱਤੀ ਗਈ ਹੈ।
ਇਹ ਪਹਿਲੀ ਵਾਰ ਹੈ ਕਿ ਇਸ ਮੈਡੀਕਲ ਕਾਲਜ ਦੇ ਪ੍ਰਸ਼ਾਸਨ ਨੇ ਰੈਗਿੰਗ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹਨ। ਪ੍ਰਿੰਸੀਪਲ ਡਾਕਟਰ ਭਾਨੂ ਅਵਸਥੀ ਨੇ ਸਜ਼ਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੂਟੀਨ ਚੈਕਿੰਗ ਦੌਰਾਨ ਕਾਲਜ ਪ੍ਰਬੰਧਕਾਂ ਨੂੰ ਪਹਿਲੇ ਸਾਲ ਦੇ ਵਿਦਿਆਰਥੀਆਂ ਦੇ ਕਬਜ਼ੇ ਵਿੱਚੋਂ ਸੀਨੀਅਰਾਂ ਦੀਆਂ ਨੋਟਬੁੱਕਾਂ ਮਿਲੀਆਂ। ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੀਨੀਅਰਜ਼ ਵੱਲੋਂ ਹੋਮਵਰਕ ਪੂਰਾ ਕਰਨ ਲਈ ਨੋਟਬੁੱਕਾਂ ਦਿੱਤੀਆਂ ਗਈਆਂ ਸਨ।
ਪ੍ਰਿੰਸੀਪਲ ਨੇ ਦੱਸਿਆ ਕਿ ਮਾਮਲੇ ਨੂੰ ਜਾਂਚ ਲਈ ਕਾਲਜ ਦੀ ਰੈਗਿੰਗ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ। ਰੈਗਿੰਗ ਕਮੇਟੀ ਨੇ ਆਪਣੀ ਜਾਂਚ ਉਪਰੰਤ ਦੱਸਿਆ ਕਿ ਜੂਨੀਅਰਾਂ ਨੂੰ ਹੋਮਵਰਕ ਪੂਰਾ ਕਰਨ ਲਈ ਨੋਟਬੁੱਕ ਦੇਣਾ ਰੈਗਿੰਗ ਸੀ। ਕਮੇਟੀ ਨੇ ਦੂਜੇ ਸਾਲ ਦੇ 12 ਅਤੇ ਪਹਿਲੇ ਸਾਲ ਦੇ ਦੋ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਸਜ਼ਾ ਦੀ ਸਿਫ਼ਾਰਿਸ਼ ਕੀਤੀ।
ਰੈਗਿੰਗ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਕਾਲਜ ਪ੍ਰਸ਼ਾਸਨ ਨੇ ਰੈਗਿੰਗ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਡਾ. ਅਵਸਥੀ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਵਿਦਿਆਰਥੀਆਂ ਨੂੰ ਛੇ ਮਹੀਨਿਆਂ ਲਈ ਹੋਸਟਲ ਅਤੇ ਕਾਲਜ ਤੋਂ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment