ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦੀ ਲੋਕਾਂ ਨੂੰ ਕੀਤੀ ਅਪੀਲ,ਜਾਣੋ ਕੀ ਰਹੇਗਾ ਖੁੱਲ੍ਹਾ ਤੇ ਕੀ ਬੰਦ

TeamGlobalPunjab
3 Min Read

ਨਵੀਂ ਦਿੱਲੀ: ਦੇਸ਼ ਭਰ ਵਿਚ ਇਕ ਵਾਰ ਫਿਰ ਕਿਸਾਨਾਂ ਦਾ ਭਾਰਤ ਬੰਦ ਹੋਣ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ  ਦੀ ਅਗਵਾਈ ‘ਚ 40 ਕਿਸਾਨ ਜਥੇਬੰਦੀਆਂ ਨੇ 27 ਸਤੰਬਰ ਨੂੰ ਭਾਰਤ ਬੰਦ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ਹੈ। ਕਾਂਗਰਸ, ਆਮ ਆਦਮੀ ਪਾਰਟੀ ਤੋਂ ਇਲਾਵਾ ਹੁਣ ਬਸਪਾ ਨੇ ਐਲਾਨ ਕਰ ਦਿੱਤਾ ਹੈ ਕਿ ਸ਼ਾਂਤੀਪੂਰਵਕ ਬੰਦ ਦਾ ਸਮਰਥਨ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਕਾਂਗਰਸ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ 27 ਸਤੰਬਰ ਨੂੰ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ।

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੀ ਹਮਾਇਤ ਦਾ ਐਲਾਨ ਕੀਤਾ। ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਪੰਜਾਬ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਾਰਟੀ ਵਰਕਰ ਬਿਨਾਂ ਪਾਰਟੀ ਦੇ ਝੰਡੇ ਅਤੇ ਨਿਸ਼ਾਨ ਤੋਂ ਕਿਸਾਨਾਂ ਦੇ ਨਾਲ ਸੜਕਾਂ ’ਤੇ ਉੱਤਰਨਗੇ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਨਾ ਸਿਰਫ਼ ਕਿਸਾਨੀ ਲਈ ਬਲਕਿ ਹਰ ਵਰਗ ਲਈ ਮਾਰੂ ਹਨ, ਇਸ ਲਈ ਇਨ੍ਹਾਂ ਦਾ ਰੱਦ ਹੋਣਾ ਬਹੁਤ ਜ਼ਰੂਰੀ ਹੈ। ਉਧਰ, ਦਿੱਲੀ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਦਿੱਲੀ ਬਾਰਡਰਾਂ ਉਤੇ ਸੁਰੱਖਿਆ ਵਧਾ ਦਿੱਤੀ ਗਈ ਹੈ।

27 ਸਤੰਬਰ ਨੂੰ ਭਾਰਤ ਬੰਦ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗਾ ਤੇ ਇਹ ਸ਼ਾਮ ਚਾਰ ਵਜੇ ਤਕ ਜਾਰੀ ਰਹੇਗਾ। ਇਸ ਦੌਰਾਨ ਕਈ ਤਰ੍ਹਾਂ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ। ਕੇਂਦਰ ਅਤੇ ਸੂਬਾ ਸਰਕਾਰ ਦੇ ਦਫ਼ਤਰਾਂ, ਬਾਜ਼ਾਰਾਂ, ਦੁਕਾਨਾਂ, ਕਾਰਖਾਨਿਆਂ, ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਾਰਤ ਬੰਦ ਦੌਰਾਨ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਸੇਵਾਵਾਂ ਸਮੇਤ ਐਮਰਜੈਂਸੀ ਸੇਵਾਵਾਂ ਦੀ ਇਜਾਜ਼ਤ ਹੋਵੇਗੀ।

- Advertisement -

ਇਹ ਰਹਿਣਗੇ ਬੰਦ

  • ਕੇਂਦਰ ਅਤੇ ਸੂਬਾ ਸਰਕਾਰ ਦੇ ਸਾਰੇ ਦਫ਼ਤਰ ਤੇ ਸੰਸਥਾਵਾਂ।
  • ਬਾਜ਼ਾਰ, ਦੁਕਾਨਾਂ ਤੇ ਉਦਯੋਗ- ਸਕੂਲ, ਕਾਲਜ, ਯੂਨੀਵਰਸਿਟੀ ਤੇ ਹਰ ਤਰ੍ਹੇ ਦੇ ਵਿਦਿਅਕ ਅਦਾਰੇ।
  • ਹਰ ਤਰ੍ਹਾਂ ਦਾ ਜਨਤਕ ਆਵਾਜਾਈ ਤੇ ਨਿੱਜੀ ਵਾਹਨ।
  • ਕਿਸੇ ਵੀ ਤਰ੍ਹਾਂ ਦਾ ਸਰਕਾਰੀ ਜਾਂ ਗ਼ੈਰ-ਸਰਕਾਰੀ ਜਨਤਕ ਪ੍ਰੋਗਰਾਮ।

ਮਿਲੇਗੀ ਛੋਟ

  • ਹਸਪਤਾਲ, ਮੈਡੀਕਲ ਸਟੋਰ, ਐਂਬੂਲੈਂਸ ਤੇ ਕੋਈ ਵੀ ਮੈਡੀਕਲ ਸੇਵਾ।
  • ਕਿਸੇ ਵੀ ਤਰ੍ਹਾਂ ਦੀ ਜਨਤਕ (ਫਾਇਰ ਬ੍ਰਿਗੇਡ, ਆਫ਼ਤ ਰਾਹਤ ਆਦਿ) ਜਾਂ ਨਿੱਜੀ ਐਮਰਜੈਂਸੀ (ਮੌਤ, ਬਿਮਾਰੀ, ਵਿਆਹ ਆਦਿ)।
  • ਸਥਾਨਕ ਸੰਗਠਨਾਂ ਵੱਲੋਂ ਦਿੱਤੀ ਗਈ ਹੋਰ ਕੋਈ ਵੀ ਛੋਟ।

Share this Article
Leave a comment