ਕੋਰੋਨਾ ਦੇ ਨਵੇਂ ਵੈਰੀਅੰਟ ਕਾਰਨ ਪੂਰੀ ਦੁਨੀਆ ‘ਚ ਦਹਿਸ਼ਤ,ਕੈਨੇਡਾ ਨੇ ਫਲਾਈਟਾਂ ‘ਤੇ ਲਾਈ ਪਾਬੰਦੀ

TeamGlobalPunjab
2 Min Read

ਨਿਊਜ਼ ਡੈਸਕ: ਕੋਵਿਡ -19 ਮਹਾਂਮਾਰੀ ਦੇ ਫੈਲਣ ਤੋਂ ਲਗਭਗ ਦੋ ਸਾਲਾਂ ਬਾਅਦ, ਦੁਨੀਆ ਬੀਤੇ ਦਿਨ੍ਹ ਆਏ ਨਵੇਂ ਵੈਰੀਅੰਟ ਨਾਲ ਜੂਝਦੀ ਨਜ਼ਰ ਆ ਰਹੀ ਹੈ। ਵਾਇਰਸ ਦਾ ਇਹ ਰੂਪ ਵੈਕਸੀਨ ਦੁਆਰਾ ਪ੍ਰਦਾਨ ਕੀਤੀ ਗਈ ਸੁਰੱਖਿਆ ਨੂੰ ਨਾਕਾਮ ਕਰਨ ਦੀ ਸੰਭਾਵਨਾ ਰਖਦਾ ਹੈ।

WHO ਦੀ ਇਕ ਕਮੇਟੀ ਨੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ‘ਓਮੀਕ੍ਰੋਨ’ ਦਾ ਨਾਂ ਦਿੱਤਾ ਹੈ ਅਤੇ ਇਸ ਨੂੰ ‘ਬਹੁਤ ਹੀ ਛੂਤ ਵਾਲਾ ਚਿੰਤਾਜਨਕ ਰੂਪ’ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ, ਇਸ ਸ਼੍ਰੇਣੀ ਵਿੱਚ ਕੋਰੋਨਾ ਵਾਇਰਸ ਦਾ ਡੈਲਟਾ ਰੂਪ ਸੀ, ਜਿਸ ਕਾਰਨ ਯੂਰਪ ਅਤੇ ਅਮਰੀਕਾ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੇ ਵੱਡੇ ਪੱਧਰ ‘ਤੇ ਆਪਣੀ ਜਾਨ ਗਵਾਈ ਸੀ। ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ, ਦੁਨੀਆ ਦੇ ਵੱਖ-ਵੱਖ ਦੇਸ਼ ਦੱਖਣੀ ਅਫਰੀਕਾ ਦੇ ਦੇਸ਼ਾਂ ਤੋਂ ਯਾਤਰਾ ਪਾਬੰਦੀਆਂ ਲਗਾ ਰਹੇ ਹਨ ਤਾਂ ਜੋ ਨਵੇਂ ਰੂਪ ਦੇ ਫੈਲਣ ਨੂੰ ਰੋਕਿਆ ਜਾ ਸਕੇ। WHO ਦੀ ਸਲਾਹ ‘ਤੇ ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਈਰਾਨ, ਜਾਪਾਨ, ਥਾਈਲੈਂਡ, ਅਮਰੀਕਾ, ਯੂਰਪੀ ਸੰਘ ਦੇ ਦੇਸ਼ਾਂ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਦੱਖਣੀ ਅਫਰੀਕੀ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਨਵੇਂ ਰੂਪ ਬਾਰੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਇਹ ਤੇਜ਼ੀ ਨਾਲ ਫੈਲਦਾ ਹੈ।’ ਨਵੀਂਆਂ ਯਾਤਰਾ ਪਾਬੰਦੀਆਂ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਫੈਸਲਾ ਕੀਤਾ ਹੈ ਕਿ ਅਸੀਂ ਸਾਵਧਾਨ ਰਹਾਂਗੇ।

ਕੋਵਿਡ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਨੇ ਪਿਛਲੇ 14 ਦਿਨਾਂ ਦੌਰਾਨ ਦੱਖਣੀ ਅਫਰੀਕਾ ਦੇ ਸੱਤ ਦੇਸ਼ਾਂ ਤੋਂ ਹੋ ਕੇ ਆਉਣ ਵਾਲੇ ਲੋਕਾਂ ਦੀ ਐਂਟਰੀ ‘ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਕਈ ਨਵੇਂ ਟੈਸਟਾਂ ਅਤੇ ਕੁਆਰੰਟੀਨ ਦੇ ਦੌਰ ‘ਚੋਂ ਲੰਘਣਾ ਪਏਗਾ, ਜੋ ਪਿਛਲੇ ਦੋ ਹਫ਼ਤਿਆਂ ਵਿੱਚ ਦੱਖਣੀ ਅਫ਼ਰੀਕਾ, ਮੋਜ਼ਾਮਬੀਕ, ਨਾਮੀਬੀਆ, ਜ਼ਿੰਬਾਬਵੇ, ਬੋਤਸਵਾਨਾ, ਲੇਸੋਥੋ ਅਤੇ ਈਸਵਾਤੀਨੀ ਗਏ ਸਨ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੈਨੇਡੀਅਨਾਂ ਨੂੰ ਵਾਪਸੀ ਦੀ ਯਾਤਰਾ ਦੇ ਆਖਰੀ ਪੜਾਅ ਤੋਂ ਪਹਿਲਾਂ ਇੱਕ ਨੈਗੇਟਿਵ ਪੀਸੀਆਰ ਕੋਵਿਡ-19 ਟੈਸਟ ਕਰਵਾਉਣਾ ਪਏਗਾ।

- Advertisement -

ਦੱਸ ਦਈਏ ਕਿ ਇਨ੍ਹਾਂ ਦੇਸ਼ਾਂ ਵਿੱਚ ਕੈਨੇਡਾ ਲਈ ਕੋਈ ਸਿੱਧੀਆਂ ਉਡਾਣਾਂ ਨਹੀਂ ਹਨ, ਫਿਰ ਕੈਨੇਡਾ ਪਹੁੰਚਣ ‘ਤੇ ਟੈਸਟ ਕੀਤਾ ਜਾਵੇਗਾ ਅਤੇ ਜਦੋਂ ਤੱਕ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਨਹੀਂ ਆ ਜਾਂਦੀ ਉਨ੍ਹਾਂ ਨੂੰ ਹੋਟਲ ਵਿੱਚ ਕੁਆਰੰਟੀਨ ਲਈ ਭੇਜਿਆ ਜਾਵੇਗਾ।

Share this Article
Leave a comment