ਗਿਆਨੀ ਗੁਰਬਚਨ ਸਿੰਘ ਜੀ ਤਿਆਰ ਹੋ ਜੋ! ਆ ਰਹੀ ਐ ਐਸ ਆਈ ਟੀ, ਬੇਅਦਬੀ ਮਾਮਲੇ ‘ਚ ਜਵਾਬ ਲੈਣ!

Prabhjot Kaur
2 Min Read

ਚੰਡੀਗੜ੍ਹ : ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਨੂੰ ਸ਼ਲਾਖਾਂ ਪਿੱਛੇ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਐਸ ਆਈ ਟੀ ਵੱਲੋਂ ਹਰ ਕਾਨੂੰਨੀ ਰਾਹ ਅਪਣਾਇਆ ਜਾ ਰਿਹਾ ਹੈ। ਇਸ ਲਈ ਹਰ ਉਸ ਵਿਅਕਤੀ ਦੀ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜੋ ਸ਼ੱਕ ਦੇ ਦਾਇਰੇ ਵਿੱਚ ਹੈ। ਹੁਣ ਇਹ ਵਾਰੀ ਆਈ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ। ਮਿਲੀ ਜਾਣਕਾਰੀ ਅਨੁਸਾਰ ਘੁਸਰ-ਮੁਸਰ ਐ ਕਿ ਐਸ ਆਈ ਟੀ ਪਹਿਲਾਂ ਗਿਆਨੀਂ ਜੀ ਤੋਂ ਸੌਦਾ ਸਾਧ ਨੂੰ ਮਾਫੀ ਦੇਣ ਅਤੇ ਫਿਰ ਵਾਪਿਸ ਲੈਣ ਸਬੰਧੀ ਉਨ੍ਹਾਂ ਨੂੰ ਸਵਾਲਾਂ ਵਿੱਚ ਘੇਰ ਸਕਦੀ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਬੇਅਦਬੀ ਕਾਂਡ ਦੀਆਂ ਘਟਨਾਵਾਂ ਨਾਲ ਉਸ ਮਾਫੀ ਨਾਮੇ ਦਾ ਬੜਾ ਡੂੰਘਾ ਸਬੰਧ ਹੈ।

ਦੱਸ ਦਈਏ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਸੌਦਾ ਸਾਧ ਨੂੰ ਮਾਫੀ ਦੇਣ ਲਈ ਗਿਆਨੀ ਗੁਰਬਚਨ ਸਿੰਘ ‘ਤੇ ਦਬਾਅ ਬਣਾਇਆ ਗਿਆ ਸੀ। ਜਿਸ ਕਾਰਨ ਉਸ ਵੇਲੇ ਤੋਂ ਹੀ ਸਿੱਖ ਸੰਗਤਾਂ ‘ਚ ਭਾਰੀ ਰੋਸ ਹੈ। ਦੋਸ਼ ਇਹ ਵੀ ਹੈ ਕਿ ਬਾਦਲ ਪਰਿਵਾਰ ਦੀ ਡੇਰਾ ਸਿਰਸਾ ਮੁਖੀ ਨਾਲ ਨੇੜਤਾ ਹੋਣ ਕਾਰਨ ਅਕਾਲੀ ਭਾਜਪਾ ਸਰਕਾਰ ਨੇ ਉਸ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ਸਬੰਧੀ ਐਸ ਆਈ ਟੀ ਬਾਦਲਾਂ ਤੋਂ ਤਾਂ ਜਵਾਬ ਲੈ ਚੁੱਕੀ ਹੈ ਪਰ ਹੁਣ ਜਵਾਬ ਦੇਣ ਦੀ ਅਗਲੀ ਵਾਰੀ ਗਿਆਨੀ ਗੁਰਬਚਨ ਸਿੰਘ ਹੁਰਾਂ ਦੀ ਹੈ। ਪਰ ਘੁੰਡੀ ਇੱਥੇ ਅੜ ਸਕਦੀ ਹੈ ਕਿ ਗਿਆਨੀ ਜੀ ਹੁਰੀ ਤਾਂ ਇਸ ਗੱਲ ‘ਤੇ ਅੜੇ ਹੋਏ ਹਨ ਕਿ ਉਹ ਐਸ ਆਈ ਟੀ ਅੱਗੇ ਪੇਸ਼ ਨਹੀਂ ਹੋਣਗੇ ਜਿਸ ਨੂੰ ਕੋਈ ਪੁੱਛ-ਤਾਛ ਕਰਨੀ ਹੈ ਉਹ ਗਿਆਨੀ ਜੀ ਦੇ ਘਰ ਆ ਸਕਦਾ ਹੈ। ਅਜਿਹੇ ਵਿੱਚ ਵੇਖਣਾ ਇਹ ਹੋਵੇਗਾ ਕਿ ਐਸ ਆਈ ਟੀ ਆਪਣੀਆਂ ਸੀਆਰਪੀਸੀ ਵਿੱਚ ਮਿਲੀਆਂ ਕਾਨੂੰਨੀ ਸ਼ਕਤੀਆਂ ਦਾ ਇਸਤਮਾਲ ਕਰੇਗੀ ਜਾਂ ਧਾਰਮਿਕ ਮਾਮਲਾ ਸਮਝਦਿਆਂ ਕਦਮ ਫੂਕ-ਫੂਕ ਕੇ ਰੱਖੇਗੀ।

Share this Article
Leave a comment