ਚੰਡੀਗਡ਼੍ਹ: ਕਿਸਾਨ ਅੰਦੋਲਨ ਵਿਚਾਲੇ ਪੰਜਾਬ ‘ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਖੇਤੀ ਕਾਨੂੰਨਾਂ ਦੇ ਵਿਰੋਧ ਵਿਚਾਲੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਉਮੀਦਵਾਰ ਮੈਦਾਨ ‘ਚ ਉਤਾਰ ਦਿੱਤੇ ਗਏ ਹਨ।
ਬੀਜੇਪੀ ਨੇ 1235 ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਹੈ। ਹਾਲਾਂਕਿ ਅੱਜ ਨਾਮਜ਼ਦਗੀ ਕਾਗ਼ਜ਼ ਵਾਪਸੀ ਦਾ ਆਖ਼ਰੀ ਦਿਨ ਹੈ। ਇਸ ਤੋਂ ਬਾਅਦ ਸਹੀ ਅੰਕੜਾ ਸਾਹਮਣੇ ਆਵੇਗਾ ਪਰ ਮੌਜੂਦਾ ਸਥਿਤੀ ਵਿੱਚ ਬੀਜੇਪੀ ਨੇ ਪੰਜਾਬ ਦੇ ਅੰਦਰ 60 ਫ਼ੀਸਦੀ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ।
2308 ਵਾਰਡਾਂ ਦੇ ਲਈ ਹੋਣ ਵਾਲੀਆਂ ਚੋਣਾਂ ‘ਚ ਬੀਜੇਪੀ ਵੱਲੋਂ ਉਤਾਰੇ ਗਏ 1235 ਉਮੀਦਵਾਰਾਂ ਤੋਂ ਇੱਕ ਗੱਲ ਸਾਫ਼ ਦਿਖਾਈ ਦੇ ਰਹੀ ਹੈ ਕਿ ਕਿਸਾਨ ਅੰਦੋਲਨ ਦਾ ਵਿਰੋਧ ਝੱਲ ਰਹੀ ਬੀਜੇਪੀ ਨਿਰਾਸ਼ ਨਹੀਂ ਹੈ। ਉਨ੍ਹਾਂ ਦੇ ਵਰਕਰ ਭਾਰੀ ਵਿਰੋਧ ਵਿਚਾਲੇ ਵੀ ਮੈਦਾਨ ‘ਚ ਡਟੇ ਹੋਏ ਹਨ। ਬੀਜੇਪੀ ਇਸ ਤੋਂ ਪਹਿਲਾਂ ਨਗਰ ਨਿਗਮ ਦੀਆਂ ਚੋਣਾਂ ‘ਚ ਸਿਰਫ 20 ਫੀਸਦ ਹੀ ਸੀਟਾਂ ‘ਤੇ ਚੋਣ ਲੜਦੀ ਆ ਰਹੀ ਹੈ। ਪਰ ਇਸ ਵਾਰ ਅਕਾਲੀ ਦਲ ਨਾਲੋਂ ਗੱਠਜੋੜ ਟੁੱਟਣ ਤੋਂ ਬਾਅਦ ਬੀਜੇਪੀ ਆਪਣੇ ਬਲਬੂਤੇ ਚੋਣ ਮੈਦਾਨ ‘ਚ ਨਿੱਤਰੀ ਹੈ।