“ਚਿੜੀ ਉੱਡ ਕਾਂ ਉੱਡ ਭਗਵੰਤ ਮਾਨ ਦੀ ਸ਼ਰਾਬ ਉੱਡ”, ਸ਼ੋਸ਼ਲ ਮੀਡੀਆ ਤੇ ਮਜ਼ਾਕ ਬਣ ਕੇ ਰਹਿ ਗਿਆ ਭਗਵੰਤ ਮਾਨ ਦੀ ਸ਼ਰਾਬ ਦਾ ਮੁੱਦਾ

Prabhjot Kaur
3 Min Read

ਬਰਨਾਲਾ : ਵਿਚਾਰੇ ਭਗਵੰਤ ਮਾਨ! ਜਦੋਂ ਸ਼ਰਾਬ ਪੀਂਦੇ ਸਨ ਉਦੋਂ ਵੀ ਬਦਨਾਮੀ ਹੁੰਦੀ ਸੀ ਤੇ ਹੁਣ ਜਦੋਂ ਸ਼ਰੇਆਮ ਮਾਂ ਨੂੰ ਸਟੇਜ਼ ਤੇ ਲਜਾ ਕੇ ਕਿਹਾ ਕਿ ਮੈ 1 ਜਨਵਰੀ ਤੋਂ ਸ਼ਰਾਬ ਛੱਡ ਦਿੱਤੀ ਹੈ ਤਾਂ ਇਹ ਗੱਲ ਵੀ ਵਿਰੋਧੀਆਂ ਦਾ ਹਾਜ਼ਮਾਂ ਖਰਾਬ ਕਰ ਗਈ। ਮਾਨ ਦੇ ਇਸ ਬਿਆਨ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਲੋਕ ਉਸ ਦਾ ਜਿੱਥੇ ਮਜ਼ਾਕ ਉਡਾ ਰਹੇ ਨੇ ਉੱਥੇ ਸਵਾਲ ਇਹ ਵੀ ਕੀਤਾ ਜਾ ਰਿਹਾ ਹੈ ਕਿ ਮਾਨ ਦੀ ਸ਼ਰਾਬ ਛੱਡਣ ਨੂੰ ਸਟੇਜ ਤੋਂ 5 ਮਿੰਟ ਤੱਕ ਇੱਕ ਵੱਡੀ ਪ੍ਰਾਪਤੀ ਵੱਜੋਂ ਗਿਣਾ ਗਏ ਕੇਜ਼ਰੀਵਾਲ ਇਹ ਦੱਸਣ ਕਿ, ਕੀ ਮਾਨ ਦਾ ਸ਼ਰਾਬ ਪੀਣਾ ਪੰਜਾਬ ਦਾ ਬਹੁਤ ਵੱਡਾ ਮੁੱਦਾ ਸੀ?

ਇਸ ਸਬੰਧ ਵਿੱਚ ਜਿੱਥੇ ਪੰਜਾਬ ਕਾਂਗਰਸ ਦੇ ਬੁਲਾਰੇ ਡਾਕਟਰ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਪੱਕਾ ਨਹੀਂ ਪਤਾ ਕਿ ਭਗਵੰਤ ਮਾਨ ਸ਼ਰਾਬ ਛੱਡਣਗੇ ਵੀ ਜਾਂ ਨਹੀਂ। ਕਿਉਂਕਿ ਉਨ੍ਹਾਂ ਇਹ ਤਾਂ ਬੋਲ ਦਿੱਤਾ ਹੈ ਕਿ ਉਹ 1 ਜਨਵਰੀ ਨੂੰ ਸ਼ਰਾਬ ਛੱਡ ਦਿੱਤੀ ਹੈ ਪਰ ਇਹ ਨਹੀਂ ਪਤਾ ਕਿ ਕਿਹੜੀ 1 ਜਨਵਰੀ ਕਿਉਂਕਿ ਉਨ੍ਹਾਂ ਨੇ ਕੋਈ ਵੀ ਸੰਨ ਨਹੀਂ ਦੱਸਿਆ। ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਆਪਣੇ ਸਿਆਸੀ ਬਿਆਨੀ ਤੀਰ ਚਲਾਏ ਹਨ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਨੁਸਾਰ ਚਰਚਾ ਇਹ ਵੀ ਹੈ ਕਿ ਭਗਵੰਤ ਮਾਨ ਕਦੀ ਸ਼ਰਾਬ ਛੱਡ ਹੀ ਨਹੀਂ ਸਕਦਾ ਕਿਉਂਕਿ ਇਹ ਗੱਲ ਮਾਨ ਨੇ ਆਪ ਮੰਨੀ ਹੈ ਕਿ ਉਹ ਸ਼ਰਾਬ ਪੀਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਉਹ ਲੋਕਾਂ ਸਾਹਮਣੇ ਪਹਿਲਾਂ ਝੂਠ ਬੋਲਦਾ ਸੀ ਕਿ ਉਹ ਸ਼ਰਾਬ ਨਹੀਂ ਪੀਂਦਾ ਤੇ ਹੁਣ ਉਹ ਇਹ ਗੱਲ ਆਪ ਮੰਨ ਰਿਹਾ ਹੈ।

ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਸ਼ੋਸ਼ਲ ਮੀਡੀਆ, ਕੀ ਸਿਆਸੀ ਵਿਰੋਧੀ ਭਗਵੰਤ ਮਾਨ ਦੇ ਇਸ ਸ਼ਰਾਬ ਛੱਡਣ ਵਾਲੇ ਜੁਮਲੇ ‘ਤੇ ਖੂਬ ਚਟਕਾਰੇ ਲੈ ਰਹੇ ਨੇ ਬਿਨਾਂ ਇਹ ਸੋਚੇ ਕਿ ਪੰਜਾਬ ਦਾ ਮੁੱਦਾ ਉਹ ਵੀ ਨਹੀਂ ਜੋ ਭਗਵੰਤ ਮਾਨ ਨੇ ਸ਼ਰਾਬ ਛੱਡਣ ਵਾਲਾ ਛੱਡਿਆ ਤੇ ਪੰਜਾਬ ਦਾ ਮੁੱਦਾ ਇਹ ਵੀ ਨਹੀਂ ਜਿਹੜਾ ਵਿਰੋਧੀ ਤੇ ਸ਼ੋਸ਼ਲ ਮੀਡੀਆ ਵਾਲੇ ਆਪਸ ‘ਚ ਚਟਕਾਰੇ ਲੈ-ਲੈ ਕੇ ਚਰਚਾ ਕਰ ਰਹੇ ਨੇ। ਭੋਲਿਓ ਲੋਕੋ ਨਿੱਕਲੋ ਇਨ੍ਹਾਂ ਜੁਮਲੇਬਾਜ਼ੀਆਂ ਤੋਂ ਬਾਹਰ ਤੇ ਧਿਆਨ ਦਿਓ ਨਸ਼ਿਆਂ, ਬੇਰੁਜ਼ਗਾਰੀ, ਕਿਸਾਨ ਆਤਮ-ਹੱਤਿਆਵਾਂ ਤੇ ਇਹੋ ਜਿਹੇ ਹੋਰ ਦਰਜ਼ਨਾਂ ਮੁੱਦਿਆਂ ਵੱਲ, ਨਹੀਂ ਤਾਂ ਸਿਆਸੀ ਲੋਕ ਦਹਾਕਿਆਂ ਤੋਂ ਮੂਰਖ ਬਣਾਉਦੇ ਆਏ ਨੇ ਤੇ ਮੂਰਖ ਬਣਾਉਦੇ ਰਹਿਣਗੇ। ਜੇ ਹੁਣ ਵੀ ਨਾ ਸੰਭਲੇ ਤਾਂ ਕੋਈ ਫਾਇਦਾ ਨਹੀਂ ਤੁਹਾਡੇ ਤੇ ਟਾਇਮ ਖਰਾਬ ਕਰਦਾ ਅਸੀਂ ਕਿਸੇ ਹੋਰ ਖ਼ਬਰ ਵੱਲ ਵਧੀਏ।

Share this Article
Leave a comment