ਗੁਰਦੁਆਰਿਆਂ ਦੇ ਨਾਂ ‘ਤੇ ਚੱਲ ਰਿਹੈ ਬਾਬਿਆਂ ਦਾ ਕਾਰੋਬਾਰ ? ਲੌਂਗੋਵਾਲ ਕਹਿੰਦਾ ਯਾਰ ਤੂੰ ਕੀ ਲੈਣੈ!

TeamGlobalPunjab
8 Min Read

ਅੰਮ੍ਰਿਤਸਰ : ਬੀਤੀ ਰਾਤ ਗੁਰਦੁਆਰਾ ਤਰਨ ਤਾਰਨ ਦਰਬਾਰ ਸਾਹਿਬ ਦੀ 200 ਸਾਲ ਪੁਰਾਣੀ ਇਤਿਹਾਸਿਕ ਦਰਸ਼ਨੀ ਡਿਉੜੀ ਨੂੰ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਢਾਹ ਦਿੱਤਾ ਗਿਆ। ਇਸ ਕਾਰਵਾਈ ਨੂੰ ਜਿੱਥੇ ਕਾਰਸੇਵਾ ਵਾਲੇ ਬਾਬਿਆਂ ਨੇ ਐਸਜੀਪੀਸੀ ਦੇ ਮਤੇ ਅਨੁਸਾਰ ਕਨੂੰਨੀ ਦੱਸ ਕੇ ਪੁਲਿਸ ਦੀ ਸਹਾਇਤਾ ਨਾਲ ਅੰਜ਼ਾਮ ਦਿੱਤਾ, ਉੱਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਤਾਂ ਆਪਣੇ ‘ਤੇ ਉਂਗਲਾਂ ਉਠਦੀਆਂ ਦੇਖ ਸਾਫ ਕਹਿ ਦਿੱਤਾ ਕਿ ਬਾਬਿਆਂ ਨੇ ਇਹ ਕਾਰਵਾਈ ਬਿਨਾਂ ਸ਼੍ਰੋਮਣੀ ਕਮੇਟੀ ਦੀ ਮਨਜ਼ੂਰੀ ਤੋਂ ਕੀਤੀ ਹੈ ਤੇ ਹੁਣ ਕਸੂਰਵਾਰਾਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੋਂ ਤੱਕ ਤਾਂ ਠੀਕ ਸੀ ਪਰ ਗਲੋਬਲ ਪੰਜਾਬ ਟੀ.ਵੀ. ਦੀ ਟੀਮ ਨੇ ਜਦੋਂ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਐਸਜੀਪੀਸੀ ਨੇ ਇਸ ਗੁਰਦੁਆਰੇ ਦੇ ਮਨੇਜ਼ਰ ਨੂੰ ਤਾਂ ਮੁਅੱਤਲ ਕਰ ਦਿੱਤਾ ਹੈ, ਪਰ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਦੇ ਖਿਲਾਫ ਕਾਰਵਾਈ ਦੇ ਨਾਮ ‘ਤੇ ਉਨ੍ਹਾਂ ਕੋਲੋਂ ਸਿਰਫ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਹੀ ਵਾਪਸ ਲੈ ਕੇ ਸਾਰ ਲਿਆ ਗਿਆ, ਜਦਕਿ ਇਹ ਬਾਬੇ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੀ ਕਾਰਸੇਵਾ ਕਰ ਰਹੇ ਸਨ ਤੇ ਇੰਝ ਇਹੋ ਫੈਸਲਾ ਐਸਜੀਪੀਸੀ ਨੂੰ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰਿਆਂ ‘ਚ ਖੜ੍ਹਾ ਕਰਦਾ ਹੈ।

