ਆਹ ਸੁਣੋ ਬੀਬੀ ਭੱਠਲ ਦਾ ਚਾਂਟਾ ਕਾਂਡ ‘ਚ ਨਵਾਂ ਬਿਆਨ, ਕਿਹਾ ਮੁੰਡਾ ਹਮਲਾ ਕਰਨ ਆਇਆ ਸੀ, ਮੈਂ ਤਾਂ ਬਚਣ ਲਈ ਦਿੱਤਾ ਸੀ ਧੱਕਾ

TeamGlobalPunjab
4 Min Read

ਚੰਡੀਗੜ੍ਹ : ਜਿਵੇਂ ਕਿ ਤੁਹਾਨੂੰ ਪਤਾ ਹੈ ਬੀਤੇ ਦਿਨੀਂ ਸੰਗਰੂਰ ਦੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਬੁਸ਼ਹਿਰਾ ਵਿੱਚ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪੰਜਾਬ ਦੀ ਸਾਬਕਾ ਮੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਬੀਬੀ ਜੀ ਇੱਕ ਵਿਅਕਤੀ ਨੂੰ ਚਾਂਟਾ ਮਾਰਦੇ ਦਿਖਾਈ ਦਿੰਦੇ ਹਨ। ਜਿਸ ਤੋਂ ਬਾਅਦ ਜਿੱਥੇ ਚਾਂਟਾ ਖਾਣ ਵਾਲੇ ਵਿਅਕਤੀ ਨੇ ਬੀਬੀ ਭੱਠਲ ‘ਤੇ ਇਹ ਦੋਸ਼ ਲਾਇਆ ਕਿ ਉਸ ਨੇ ਹਲਕੇ ਦੇ ਵਿਕਾਸ ਬਾਰੇ ਸਵਾਲ ਕੀਤੇ ਸੀ, ਤੇ ਬੀਬੀ ਨੇ ਚਾਂਟਾ ਕੱਢ ਮਾਰਿਆ, ਉੱਥੇ ਦੂਜੇ ਪਾਸੇ ਉਸ ਵੇਲੇ ਬੀਬੀ ਨੇ ਇਹ ਕਿਹਾ ਸੀ ਕਿ ਉਨ੍ਹਾਂ ਨੇ ਉਸ ਨੌਜਵਾਨ ਨੂੰ ਸਿਰਫ ਪਾਸੇ ਹਟਾਇਆ ਸੀ, ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਉਸ ਨੂੰ ਸਾਡਾ ਚੋਣ ਜਲਸਾ ਖਰਾਬ ਕਰਨ ਲਈ ਭੇਜਿਆ ਸੀ। ਪਰ ਸਮੇਂ ਦੇ ਨਾਲ ਹੀ ਇਸ ਮਾਮਲੇ ਨੇ ਵੀ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ। ਬੀਬੀ ਭੱਠਲ ਨੇ ਮੀਡੀਆ ਨੂੰ ਇਸ ‘ਤੇ ਇੱਕ ਵਾਰ ਫਿਰ ਸਪੱਸ਼ਟੀਕਰਨ ਦਿੱਤਾ ਹੈ, ਤੇ ਕਿਹਾ ਹੈ, ਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਨੌਜਵਾਨ ਉਨ੍ਹਾਂ ‘ਤੇ ਹਮਲਾ ਕਰ ਸਕਦਾ ਹੈ, ਇਸ ਲਈ ਉਨ੍ਹਾਂ ਨੇ ਆਪਣੇ ਬਚਾਅ ਵਿੱਚ ਉਸ ਨੌਜਵਾਨ ਨੂੰ ਧੱਕਾ ਮਾਰ ਕੇ ਪਰ੍ਹਾਂ ਕੀਤਾ ਸੀ। ਬੀਬੀ ਦੇ ਇਸ ਨਵੇਂ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਕੈਪਟਨ ਦੀ ਇਸ ਹਲਕੇ ਵਿੱਚ ਰੈਲੀ ਹੋਣ ਵਾਲੀ ਹੈ, ਤੇ ਕੁਝ ਪਿੰਡਾਂ ਵਾਲਿਆਂ ਨੇ ਕਾਂਗਰਸ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੋਇਆ ਹੈ। ਅਜਿਹੇ ਵਿੱਚ ਦੋਸ਼ ਹਨ ਕਿ ਬੀਬੀ ਭੱਠਲ ਬਾਈਕਾਟ ਕਰਨ ਵਾਲੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਹੀ ਅਜਿਹਾ ਬਿਆਨ ਦੇ ਰਹੇ ਹਨ।

