ਆਹ ਨੀਟੂ ਸ਼ਟਰਾਂਵਾਲੇ ਦੀ ਘਰਵਾਲੀ ਨੇ ਵੀ ਵੋਟ ਨਹੀਂ ਪਾਈ ਉਸ ਨੂੰ? ਰੋ-ਰੋ ਬੁਰਾ ਹਾਲ, ਕਹਿੰਦਾ ਸਾਰੇ ਚੋਰ ਨੇ

TeamGlobalPunjab
3 Min Read

ਜਲੰਧਰ : ਸੂਬੇ ਵਿੱਚ ਜਿਉਂ ਜਿਉਂ ਚੋਣਾਂ ਦੇ ਨਤੀਜੇ ਸਾਹਮਣੇ ਆਉਂਦੇ ਜਾ ਰਹੇ ਹਨ, ਤਿਉਂ ਤਿਉਂ ਕਿਤੇ ਬੈਂਡ, ਵਾਜੇ, ਢੋਲ ਅਤੇ ਪੀਪਣੀਆਂ ਵੱਜ ਰਹੀਆਂ ਹਨ, ਤੇ ਕਿਤੇ ਲੋਕ ਖੁਸ਼ੀ ਮਨਾਉਣ ਲਈ ਮੰਗਾਏ ਗਏ ਲੱਡੂ ਕੰਧ ਨਾਲ ਮਾਰ ਕੇ ਸਿਰ ਫੜ ਬੈਠੇ ਹਨ। ਅਜਿਹੇ ਵਿੱਚ ਚੋਣ ਨਤੀਜੇ ਦੇਖ ਕੇ ਜਲੰਧਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਨੀਟੂ ਸ਼ਟਰਾਂਵਾਲੇ ਦਾ ਰੋ ਰੋ ਬੁਰਾ ਹਾਲ ਹੈ। ਇਸ ਉਮੀਦਵਾਰ ਨੂੰ ਇਸ ਗੱਲ ਦਾ ਸਦਮਾ ਹੈ ਕਿ ਇਸ ਦੇ ਪਰਿਵਾਰ ਦੀਆਂ ਕੁੱਲ 9 ਵੋਟਾਂ ਹਨ, ਤੇ ਵੋਟਾਂ ਦੀ ਗਿਣਤੀ ਵੇਲੇ ਪਤਾ ਲੱਗਾ ਹੈ ਕਿ ਨੀਟੂ ਸ਼ਟਰਾਂਵਾਲੇ ਨੂੰ ਕੁੱਲ 5 ਵੋਟਾਂ ਪਈਆਂ ਹਨ। ਆਪਣੇ ਦੋਨਾਂ ਹੱਥਾਂ ਵਿੱਚ ਮੂੰਹ ਨੂੰ ਲਕੋਂਦਿਆਂ ਨੀਟੂ ਸ਼ਟਰਾਂਵਾਲਾ ਕਹਿੰਦਾ ਹੈ ਕਿ ਸਾਰੇ ਚੋਰ ਹਨ ਮੈਂ ਅੱਜ ਤੋਂ ਬਾਅਦ ਚੋਣ ਨਹੀਂ ਲੜਾਂਗਾ ਕਿਉਂਕਿ ਇਸ ਚੋਣ ਪ੍ਰਕਿਰਿਆ ਦੌਰਾਨ ਮੇਰੇ ਨਾਲ ਬੇਈਮਾਨੀ ਕੀਤੀ ਗਈ ਹੈ।

