ਨੈਸ਼ਨਲ ਐਡਵਾਈਜ਼ਰੀ ਕਮੇਟੀ ਵੱਲੋਂ ਕੋਵਿਡ-19 ਵੈਕਸੀਨ ਸਬੰਧੀ ਆਪਣੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਨ ਏ ਸੀ ਆਈ ਦਾ ਕਹਿਣਾ ਹੈ ਕਿ ਦੂਜੀ ਡੋਜ਼ ਜਿੰਨੀ ਜਲਦੀ ਸੰਭਵ ਹੋ ਸਕੇ ਓਨੀ ਜਲਦੀ ਲੱਗਣੀ ਚਾਹੀਦੀ ਹੈ।
ਪਹਿਲਾਂ ਐਨ ਏ ਸੀ ਆਈ ਵੱਲੋਂ ਇਹ ਸਿਫਾਰਸ਼ ਕੀਤੀ ਗਈ ਸੀ ਕਿ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਨੂੰ ਚਾਰ ਮਹੀਨਿਆਂ ਤੱਕ ਡਿਲੇਅ ਕੀਤਾ ਜਾ ਸਕਦਾ ਹੈ। ਪਰ ਇਹ ਤਾਜ਼ਾ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਕਈ ਸੂਬੇ ਪਹਿਲਾਂ ਹੀ ਦੂਜੀ ਡੋਜ਼ ਲਾਉਣ ਲਈ ਤੇਜ਼ੀ ਲਿਆ ਰਹੇ ਹਨ। ਐਨ ਏ ਸੀ ਆਈ ਨੇ ਆਪਣੀ ਤਾਜ਼ਾ ਰਲੀਜ਼ ਵਿੱਚ ਆਖਿਆ ਕਿ ਕੈਨੇਡਾ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਵਿੱਚ ਵਾਧਾ ਹੋਣ ਤੋਂ ਬਾਅਦ ਦੂਜੀ ਡੋਜ਼ ਜਲਦ ਤੋਂ ਜਲਦ ਲਗਾਈ ਜਾਣੀ ਚਾਹੀਦੀ ਹੈ।
ਤਰਜੀਹ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ ਜਿਨ੍ਹਾਂ ਨੂੰ ਕੋਵਿਡ-19 ਕਾਰਨ ਬਿਮਾਰ ਹੋਣ ਜਾਂ ਕੋਵਿਡ ਕਾਰਨ ਮੌਤ ਹੋਣ ਦਾ ਖਦਸ਼ਾ ਵੱਧ ਹੈ।ਐਨ ਏ ਸੀ ਆਈ ਨੇ ਆਖਿਆ ਕਿ ਸਪਲਾਈ ਦੀ ਵਾਧ ਘਾਟ ਕਾਰਨ ਵੱਧ ਤੋਂ ਵੱਧ 16 ਹਫਤਿਆਂ ਤੱਕ ਦੂਜੀ ਡੋਜ਼ ਡਿਲੇਅ ਕੀਤੀ ਜਾ ਸਕਦੀ ਹੈ।ਇਹ ਵੀ ਆਖਿਆ ਜਾ ਰਿਹਾ ਹੈ ਕਿ ਪਹਿਲੀ ਡੋਜ਼ ਨਾਲ ਕੁੱਝ ਹੱਦ ਤੱਕ ਬਿਮਾਰੀ ਤੋਂ ਪ੍ਰੋਟੈਕਸ਼ਨ ਮਿਲਦੀ ਹੈ ਪਰ ਹੁਣ ਲੋਕਾਂ ਨੂੰ ਦੂਜੀ ਡੋਜ਼ ਤੇਜ਼ੀ ਨਾਲ ਦੇਣ ਦਾ ਸਮਾਂ ਆ ਗਿਆ ਹੈ। ਐਨ ਏ ਸੀ ਆਈ ਦੇ ਚੇਅਰ ਡਾ• ਕੈਰੋਲੀਨ ਕੁਆਕ-ਥਾਨ੍ਹ ਨੇ ਇੱਕ ਬਿਆਨ ਵਿੱਚ ਆਖਿਆ ਕਿ ਹੁਣ ਅਸੀਂ ਉਸ ਮੁਕਾਮ ਉੱਤੇ ਪਹੁੰਚ ਰਹੇ ਹਾਂ ਜਿੱਥੇ ਸਾਰੇ ਬਾਲਗਾਂ ਤੇ ਕਿਸ਼ੋਰਾਂ ਨੂੰ ਕੋਵਿਡ-19 ਵੈਕਸੀਨ ਦੀਆਂ ਫਰਸਟ ਡੋਜ਼ ਲੱਗਭਗ ਲੱਗ ਚੁੱਕੀਆਂ ਹਨ ਜਾਂ ਲੱਗ ਰਹੀਆਂ ਹਨ।