ਨਸ਼ੇ ਦਾ ਸਭ ਤੋਂ ਵੱਡਾ ਸਰਗਨਾ ਇਟਲੀ ‘ਚ ਗ੍ਰਿਫਤਾਰ, ਕੈਪਟਨ ਨੇ ਕਿਹਾ, ‘ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ’

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਨਸ਼ਾ-ਅੱਤਵਾਦ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਇਸ ਦੀਆਂ ਤਾਰਾਂ ਭਾਰਤ ਵਿੱਚ ਨਸ਼ਿਆਂ ਦੇ ਸਭ ਤੋਂ ਵੱਡੇ ਸਰਗਨੇ ਨਾਲ ਜੁੜਨ ਅਤੇ ਇਸ ਮਾਮਲੇ ਵਿੱਚ ਅਕਾਲੀ ਸਰਕਾਰ ਵੇਲੇ ਨਿਯੁਕਤ ਕੀਤੇ ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਦੀ ਵੀ ਸ਼ੱਕੀ ਸ਼ਮੂਲੀਅਤ ਦੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ, ਚਾਹੇ ਉਹ ਕਿਸੇ ਵੀ ਰਾਜਸੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ।

ਮੁੱਖ ਮੰਤਰੀ ਨੇ ਸਾਫ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਤਸਕਰ, ਗੈਂਗਸਟਰ ਤੇ ਅੱਤਵਾਦੀ ਨੂੰ ਕੁਸਕਣ ਨਹੀਂ ਦਿੱਤਾ ਅਤੇ ਨਾ ਹੀ ਭਵਿੱਖ ਵਿੱਚ ਸਿਰ ਚੁੱਕਣ ਦੇਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਇਹ ਸਰਕਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ। 2018 ਵਿੱਚ 114 ਮੌਤਾਂ ਹੋਈਆਂ ਸਨ ਜਦੋਂ ਕਿ 2019 ਵਿੱਚ ਇਹ ਗਿਣਤੀ 47 ਰਹਿ ਗਈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਜੰਗ ਜਾਰੀ ਰੱਖੇਗੀ ਜਦੋਂ ਤੱਕ ਇਹ ਸਮੱਸਿਆ ਜੜੋਂ ਨਹੀਂ ਖਤਮ ਹੁੰਦੀ।

ਹਾਲ ਹੀ ‘ਚ ਹੋਈਆਂ ਗ੍ਰਿਫਤਾਰੀਆਂ ਅਤੇ ਬਰਾਮਦਗੀ ਦੇ ਵੇਰਵੇ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਸਰਹੱਦੀ ਖੇਤਰ ਦੇ ਸੁਲਤਾਨਵਿੰਡ ਪਿੰਡ ਦੇ ਘਰ ਵਿੱਚੋਂ ਪੁਲਿਸ ਨੇ 195 ਕਿਲੋ ਦੇ ਕਰੀਬ ਹੈਰੋਇਨ ਕੈਮੀਕਲ ਸਮੇਤ ਬਰਾਮਦ ਕੀਤੀ ਹੈ। ਇਹ ਘਰ ਕਥਿਤ ਤੌਰ
‘ਤੇ ਅਨਵਰ ਮਸੀਹ ਨਾਲ ਸਬੰਧਤ ਹੈ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ (ਐਸ.ਐਸ.) ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਸੀਹ ਦੀ ਸ਼ਮੂਲੀਅਤ ਬਾਰੇ ਜਾਂਚ ਪ੍ਰਗਤੀ ਅਧੀਨ ਹੈ ਜੋ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਇਹ ਘਰ ਉਸ ਵਿਅਕਤੀ ਨੂੰ ਕਿਰਾਏ ‘ਤੇ ਦਿੱਤਾ ਸੀ ਜਿਸ ਨੂੰ ਐਸ.ਟੀ.ਐਫ. ਬਾਰਡਰ ਰੇਂਜ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਮਸੀਹ ਆਪਣੇ ਦਾਅਵੇ ਨੂੰ ਪੁਖਤਾ ਕਰਨ ਲਈ ਕੋਈ ਵੀ ਕਿਰਾਏ ਦੇ ਸਬੂਤ ਦਾ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ ਅਤੇ ਨਾ ਹੀ ਉਸ ਇਲਾਕੇ ਦੇ ਲੋਕਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਕੋਈ ਕਿਰਾਏਦਾਰ ਇਥੇ ਰਹਿੰਦਾ ਸੀ। ਮੁੱਢਲੀ ਜਾਂਚ ਦੌਰਾਨ ਪੁਸ਼ਟੀ ਹੋਈ ਹੈ ਕਿ ਮੁਲਜ਼ਮ ਪਿਛਲੇ ਇਕ ਮਹੀਨੇ ਤੋਂ ਇਸ ਘਰ ਨੂੰ ਵਰਤ ਰਿਹਾ ਸੀ।

