ਭੜੂਚ : ਕੋਵਿਡ 19 ਦਾ ਕਹਿਰ ਦੇਸ਼ ਭਰ ‘ਚ ਤਬਾਹੀ ਮਚਾ ਰਿਹਾ ਹੈ। ਹਸਪਤਾਲਾਂ ‘ਚ ਮਰੀਜ਼ਾਂ ਦੀ ਤਦਾਦ ਵਧਦੀ ਜਾ ਰਹੀ ਹੈ। ਗੁਜਰਾਤ ਦੇ ਭੜੂਚ ਜ਼ਿਲ੍ਹੇ ‘ਚ ਪਟੇਲ ਹਸਪਤਾਲ ਦੇ ਕੋਵਿਡ ਵਾਰਡ ਵਿਚ ਸ਼ੁੱਕਰਵਾਰ ਰਾਤ ਭਿਆਨਕ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 14 ਮਰੀਜ਼ ਤੇ ਦੋ ਸਟਾਫ ਮੈਂਬਰ ਸ਼ਾਮਲ ਹਨ। ਭਿਆਨਕ ਅੱਗ ਨੂੰ ਵੇਖਦਿਆਂ ਹਸਪਤਾਲ ਵਿਚ ਭਗਦੜ ਮਚ ਗਈ। ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜਿਸ ਕਾਰਨ ਕਈ ਲੋਕ ਜਖ਼ਮੀ ਹੋ ਗਏ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਭੜੂਚ ‘ਚ ਕੋਵਿਡ ਦੇਖਭਾਲ ਕੇਂਦਰ ਦੇ ਟਰੱਸਟੀ ਜ਼ੁਬੇਰ ਪਟੇਲ ਨੇ ਦੱਸਿਆ ਕਿ ਇਹ ਨਾ ਸਿਰਫ਼ ਸਾਡੇ ਲਈ ਬਲਕਿ ਪੂਰੇ ਭੜੂਚ ਲਈ ਇਕ ਮੰਦਭਾਗੀ ਘਟਨਾ ਹੈ। ਪੁਲਿਸ ਤੇ ਲੋਕਾਂ ਦੀ ਮਦਦ ਨਾਲ ਅਸੀਂ ਰੋਗੀਆਂ ਨੂੰ ਹੋਰ ਹਸਪਤਾਲਾਂ ‘ਚ ਤਬਦੀਲ ਕਰ ਰਹੇ ਹਾਂ। ਘਟਨਾ ‘ਚ 14 ਮਰੀਜ਼ਾਂ ਤੇ 2 ਸਟਾਫ ਨਰਸਾਂ ਦੀ ਜਾਨ ਗਈ ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਤੇ 4-4 ਲੱਖ ਰੁਪਏ ਮਦਦ ਦਾ ਐਲਾਨ ਕੀਤਾ।
ਇਹ ਘਟਨਾ ਸ਼ੁੱਕਰਵਾਰ ਰਾਤ 12.30 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਰਡ ਵਿਚ ਤਕਰੀਬਨ 49 ਮਰੀਜ਼ ਦਾਖ਼ਲ ਸਨ, ਜਿਨ੍ਹਾਂ ਵਿਚੋਂ 24 ਆਈ. ਸੀ. ਯੂ. ਵਿਚ ਸਨ। ਹਾਲਾਂਕਿ, ਹੁਣ ਤੱਕ ਇਹ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਲੱਗਣ ਦੇ ਕੀ ਕਾਰਨ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।