ਨੀਟੂ ਸ਼ਟਰਾਂਵਾਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲੇ ਵਾਲਿਆਂ ਨੇ ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਉਨ੍ਹਾਂ (ਨੀਟੂ ਸ਼ਟਰਾਂਵਾਲੇ) ਨੂੰ ਵੋਟਾਂ ਪਾਈਆਂ ਸਨ। ਇਹ ਤਾਂ ਈਵੀਐਮ ਮਸ਼ੀਨਾ ਵਿੱਚ ਬੇਈਮਾਨੀ ਕੀਤੀ ਗਈ ਹੈ। ਨੀਟੂ ਸ਼ਟਰਾਂਵਾਲੇ ਨੇ ਇਸ ਚੋਣ ਪ੍ਰਕਿਰਿਆ ‘ਤੇ ਨਫ਼ਰਤ ਨਾਲ ਮੂੰਹ ਬਣਾਉਦਿਂਆਂ ਕਿਹਾ ਕਿ ਉਸ ਨੇ ਬੜੀ ਮਜ਼ਬੂਰੀ ਨਾਲ ਇਹ ਚੋਣ ਲੜੀ ਸੀ, ਪਰ ਇਸ ਚੋਣ ਵਿੱਚ ਬੇਈਮਾਨੀ ਕੀਤੀ ਗਈ ਹੈ। ਲਿਹਾਜਾ ਹੁਣ ਉਹ ਭਵਿੱਖ ਵਿੱਚ ਕਦੀ ਚੋਣ ਨਹੀਂ ਲੜੇਗਾ। ਨੀਟੂ ਨੇ ਕਿਹਾ ਕਿ ਚੋਣਾਂ ਦੇ ਇਹ ਨਤੀਜੇ ਦੇਖ ਕੇ ਉਨ੍ਹਾਂ ਦਾ ਹੌਂਸਲਾ ਟੁੱਟ ਚੁੱਕਿਆ ਹੈ, ਕਿਉਂਕਿ ਉਨ੍ਹਾਂ ਨੂੰ ਸਿਰਫ 5 ਵੋਟਾਂ ਪਈਆਂ ਹਨ। ਨੀਟੂ ਸ਼ਟਰਾਂਵਾਲੇ ਨੇ ਦੋਸ਼ ਲਾਉਂਦਿਆਂ ਕਿਹਾ ਕਿ ਜਿਹੜੇ ਲੋਕ ਵੋਟਾਂ ਪਾਉਣ ਜਾਂਦੇ ਹਨ, ਉਹ ਵੀ ਚੋਰ ਹਨ ਸ਼ਾਇਦ ਇਸੇ ਲਈ ਚੋਣ ਕਮਿਸ਼ਨ ਵੋਟ ਪਾਉਣ ਲੱਗਿਆਂ ਸਾਡੀ ਉਂਗਲੀ ‘ਤੇ ਨਿਸ਼ਾਨ ਲਾਉਦਾ ਹੈ, ਤਾਂ ਕਿ ਲੋਕ ਬੇਈਮਾਨੀ ਕਰਕੇ ਇੱਕ ਤੋਂ ਵੱਧ ਵੋਟ ਨਾ ਪਾ ਸਕਣ। ਉਨ੍ਹਾਂ ਸਵਾਲ ਕੀਤਾ ਕਿ ਇਸ ਸਿਸਟਮ ਨੂੰ ਬੇਈਮਾਨ ਅਤੇ ਚੋਰ ਨਹੀਂ ਕਹਾਂਗੇ ਤਾਂ ਹੋਰ ਕੀ ਹੈ?

ਦੱਸ ਦਈਏ ਕਿ 35 ਸਾਲਾ ਨੀਟੂ ਸ਼ਟਰਾਂਵਾਲਾ ਪੇਸ਼ੇ ਤੋਂ ਸ਼ਟਰ ਠੀਕ ਕਰਨ ਦਾ ਕੰਮ ਕਰਦਾ ਹੈ ਤੇ ਉਸ ਦੀ ਮਹੀਨਾਵਾਰ ਆਮਦਨ 10  ਤੋਂ 12 ਹਜ਼ਾਰ ਰੁਪਏ ਹੈ। ਨੀਟੂ ਦੇ ਚਾਰ ਬੱਚੇ ਹਨ ਜਿਨ੍ਹਾਂ ਵਿੱਚ ਦੋ ਕੁੜੀਆਂ ਤੇ ਦੋ ਮੁੰਡੇ ਸ਼ਾਮਲ ਹਨ। ਇਹ ਚੋਣ ਲੜਨ ਲਈ ਨੀਟੂ ਨੇ ਆਪਣੀ ਚਲਦੀ ਦੁਕਾਨ ਬੰਦ ਕਰ ਲਈ ਸੀ ਤੇ ਉਸ ਦਾ ਕਹਿਣਾ ਸੀ ਕਿ ਜੇਕਰ ਗਰੀਬ ਆਪਣੇ ਵਰਗੇ ਗਰੀਬਾਂ ਦੇ ਹੱਕ ਵਿੱਚ ਨਹੀਂ ਖਲੋਵੇਗਾ ਤਾਂ ਕੋਈ ਵੀ ਗਰੀਬਾਂ ਦੇ ਹੱਕ ਵਿੱਚ ਮਦਦ ਲਈ ਨਹੀਂ ਆਵੇਗਾ। ਇਸ ਲਈ ਉਸ ਨੇ ਇਹ ਚੋਣ ਲੜਨ ਦਾ ਫੈਸਲਾ ਲਿਆ ਸੀ। ਸ਼ਾਇਦ ਇਸੇ ਲਈ ਇਹ ਚੋਣ ਨਤੀਜੇ ਦੇਖ ਕੇ ਨੀਟੂ ਸ਼ਟਰਾਂਵਾਲਾ ਭੁੱਬਾਂ ਮਾਰ ਮਾਰ ਕੇ ਰੋਇਆ ਹੈ। ਪਰ ਕੌਣ ਪੁੱਛਦਾ ਹੈ ਜਨਾਬ? ਇੱਥੇ ਤਾਂ ਸੋਚ ਇਹ ਹੈ,ਕਿ ਜਿੱਥੇ ਕਰੋੜਾਂ ਰੋਂਦੇ ਨੇ ਉੱਥੇ ਇੱਕ ਹੋਰ ਸਹੀ।

Share this Article
Leave a comment