- Advertisement -

ਇਸ ਬਰਾਮਦਗੀ ਅਤੇ ਗ੍ਰਿਫਤਾਰੀਆਂ ਲਈ ਪੁਲਿਸ ਨੂੰ ਵਧਾਈ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਨਸ਼ਿਆਂ ਦਾ ਕਾਰੋਬਾਰ ਭਾਰਤ ਵਿੱਚ ਨਸ਼ਿਆਂ ਦੇ ਸਭ ਤੋਂ ਵੱਡੇ ਸਰਗਣੇ ਸਿਮਰਨਜੀਤ ਸਿੰਘ ਸੰਧੂ ਨਾਲ ਸਬੰਧ ਰੱਖਦਾ ਹੈ ਜਿਸ ਨੂੰ ਹਾਲ ਹੀ ਵਿੱਚ ਇਟਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੀ ਸਰਕਾਰ ਸੰਧੂ ਦਾ ਰਿਮਾਂਡ ਵੀ ਮੰਗੇਗੀ ਜਿਸ ਕੋਲ ਆਸਟਰੇਲੀਅਨ ਪਾਸਪੋਰਟ ਹੈ ਅਤੇ ਜਿਸ ਨੂੰ ਇਟਲੀ ਤੋਂ ਗੁਜਰਾਤ ਅਧਿਕਾਰੀਆਂ ਵੱਲੋਂ ਇੰਟਰਪੋਲ ਪੁਲਿਸ ਕੋਲ ਨਜ਼ਰਬੰਦ ਕੀਤਾ ਗਿਆ।

ਫੜੀ ਗਈ ਖੇਪ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ 300 ਕਿਲੋ ਨਸ਼ਾ ਪਿਛਲੇ ਸਾਲ ਗੁਜਰਾਤ ਦੇ ਮਾਂਡਵੀ ਵਿਖੇ ਪੁੱਜਿਆ ਸੀ ਜਿੱਥੋਂ ਤਸਕਰ ਕਰ ਕੇ 200 ਕਿਲੋ ਪੰਜਾਬ ਲਿਆਂਦਾ ਗਿਆ। ਖੇਪ ਦਾ ਖੁਲਾਸਾ ਸੰਧੂ ਤੋਂ ਲੱਗਿਆ ਸੀ ਜਦੋਂ ਕਿ ਇਸ ਮਾਮਲੇ ਵਿੱਚ ਸ਼ਾਮਲ ਹੋਰ ਵੱਡੀਆਂ ਮੱਛੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਬੀਤੀ ਰਾਤ ਹੋਈਆਂ ਬਰਾਮਦਗੀਆਂ ਅਤੇ ਗ੍ਰਿਫਤਾਰੀਆਂ ਦੇ ਹੋਰ ਵੇਰਵੇ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਅਫਗਾਨੀ ਨਾਗਰਿਕ ਅਰਮਾਨ ਬਾਸ਼ਰਮਲ ਸਮੇਤ ਛੇ ਵਿਅਕਤੀਆਂ ਨੂੰ ਫੜਿਆ ਗਿਆ ਹੈ ਜਿਨ੍ਹਾਂ ਕੋਲੋਂ 194.15 ਕਿਲੋ ਹੈਰੋਇਨ ਤੇ ਕਈ ਕਿਲੋ ਕੈਮੀਕਲ ਬਰਾਮਦ ਕੀਤੀ ਗਈ ਹੈ। ਅਰਮਾਨ ਜੋ ਇਕ ਹਫਤਾ ਪਹਿਲਾ ਪੰਜਾਬ ਆਇਆ ਸੀ, ਕੋਲੋਂ ਹੈਰੋਇਨ ਨੂੰ ਸੋਧਣ ਅਤੇ ਇਸ ਨੂੰ ਹੋਰਨਾਂ ਉਤਪਾਦਾਂ ਵਿੱਚ ਮਿਲਾਉਣ ਵਾਲੇ ਉਪਕਰਣ ਵੀ ਜ਼ਬਤ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਸੰਧੂ ਦੀ ਪੁੱਛ-ਪੜਤਾਲ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਵਿੱਚ ਹੀ ਖੁਲਾਸਾ ਹੋਵੇਗਾ ਕਿ ਇਹ ਹੈਰੋਇਨ ਪੰਜਾਬ ਵਾਸਤੇ ਆਈ ਸੀ ਜਾਂ ਇਥੋਂ ਹੋਰਨਾਂ ਸੂਬਿਆਂ ਵਿੱਚ ਵੰਡਣ ਲਈ ਆਈ ਸੀ।

Share this Article
Leave a comment