ਇਸ ਸਬੰਧ ਵਿੱਚ ਬੀਬੀ ਭੱਠਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮਾਮਲਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਬਸ਼ਹਿਰਾ ਵਿਖੇ ਕਾਂਗਰਸ ਦੇ ਇੱਕ ਚੋਣ ਜਲਸੇ ਦੌਰਾਨ ਕੁਝ ਨੌਜਵਾਨਾਂ ਨੇ ਰੁਕਾਵਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਛਾਲ ਮਾਰ ਕੇ ਸਟੇਜ਼ ‘ਤੇ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਜਿਉਂ ਹੀ ਉਨ੍ਹਾਂ ਨੇ ਉਸ ਨੌਜਵਾਨ ਨੂੰ ਆਪਣੇ ਵੱਲ ਵਧਦੇ ਦੇਖਿਆ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਨੌਜਵਾਨ ਉੱਥੇ ਮੌਜੂਦ ਲੋਕਾਂ ਵਿੱਚੋਂ ਉਨ੍ਹਾਂ ਸਣੇ ਕਿਸੇ ‘ਤੇ ਵੀ ਹਮਲਾ ਕਰ ਸਕਦਾ ਹੈ। ਭੱਠਲ ਅਨੁਸਾਰ ਇਸੇ ਸ਼ੱਕ ਅਧੀਨ ਉਨ੍ਹਾਂ ਨੇ ਉਸ ਨੌਜਵਾਨ ਨੂੰ ਧੱਕਾ ਮਾਰ ਕੇ ਪਰ੍ਹਾਂ ਕੀਤਾ ਸੀ।

ਬੀਬੀ ਰਜਿੰਦਰ ਕੌਰ ਭੱਠਲ ਅਨੁਸਾਰ ਜੇਕਰ ਉਨ੍ਹਾਂ ਨੌਜਵਾਨ ਵੱਲੋਂ ਸਵਾਲ ਹੀ ਪੁੱਛਣੇ ਸਨ ਤਾਂ ਉਹ ਆਪਣੀ ਜਗ੍ਹਾ ‘ਤੇ ਸਟੇਜ ਤੋਂ ਥੱਲੇ ਖੜ੍ਹੇ ਹੋ ਕੇ ਵੀ ਸਵਾਲ ਪੁੱਛ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤੇ ਚੋਣ ਜਲਸਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਅਜਿਹੇ ਵਿੱਚ ਵੀ ਉਨ੍ਹਾਂ ਨੇ ਉਸ ਨੌਜਵਾਨ ਨੂੰ ਥੱਪੜ ਨਹੀਂ ਮਾਰਿਆ, ਬਲਕਿ ਆਤਮ ਰੱਖਿਆ ਵਿੱਚ ਸਿਰਫ ਧੱਕਾ ਦਿੱਤਾ ਸੀ।

ਇਹ ਤਾਂ ਸੀ ਉਹ ਬਿਆਨ ਜਿਹੜਾ ਬੀਬੀ ਰਜਿੰਦਰ ਕੌਰ ਭੱਠਲ ਨੇ ਤਾਜਾ-ਤਾਜਾ ਦਿੱਤਾ ਹੈ, ਤੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ। ਹੁਣ ਬੀਬੀ ਭੱਠਲ ਵਾਲਾ ਇਹ ਬਿਆਨ ਸੱਚਾ ਹੈ ਜਾਂ ਪਹਿਲਾਂ ਵਾਲਾ, ਇਹ ਤਾਂ ਅਜੇ ਸਪੱਸ਼ਟ ਨਹੀਂ ਹੋ ਪਾਇਆ ਹੈ, ਪਰ ਇੰਨਾ ਜਰੂਰ ਹੈ ਕਿ ਬੀਬੀ ਵੱਲੋਂ ਦਿੱਤੇ ਗਏ ਇਸ ਨਵੇਂ ਬਿਆਨ ਤੋਂ ਬਾਅਦ ਲੋਕਾਂ ਨੇ ਉਸ ਚਾਂਟਾ ਕਾਂਡ ਦੀ ਵੀਡੀਓ ਨੂੰ ਇੱਕ ਵਾਰ ਫਿਰ ਖੋਲ੍ਹ ਕੇ ਇਹ ਦੇਖਣਾ ਸ਼ੁਰੂ ਕਰ ਦਿੱਤਾ ਹੈ, ਕਿ ਬੀਬੀ ਸੱਚ ਬੋਲ ਰਹੀ ਹੈ, ਜਾਂ ਨਹੀਂ? ਪਰ ਭੋਲੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਵੀਡੀਓ ਵਿਚਲੇ ਤੱਥਾਂ ਨੂੰ ਕੋਈ ਮਰਜੀ ਆਪਣੇ ਹੱਕ ਵਿੱਚ ਇਸਤਿਮਾਲ ਕਰਨ ਦੀ ਕੋਸ਼ਿਸ਼ ਕਰੀ ਜਾਵੇ, ਅਸਲ ਜਾਂਚ ਤਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਵਰਗੇ ਪੁਲਿਸ ਅਧਿਕਾਰੀਆਂ ਨੇ ਕਰਨੀ ਹੁੰਦੀ ਹੈ, ਜਿਹੜਾ ਕਿ ਅਜੇ ਤੱਕ ਮਾਮਲਾ ਪੁਲਿਸ ਵਿੱਚ ਪਹੁੰਚਿਆ ਹੀ ਨਹੀਂ ਹੈ।

- Advertisement -

https://youtu.be/qyQJlwlxIFY

Share this Article
Leave a comment