ਦੱਸ ਦਈਏ ਕਿ ਬੀਤੀ ਰਾਤ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਪੁਲਿਸ ਦੀ ਸਹਾਇਤਾ ਨਾਲ 300 ਬੰਦਿਆਂ ਸਣੇ ਦਰਬਾਰ ਸਾਹਿਬ ਤਰਨ ਤਾਰਨ ਦੀ ਦਰਸ਼ਨੀ ਡਿਉੜੀ ਢਾਹ ਦਿੱਤਾ ਸੀ। ਇਹ ਖ਼ਬਰ ਬਾਹਰ ਆਉਣ ਤੋਂ ਬਾਅਦ ਲਗਭਗ ਸਾਰੇ ਹੀ ਮੀਡੀਆ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਸੀ। ਜਿਸ ਤੋਂ ਬਾਅਦ ਸਾਰੇ ਪਾਸੇ ਬਦਨਾਮੀ ਹੁੰਦੀ ਦੇਖ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਸੀ ਕਿ, ਇਸ ਘਟਨਾ ਨੂੰ ਅੰਜ਼ਾਮ ਦੇ ਕੇ ਕੁਝ ਲੋਕ ਸ਼੍ਰੋਮਣੀ ਕਮੇਟੀ ਵਰਗੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਕਰਾਰ ਦਿੰਦਿਆਂ ਕਾਰਸੇਵਾ ਵਾਲੇ ਬਾਬਿਆਂ ਤੋਂ ਤਰਨ ਤਾਰਨ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਵਾਪਸ ਲੈਣ ਦਾ ਵੀ ਐਲਾਨ ਕੀਤਾ ਸੀ, ਪਰ ਜ਼ਮੀਨੀ ਸੱਚਾਈ ਇਹ ਹੈ ਕਿ ਇਹ ਮਹਿਜ਼ ਇੱਕ ਖਾਨਾਪੂਰਤੀ ਹੀ ਨਜ਼ਰ ਆ ਰਹੀ ਹੈ ਕਿਉਂਕਿ ਜੇਕਰ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਗੱਲ ਨੂੰ ਹੀ ਸੱਚ ਮੰਨ ਲਿਆ ਜਾਵੇ ਕਿ ਕਾਰਸੇਵਾ ਵਾਲੇ ਇਹ ਬਾਬੇ ਹੀ ਇਸ ਘਟਨਾ ਨੂੰ ਗੈਰ ਕਨੂੰਨੀ ਢੰਗ ਨਾਲ ਅੰਜ਼ਾਮ ਦੇਣ ਦੇ ਕਸੂਰਵਾਰ ਹਨ ਤਾਂ ਫਿਰ ਕਸੂਰਵਾਰਾਂ ਦੇ ਹਵਾਲੇ ਪੰਜਾਬ ਦੇ ਹੋਰ ਗੁਰਦੁਆਰਿਆ ਦੀ ਕਾਰ ਸੇਵਾਵਾਂ ਅਜੇ ਵੀ ਕਿਉਂ ਕੀਤੀਆਂ ਹੋਈਆਂ ਹਨ।

