ਖਾਧ ਪਦਾਰਥਾਂ ਦੇ 101 ਨਮੂਨੇ ਨਿਰਧਾਰਤ ਮਾਪਦੰਡਾਂ  ‘ਤੇ ਨਹੀਂ ਉੱਤਰੇ ਖ਼ਰੇ- ਪੰਨੂੰ

TeamGlobalPunjab
2 Min Read

ਚੰਡੀਗੜ੍ਹ : ਸੂਬੇ ਵਿਚ ਭੋਜਨ ਪਦਾਰਥਾਂ ਦੀ ਸੁਰੱਖਿਆ ਬਾਰੇ ਪਤਾ ਲਗਾਉਣ ਲਈ ਲੋਕਾਂ ਵਲੋਂ ਕੀਤੀ ਸਹਾਇਤਾ ਦੀ ਸ਼ਲਾਘਾ ਕਰਦਿਆਂ, ਤੰਦਰੁਸਤ ਪੰਜਾਬ  ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਮੋਬਾਈਲ ਫੂਡ ਸੇਫਟੀ ਵੈਨਾਂ ‘ਤੇ ਲੋਕਾਂ ਵੱਲੋਂ ਸਵੈ-ਇੱਛਾ ਨਾਲ ਲਿਆਂਦੇ ਨਮੂਨਿਆਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਅਕਤੂਬਰ ਅਤੇ ਨਵੰਬਰ 2019 ਦੌਰਾਨ, 567 ਵਿਚੋਂ 101 ਨਮੂਨੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੋਬਾਈਲ ਫੂਡ ਸੇਫਟੀ ਵੈਨਾਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰੀ ਸਿਰ ਜਾਣ ਲਈ ਤੈਨਾਤ ਕੀਤੀਆਂ ਗਈਆਂ ਹਨ। ਅਕਤੂਬਰ ਮਹੀਨੇ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਵੈਨ ਤਾਇਨਾਤ ਕੀਤੀ ਗਈ ਜਿਸ ਵਿੱਚ ਲੋਕ ਟੈਸਟ ਲਈ 368 ਨਮੂਨੇ ਲਿਆਏ ਇਹਨਾਂ ਨਮੂਨਿਆਂ ਵਿੱਚ ਦੁੱਧ ਅਤੇ ਦੁੱਧ ਉਤਪਾਦਾਂ ਦੇ 78, ਮਸਾਲਿਆਂ ਦੇ 49, ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥਾਂ ਦੇ 16 ਅਤੇ ਮਿਠਾਈਆਂ ਦੇ 225 ਨਮੂਨੇ ਸ਼ਾਮਲ ਸਨ। ਹੁਸ਼ਿਆਰਪੁਰ ਵਿੱਚ ਟੈਸਟ ਕੀਤੇ ਇਹਨਾਂ ਨਮੂਨਿਆਂ ਵਿੱਚੋਂ 40 ਨਮੂਨੇ ਅਸਫਲ ਰਹੇ।
ਇਸੇ ਤਰ੍ਹਾਂ ਨਵੰਬਰ ਮਹੀਨੇ ਦੌਰਾਨ, ਫੂਡ ਸੇਫਟੀ ਵੈਨ ਫਿਰੋਜ਼ਪੁਰ ਵਿੱਚ ਤਾਇਨਾਤ ਕੀਤੀ ਗਈ ਸੀ ਜਿਸ ਵਿੱਚ ਲੋਕ ਟੈਸਟ ਲਈ 199 ਨਮੂਨੇ ਲੈ ਕੇ ਆਏ ਸਨ ਜਿਨ੍ਹਾਂ ਵਿੱਚ ਦੁੱਧ ਅਤੇ ਦੁੱਧ ਦੇ ਉਤਪਾਦਾਂ ਦੇ 60, ਮਸਾਲਿਆਂ ਦੇ 54, ਅਨਾਜ ਅਤੇ ਅਨਾਜ ਪਦਾਰਥਾਂ ਦੇ 20, ਨਮਕ ਦੇ 9 ਅਤੇ ਹੋਰ ਭੋਜਨ ਪਦਾਰਥਾਂ ਦੇ 56 ਨਮੂਨੇ ਸ਼ਾਮਲ ਸਨ। ਫਿਰੋਜ਼ਪੁਰ ਵਿੱਚ 199 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ 61 ਨਮੂਨੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ।
ਜਨਤਾ ਵਲੋਂ ਦਿੱਤੇ ਸਮਰਥਨ ਦਾ ਧੰਨਵਾਦ ਕਰਦਿਆਂ ਪੰਨੂੰ ਨੇ ਕਿਹਾ ਕਿ ਫੂਡ ਸੇਫਟੀ ਵੈਨ ਵਿਚ ਨਮੂਨਿਆਂ ਦੀ ਮੌਕੇ ‘ਤੇ ਹੀ ਜਾਂਚ ਕਰਨ ਲਈ ਨਾਂਮਾਤਰ 50 ਰੁਪਏ ਪ੍ਰਤੀ ਨਮੂਨਾ ਵਸੂਲਿਆ ਜਾਂਦਾ ਹੈ ਪਰ ਜਾਂਚ ਫੀਸ ਦੇ ਬਾਵਜੂਦ ਨਾਗਰਿਕਾਂ ਨੇ ਖਾਧ ਪਦਾਰਥਾਂ ਦੀ ਗੁਣੱਵਤਾ ਦੀ ਪਰਖ ਕਰਵਾਉਣ ਗੁਰੇਜ਼ ਨਹੀਂ ਕੀਤਾ।  ਉਨ੍ਹਾਂ ਕਿਹਾ ਕਿ ਜਾਂਚ ਪਿੱਛੋਂ ਲੋਕਾਂ ਨੂੰ ਮੌਕੇ ‘ਤੇ ਹੀ ਰਿਪੋਰਟ ਦੀ ਪ੍ਰਮਾਣਤ ਕਾਪੀ ਵੀ ਦੇ ਦਿੱਤੀ ਜਾਂਦੀ ਹੈ।

Share this Article
Leave a comment