ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ‘ਪੰਜਾਬ ਰਾਜ ਯੁਵਕ ਮੇਲਾ’ 30 ਤੇ 31 ਜਨਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 30 ਜਨਵਰੀ ਨੂੰ ਕਰਨਗੇ।
ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ. ਮਾਮਲੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਯੁਵਕ ਮੇਲੇ ਦੀਆਂ ਤਿਆਰੀਆਂ ਬਾਰੇ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਯੁਵਕ ਮੇਲੇ ਤੇ ਇਸ ਵਿੱਚ ਸ਼ਾਮਲ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਕ ਮੋਬਾਈਲ ਐਪ ਵਿਕਸਤ ਕਰਨ ਲਈ ਕਿਹਾ ਤਾਂ ਕਿ ਲੋਕਾਂ ਨੂੰ ਮੇਲੇ ਦੌਰਾਨ ਹੋਣ ਵਾਲੀਆਂ ਵੱਖ ਵੱਖ ਵੰਨਗੀਆਂ ਤੇ ਪ੍ਰਬੰਧਾਂ ਬਾਰੇ ਪਤਾ ਚੱਲ ਸਕੇ। ਉਨ੍ਹਾਂ ਪੁਲੀਸ ਵਿਭਾਗ ਨੂੰ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕਰਨ ਦੀ ਹਦਾਇਤ ਕੀਤੀ ਤਾਂ ਕਿ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਖੇਡ ਮੰਤਰੀ ਨੇ ਮੇਲੇ ਵਿੱਚ ਪੰਜਾਬ ਭਰ ਦੇ ਡੈਪੋ ਤੇ ਬੱਡੀ ਨੂੰ ਵੀ ਸ਼ਾਮਲ ਕਰਨ ਲਈ ਕਿਹਾ। ਉਨ੍ਹਾਂ ਮੇਲੇ ਦੌਰਾਨ ਪੁੱਜਣ ਵਾਲੇ ਤਕਰੀਬਨ 25 ਹਜ਼ਾਰ ਵਿਦਿਆਰਥੀਆਂ ਦੇ ਰਹਿਣ, ਖਾਣ ਤੇ ਸਫ਼ਾਈ ਦੇ ਪ੍ਰਬੰਧ ਅਗਾਊਂ ਤੌਰ ‘ਤੇ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਦਾ ਅਗਾਊਂ ਪ੍ਰਬੰਧ ਕਰਨ ਦੀ ਹਦਾਇਤ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਐਂਬੂਲੈਂਸ ਤੇ ਹੋਰ ਲਾਜ਼ਮੀ ਸੇਵਾਵਾਂ ਵੀ ਮੌਕੇ ਉਤੇ ਮੁਹੱਈਆ ਕੀਤੀਆਂ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਨੂੰ ਸਫ਼ਲ ਬਣਾਉਣ ਲਈ ਯੁਵਕ ਸੇਵਾਵਾਂ ਵਿਭਾਗ ਨੂੰ ਪੂਰੀ ਤਰ੍ਹਾਂ ਸਰਗਰਮ ਕੀਤਾ ਜਾਵੇ ਤਾਂ ਜੋ ਮੇਲੇ ਦੌਰਾਨ ਭਰਵੀਂ ਹਾਜ਼ਰੀ ਤੇ ਸੱਭਿਆਚਾਰਕ ਵੰਨਗੀਆਂ ਦੀ ਮਿਆਰੀ ਪੇਸ਼ਕਾਰੀ ਸੰਭਵ ਬਣਾਈ ਜਾ ਸਕੇ।
ਇਸ ਮੌਕੇ ਸਕੱਤਰ, ਸੈਰ ਸਪਾਟਾ ਤੇ ਯੁਵਕ ਸੇਵਾਵਾਂ ਹੁਸਨ ਲਾਲ, ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ, ਯੁਵਕ ਸੇਵਾਵਾਂ ਵਿਭਾਗ ਸੰਜੇ ਪੋਪਲੀ, ਏ.ਡੀ.ਜੀ.ਪੀ. (ਐਸ.ਟੀ.ਐਫ.)-ਕਮ-ਵਿਸ਼ੇਸ਼ ਪ੍ਰਮੁੱਖ ਸਕੱਤਰ/ਸੀ.ਐਮ. ਹਰਪ੍ਰੀਤ ਸਿੱਧੂ, ਡੀ.ਆਈ.ਜੀ. (ਐਸ.ਟੀ.ਐਫ.-ਐਡਮਿਨ) ਸੰਜੀਵ ਰਾਮਪਾਲ, ਏ.ਆਈ.ਜੀ. (ਸੁਰੱਖਿਆ) ਪਰਮਦੀਪ ਸਿੰਘ ਸੰਧੂ, ਐਸ.ਡੀ.ਐਮ. ਖਰੜ ਹਿਮਾਂਸ਼ੂ ਜੈਨ, ਡਾਇਰੈਕਟਰ ਚੰਡੀਗੜ੍ਹ ਯੂਨੀਵਰਸਿਟੀ ਸ. ਬਲਬੀਰ ਸਿੰਘ ਢੋਲ ਅਤੇ ਐਸ.ਪੀ. (ਸੁਰੱਖਿਆ) ਮੁਹਾਲੀ ਰਾਜ ਬਲਵਿੰਦਰ ਸਿੰਘ ਮਰਾੜ੍ਹ ਹਾਜ਼ਰ ਸਨ।