ਇਸ ਮਾਮਲੇ ਦੀ ਡੂੰਘਾਈ ਵੱਲ ਜਾਣ  ‘ਤੇ ਕਈ ਅਜਿਹੇ ਤੱਥ ਸਾਹਮਣੇ ਆਏ ਜਿਸ ਤੋਂ ਇਸ ਗੱਲ ਵੱਲ ਇਸ਼ਾਰਾ ਮਿਲਿਆ ਕਿ ਕਾਰਸੇਵਾ ਦੇ ਨਾਮ ‘ਤੇ ਵੱਡੇ ਪੱਧਰ ‘ਤੇ ਕਾਰੋਬਾਰ ਚਲਾਏ ਜਾ ਰਹੇ ਹਨ, ਜਿਸ ਬਾਰੇ ਦੋਸ਼ ਹੈ ਕਿ ਉਸ ਕਾਰੋਬਾਰ ਵਿੱਚੋਂ ਕਿਸੇ-ਨਾ-ਕਿਸੇ ਰੂਪ ਵਿੱਚ ਕੁਝ ਅਜਿਹੇ ਲੋਕਾਂ ਨੂੰ ਵੀ ਨਿੱਜੀ ਲਾਭ ਦਿੱਤੇ ਜਾਂਦਾ ਹੈ, ਜਿਹੜੇ ਲੋਕਾਂ ਨੇ ਇਨ੍ਹਾਂ ਬਾਬਿਆਂ ‘ਤੇ ਕਾਰਵਾਈ ਕਰਨੀ ਹੁੰਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਕਾਰਸੇਵਾ ਵਾਲੇ ਬਾਬਿਆਂ ਕੋਲੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ ਤਾਂ ਕਰਵਾਉਦੀਂ ਹੈ ਪਰ ਉਨ੍ਹਾਂ ਨੂੰ ਇਸ ਬਦਲੇ ਕੋਈ ਫੰਡ ਨਹੀਂ ਦਿੱਤਾ ਜਾਂਦਾ ਤੇ ਇਹ ਫੰਡ ਬਾਬਿਆਂ ਵੱਲੋਂ ਹੀ ਲੋਕਾਂ ਕੋਲੋਂ ਆਪਣੇ ਪੱਧਰ ‘ਤੇ ਉੱਗਰਾਹਿਆ ਜਾਂਦਾ ਹੈ। ਕਿਤੇ ਗੁਰਦੁਆਰਿਆਂ ‘ਚ ਟੋਕਰੀਆਂ ਅਤੇ ਗੋਲਕਾਂ ਰੱਖ ਕੇ ਤੇ ਕਿਤੇ ਆਪ ਖੁਦ ਪਿੰਡਾ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਤੋਂ ਕਾਰਸੇਵਾ ਦੇ ਨਾਮ ‘ਤੇ ਉੱਗਰਾਹੀ ਕਰਕੇ। ਹੁਣ ਇਹ ਫੰਡ ਕੌਣ ਦਿੰਦਾ ਹੈ? ਕਿੰਨਾ ਦਿੰਦਾ ਹੈ? ਉਹ ਫੰਡ ਕਿੰਨਾ ਲਗਦਾ ਹੈ? ਤੇ ਕਿੰਨਾ ਬਾਕੀ ਬਚਦਾ ਹੈ? ਇਸ ਦਾ ਨਾ ਤਾਂ ਕਿਤੇ ਕੋਈ ਹਿਸਾਬ ਰੱਖਿਆ ਜਾਂਦਾ ਹੈ ਤੇ ਨਾ ਹੀ ਕੋਈ ਇਹ ਹਿਸਾਬ ਇਨ੍ਹਾਂ ਤੋ ਪੁੱਛਦਾ ਹੈ।

ਇਸ ਸਬੰਧ ਵਿੱਚ ਸਾਡੇ ਪੱਤਰਕਾਰ ਵੱਲੋਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪ ਖੁਦ ਮੰਨਿਆ ਕਿ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਕੋਈ ਵੱਖਰਾ ਫੰਡ ਨਹੀਂ ਰੱਖਿਆ ਜਾਂਦਾ। ਉਨ੍ਹਾਂ ਕਿਹਾ ਕਿ ਇਹ ਸਭ ਇਮਾਰਤੀ ਵਿਭਾਗ ‘ਚ ਆਉਂਦਾ ਹੈ ਜਿਹੜਾ ਕਿ ਅਜੇ ਬਣ ਰਿਹਾ ਹੈ। ਜਦੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਹ ਪੁੱਛਿਆ ਗਿਆ ਕਿ, ਕੀ ਤੁਸੀਂ ਕਾਰਸੇਵਾ ਵਾਲੇ ਬਾਬਿਆਂ ਨੂੰ ਕੋਈ ਫੰਡ ਵੀ ਦਿੰਦੇ ਹੋਂ? ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈਆਂ ਨੂੰ ਇਮਾਰਤ ਬਣਾਉਣ ਵਾਲਾ ਸਮਾਨ ਦਿੰਦੇ ਹਾਂ ਤੇ ਕਈ ਬਿਨਾਂ ਮਟੀਰੀਅਲ ਲਏ ਵੀ ਇਮਾਰਤਾਂ ਬਣਾ ਦਿੰਦੇ ਹਨ। ਲੌਂਗੋਵਾਲ ਇਸ ਸਵਾਲ ‘ਤੇ ਖਿਝ ਗਏ ਕਿ ਫਿਰ ਉਹ ਫੰਡ ਕਿੱਥੋਂ ਲੈਂਦੇ ਹਨ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ, “ ਉਹ ਸਾਰਾ ਵਿੱਚੋਂ ਹੀ ਹੋ ਜਾਂਦਾ ਹੈ ਯਾਰ, ਤੂੰ ਫੰਡਾਂ ਤੋਂ ਕੀ ਲੈਣਾਂ ਹੈ… ਤੂੰ ਆਪਣਾ ਉਹ ਕਰ… ਸਾਡੇ ਕੋਲ ਸਾਰੇ ਫੰਡ ਹਨ… ਪੂਰਾ ਬਜ਼ਟ ਹੈ… ਤੂੰ ਦੇਖ ਲੈ ਬਜ਼ਟ, ਉਸ ਦੇ ਵਿੱਚ ਹੀ ਹੈ ਸਾਰਾ ਕੁਝ…  ਉਸ ਦੀ ਸਾਰੀ ਕਾਪੀ ਭੇਜ ਦਿੰਦਾ ਹਾਂ…  ਦੇਖ ਲਈਂ… ਸਾਰਾ ਵਿੱਚ ਹੀ ਹੈ ਉਸ ਦੇ”।

- Advertisement -

ਲੌਂਗੋਵਾਲ ਦੇ ਇਸ ਬਿਆਨ ਤੋਂ ਸਾਫ ਹੁੰਦਾ ਹੈ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਆਪਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਲਈ ਆਪਣੇ ਬਜ਼ਟ ਵਿੱਚ ਕੋਈ ਵੱਖਰਾ ਫੰਡ ਰੱਖਦੀ ਹੈ ਤੇ ਕਾਰਸੇਵਾ ਤਹਿਤ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ ਕਰਵਾਉਣ ਬਦਲੇ ਨਾ ਹੀ ਬਾਬਿਆਂ ਨੂੰ ਕੋਈ ਫੰਡ ਜਾਰੀ ਕੀਤਾ ਜਾਂਦਾ ਹੈ। ਪਰ ਇਸ ਦੇ ਬਾਵਜੂਦ ਗੁਰਦੁਆਰਿਆਂ ਦੀਆਂ ਇਮਾਰਤਾਂ ਲਗਾਤਾਰ ਕਾਰਸੇਵਾ ਵਾਲੇ ਬਾਬਿਆਂ ਵੱਲੋਂ ਬਣਾਈਆਂ ਜਾ ਰਹੀਆਂ ਹਨ। ਉਹ ਫੰਡ ਕਿੱਥੋਂ ਆਉਂਦਾ ਹੈ ਤੇ ਉਸ ਦਾ ਕੀ ਲਿਖਤੀ ਹਿਸਾਬ ਹੈ? ਇਸ ਗੱਲ ਦਾ ਕਿਤੇ ਕੋਈ ਜਵਾਬ ਨਹੀਂ, ਜਦਕਿ ਕਨੂੰਨ ਕਹਿੰਦਾ ਹੈ ਕਿ ਤੁਸੀਂ ਜੇਕਰ ਕਿਸੇ ਤੋਂ ਕੋਈ ਧਾਰਮਿਕ ਜਾਂ ਸਮਾਜਿਕ ਕੰਮ ਕਰਨ ਲਈ ਦਾਨ ਲੈਂਦੇ ਹੋਂ ਤਾਂ ਤੁਹਾਨੂੰ ਉਸ ਦਾ ਪੂਰਾ ਹਿਸਾਬ ਰੱਖਣਾ ਪਵੇਗਾ। ਇਸ ਸਬੰਧੀ ਕ੍ਰਿਮਨਲ ਮਾਮਲਿਆਂ ਦੇ ਸੀਨੀਅਰ ਵਕੀਲ ਐਚ ਵੀ ਰਾਏ ਕਹਿੰਦੇ ਹਨ ਕਿ ਜਿਸ ਕਿਸੇ ਵੀ ਸੰਸਥਾ ਜਾਂ ਵਿਅਕਤੀ ਨੇ ਕਿਸੇ ਸਮਾਜਿਕ, ਧਾਰਮਿਕ ਜਾਂ ਕਿਸੇ ਹੋਰ ਜਨਹਿੱਤ ਕੰਮ ਲਈ ਕਿਸੇ ਤੋਂ ਦਾਨ ਲੈਣਾ ਹੁੰਦਾ ਹੈ ਤਾਂ ਉਸ ਦਾ ਰਲੀਜੀਅਸ ਐਂਡੋਮੈਂਟ ਐਕਟ ਤਹਿਤ ਪੂਰਾ ਹਿਸਾਬ ਰੱਖਣਾ ਹੁੰਦਾ ਹੈ, ਤੇ ਜਿਹੜਾ ਅਜਿਹਾ ਨਹੀਂ ਕਰਦਾ ਉਹ ਕਨੂੰਨ ਦੀ ਉਲੰਘਣਾ ਕਰਨ ‘ਤੇ ਸਜ਼ਾ ਦਾ ਭਾਗੀਦਾਰ ਹੁੰਦਾ ਹੈ, ਤੇ ਅਜਿਹੇ ਮਾਮਲਿਆਂ ਵਿੱਚ ਉਕਤ ਕਨੂੰਨ ਦੇ ਨਾਲ ਨਾਲ ਆਈਪੀਸੀ ਦੀ ਧਾਰਾ 406 ਤਹਿਤ ਮਾਮਲਾ ਦਰਜ਼ ਕਰਕੇ ਮੁਲਜ਼ਮ ਨੂੰ ਅਦਾਲਤ ਰਾਹੀਂ ਸਜ਼ਾ ਦਵਾਈ ਜਾ ਸਕਦੀ ਹੈ। ਹੁਣ ਤੁਸੀਂ ਆਪਣੇ ਆਲੇ ਦੁਆਲੇ ਦੇਖੋ ਤੇ ਫੈਸਲਾ ਕਰੋ ਕਿ ਤੁਹਾਡੇ ਆਲੇ ਦੁਆਲੇ ਧਾਰਮਿਕ ਅਤੇ ਸਮਾਜਿਕ ਸੰਸਥਾਨਾਂ ‘ਚ ਬੈਠੇ ਲੋਕ ਜਿਹੜੇ ਦਾਨ ਲੈ ਰਹੇ ਹਨ ਕਿ ਉਸ ਦਾਨ ਦਾ ਉਹ ਲੋਕ ਹਿਸਾਬ ਰੱਖ ਰਹੇ ਹਨ ਜੇ ਨਹੀਂ ਤਾਂ ਫਿਰ ਕੀ ਇਸ ਨੂੰ ਕਾਰੋਬਾਰ ਨਹੀਂ ਕਿਹਾ ਜਾਵੇਗਾ? ਆਖਰ ਇਸ ਬਿੱਲੀ ਦੇ ਗਲ ਟੱਲੀ ਕੌਣ ਵੱਨੇਗਾ। ਸੋਚੋ, ਵਿਚਾਰੋ ਤੇ ਫਿਰ ਲੱਗ ਜਾਓ ਸਮਾਜ ਸੁਧਾਰ ਦੇ ਇਸ ਕੰਮ ਵਿੱਚ ਤਾਂ ਕਿ ਦਾਨ ਦੇ ਨਾਮ ‘ਤੇ ਹੋ ਰਹੀ ਲੁੱਟ ਨੂੰ ਬੰਦ ਕੀਤਾ ਜਾ ਸਕੇ।

Share this Article
Leave a comment