ਐਂ ਹੁੰਦੀ ਐ ਨਤੀਜਿਆਂ ਤੋਂ ਪਹਿਲਾਂ EVM ਮਸ਼ੀਨਾ ਦੀ ਰਖਵਾਲੀ, ਆਹ ਯੰਤਰ ਰੱਖ ਰਹੇ ਨੇ ਨਿਗ੍ਹਾ

TeamGlobalPunjab
4 Min Read

ਜਲੰਧਰ : 19 ਮਈ ਨੂੰ ਵੋਟਾਂ ਪਾਏ ਜਾਣ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਅੰਦਰ ਇੱਕ ਵਾਰ ਫਿਰ ਉਹ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ, ਜਿਹੜਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਪਾਏ ਜਾਣ ਤੋਂ ਬਾਅਦ ਦੇਖਣ ਨੂੰ ਮਿਲਿਆ ਸੀ। ਆਮ ਆਦਮੀ ਪਾਰਟੀ ਤੇ ਬਸਪਾ ਦੇ ਵਰਕਰਾਂ ਨੇ ਈਵੀਐਮ ਮਸ਼ੀਨਾਂ ਹੈਕ ਕਰਨ ਦਾ ਅੰਦੇਸ਼ਾ ਜਤਾ ਕੇ ਉਨ੍ਹਾਂ ਥਾਵਾਂ ਦੇ ਬਾਹਰ ਦਿਨ ਰਾਤ ਦੇ ਡੇਰੇ ਲਾ ਰਹੇ ਹਨ, ਜਿਨ੍ਹਾਂ ਥਾਵਾਂ ‘ਤੇ ਈਵੀਐਮ ਮਸ਼ੀਨਾ ਨੂੰ ਰੱਖਿਆ ਗਿਆ ਹੈ। ਇਨ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਇਹ ਸ਼ੱਕ ਹੈ, ਕਿ ਭਾਰਤੀ ਜਨਤਾ ਪਾਰਟੀ ਵਾਲੇ ਲੋਕ ਈਵੀਐਮ ਮਸ਼ੀਨਾ ਨੂੰ ਹੈਕ ਕਰਕੇ 23 ਮਈ ਨੂੰ ਲੋਕ ਸਭਾ ਚੋਣਾਂ ਦੇ ਆਉਣ ਵਾਲੇ ਨਤੀਜਿਆਂ ਨੂੰ ਆਪਣੇ ਹੱਕ ਵਿੱਚ ਕਰ ਸਕਦੇ ਹਨ। ਲਿਹਾਜਾ ਉਨ੍ਹਾਂ ਨੇ ਇਨ੍ਹਾਂ ਥਾਵਾਂ ਦੇ ਬਾਹਰ ਟੈਂਟ ਲਾ ਕੇ ਨਾ ਸਿਰਫ ਆਪ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ, ਬਲਕਿ ਸੀਸੀਟੀਵੀ ਕੈਮਰੇ ਵੀ ਲਾ ਦਿੱਤੇ ਗਏ ਹਨ, ਤਾਂ ਕਿ ਬੰਦੇ ਦੀ ਅੱਖ ਤੋਂ ਬਚ ਕੇ ਕੀਤਾ ਗਿਆ ਕੰਮ ਕੈਮਰੇ ਦੀ ਅੱਖ ਤੋਂ ਨਾ ਬਚ ਸਕੇ।

ਇਸ ਸਬੰਧ ਵਿੱਚ ਧੂਰੀ ਦੇ ਦੇਸ਼ ਭਗਤ ਪੋਲੀਟੇਕਨਿਕ ਕਾਲਜ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਨਿਗਰਾਨੀ ਬੂਥ ਵਿੱਚ ਪਹੁੰਚੇ ‘ਆਪ’ ਆਗੂ ਹਰਪਾਲ ਚੀਮਾਂ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਨੂੰ ਹੈਕ ਕਰਨਾ ਬਹੁਤ ਸੌਖਾ ਹੈ, ਜਿਹੜਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਅੰਦਰ ਈਵੀਐਮ ਮਸ਼ੀਨ ਹੈਕ ਕਰਕੇ ਸਾਬਤ ਕਰ ਦਿੱਤਾ ਹੈ। ਲਿਹਾਜਾ ਉਨ੍ਹਾਂ ਨੂੰ ਸ਼ੱਕ ਹੈ ਕਿ ਬੀਜੇਪੀ ਵਾਲੇ ਈਵੀਐਮ ਮਸ਼ੀਨਾ ਹੈਕ ਕਰਕੇ ਨਤੀਜੇ ਆਪਣੇ ਹੱਕ ਵਿੱਚ ਕਰ ਸਕਦੇ ਹਨ। ਇਸੇ ਲਈ ਉਨ੍ਹਾਂ ਨੂੰ ਈਵੀਐਮ ਮਸ਼ੀਨਾਂ ਦੀ ਨਿਗਰਾਨੀ ਵਾਲਾ ਕਦਮ ਚੁੱਕਣਾ ਪਿਆ ਹੈ। ਇੱਥੇ ਮੌਜੂਦ ‘ਆਪ’ ਵਰਕਰਾਂ ਦਾ ਕਹਿਣਾ ਸੀ, ਕਿ ਈਵੀਐਮ ਮਸ਼ੀਨਾਂ ਦੀ ਰਾਖੀ ਲਈ ਉਨਾਂ ਨੂੰ ਪਾਰਟੀ ਵੱਲੋਂ ਕੋਈ ਹੁਕਮ ਨਹੀਂ ਹੈ ਇਹ ਕੰਮ ਉਹ ਆਪਣੇ ਆਪ ਕਰ ਰਹੇ ਹਨ ਤੇ ਇਸ ਦੌਰਾਨ ਹਰ ਆਉਣ ਜਾਣ ਵਾਲੇ ਤੇ ਇੱਥੋਂ ਲੰਘਦੀਆਂ ਗੱਡੀਆਂ ‘ਤੇ ਨਿਗਰਾਨੀ ਰਖੀ ਜਾ ਰਹੀ  ਹੈ।

ਉਧਰ ਦੂਜੇ ਪਾਸੇ ਕੁਝ ਇਹੋ ਜਿਹਾ ਹੀ ਨਜਾਰਾ ਜਲੰਧਰ ਵਿਖੇ ਦੇਖਣ ਨੂੰ ਮਿਲਿਆ ਜਿਥੇ ਬਸਪਾ ਦੇ ਵਰਕਰਾਂ ਵਲੋਂ ਇਸ ਗੱਲ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ ਜਿੱਥੇ ਈਵੀਐਮ ਮਸ਼ੀਨਾ ਨੂੰ ਰੱਖਿਆ ਗਿਆ ਹੈ ਉੱਥੇ ਕੁਝ ਅਣਜਾਣ ਵਿਅਕਤੀ ਲੈਪਟੌਪ ਲੈ ਕੇ ਅੰਦਰ ਗਏ ਸਨ, ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਇੱਥੇ ਕੋਈ ਗੜਬੜ ਕੀਤੀ ਹੋ ਸਕਦੀ ਹੈ। ਇਨ੍ਹਾਂ ਬਸਪਾ ਵਰਕਰਾਂ ਨੇ ਮੰਗ ਕੀਤੀ ਹੈ ਕਿ ਜਿੱਥੇ ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਹਨ, ਉਥੇ ਸੀਸੀਟੀਵੀ ਕੈਮਰੇ ਲਗਾਏ ਜਾਣ।

ਕੁੱਲ ਮਿਲਾ ਕੇ ਵਿਰੋਧੀ ਧਿਰਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਸੱਤਾਧਾਰੀ ਲੋਕ ਈਵੀਐਮ ਮਸ਼ੀਨਾ ਹੈਕ ਕਰਕੇ ਚੋਣਾਂ ਦੇ ਨਤੀਜੇ ਆਪਣੇ ਪੱਖ ਵਿੱਚ ਕਰ ਸਕਦੇ ਹਨ। ਇਸੇ ਲਈ ਉਹ ਆਪਣਾ ਘਰਬਾਰ ਤੇ ਕਾਰੋਬਾਰ ਛੱਡ ਕੇ ਈਵੀਐਮ ਮਸ਼ੀਨਾ ਦੀ ਰਾਖੀ ‘ਤੇ ਆਣ ਬੈਠੇ ਹਨ। ਹੁਣ ਇਨਾਂ ਪਾਰਟੀਆਂ ਦੀ ਇਹ ਨਿਗਰਾਨੀ ਕਿੰਨੀ ਲਾਹੇਵੰਦ ਹੁੰਦੀ ਹੈ ਤੇ ਕਿਹੜਾ ਉਮੀਦਵਾਰ ਬਾਜ਼ੀ ਮਾਰਦਾ ਇਹ ਤਾਂ 23 ਮਈ ਦਾ ਦਿਨ ਹੀ ਤੈਅ ਕਰੇਗਾ, ਪਰ ਇੰਨਾ ਜਰੂਰ ਹੈ ਕਿ ਈਵੀਐਮ ਮਸ਼ੀਨਾ ਦੀ ਨਿਗਰਾਨੀ ਵਾਲੇ ਇਸ ਨਵੇਂ ਰੁਝਾਨ ਨੇ ਲੋਕਤੰਤਰ ਦੇ ਵਿਚਲੇ ਅੱਖਰ ਤੰਤਰ ‘ਤੇ ਜਰੂਰ ਸਵਾਲ ਖੜ੍ਹੇ ਕਰ ਦਿੱਤੇ ਹਨ, ਤੇ ਜੇਕਰ ਇਹ ਤੰਤਰ ਵਾਕਿਆ ਹੀ ਫੇਲ੍ਹ ਸਾਬਤ ਹੋ ਰਿਹਾ ਹੈ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਲੋਕ ਅਤੇ ਤੰਤਰ ਵਿਚਲਾ ਇਹ ਪਾੜਾ ਇੰਨਾ ਵਧ ਜਾਵੇਗਾ ਕਿ ਲੋਕ ਇੱਕ ਪਾਸੇ ਖੜ੍ਹੇ ਹੋ ਜਾਣਗੇ ਤੇ ਤੰਤਰ ਇੱਕ ਪਾਸੇ। ਉਨ੍ਹਾਂ ਹਾਲਾਤਾਂ ਵਿੱਚ ਇਸ ਲੋਕਤੰਤਰ ਨੂੰ ਦੁਨੀਆਂ ਭਰ ਵਿੱਚ ਤਮਾਸ਼ਾ ਬਣਨ ਤੋਂ ਕੋਈ ਨਹੀਂ ਰੋਕ ਪਾਵੇਗਾ।

- Advertisement -

https://youtu.be/Io5eRoghcMo

Share this Article
Leave a comment