ਸੰਗਰੂਰ : ਗਣਤੰਤਰ ਦਿਹਾੜੇ ਦਾ ਮੌਕਾ ਹੈ ਤੇ ਇਸ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਸੂਬੇ ਦੇ ਸਾਰੇ ਜਿਲਿਆਂ ਅੰਦਰ ਲੋਕਾਂ ਨੂੰ ਸਨਮਾਨਿਤ ਵੀ ਕਰਦੇ ਦਿਸੇ। ਪਰ ਸੰਗਰੂਰ ਵਿੱਚ ਅੱਜ ਜੋ ਕੁਝ ਹੋਇਆ ਉਸ ਨੂੰ ਦੇਖਦਿਆਂ ਪੰਜਾਬ ਸਰਕਾਰ ਦੇ ਵਿਰੋਧੀਆਂ ਨੂੰ ਇਹ ਕਹਿਣ ਦਾ ਮੌਕਾ ਮਿਲ ਗਿਆ ਕਿ ਲਓ ਬਈ ਹੁਣ ਤਾਂ ਅਜ਼ਾਦੀ ਘੁਲਾਟੀਏ ਵੀ ਇਸ ਸਰਕਾਰ ਨੂੰ ਨਾ-ਕਾਰਨ ਲੱਗ ਪਏ ਹਨ। ਹੁਣ ਤਾਂ ਲੋਕਾਂ ਨੂੰ ਸਮਝਣਾਂ ਚਾਹੀਦਾ ਹੈ ਕਿ ਇਹ ਸਰਕਾਰ ਲੋਕ ਹਿੱਤ ਵਿੱਚ ਨਹੀਂ ਹੈ ਲਿਹਾਜ਼ਾ ਆਉਂਦੀਆਂ ਚੋਣਾਂ ਵਿੱਚ ਸਾਨੂੰ ਵੋਟਾਂ ਪਾਓ। ਹੋਇਆ ਇੰਝ ਕਿ ਇਸ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਅਜ਼ਾਦੀ ਘੁਲਾਟੀਏ ਤੇ ਨੇਤਾ ਜੀ ਸੁਭਾਸ ਚੰਦਰ ਬੋਸ ਦੇ ਡਰਾਇਵਰ ਰਹਿ ਚੁੱਕੇ ਗੁਰਦਿਆਲ ਸਿੰਘ ਨੂੰ ਸਨਮਾਨਿਤ ਕਰਨਾ ਚਾਹਿਆ ਪਰ ਉਨ੍ਹਾਂ ਨੂੰ ਉਸ ਵੇਲੇ ਭਾਰੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਗੁਰਦਿਆਲ ਸਿੰਘ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ।
ਗੁਰਦਿਆਲ ਸਿੰਘ ਤੇ ਉਸ ਦੇ ਪਰਿਵਾਰ ਨੂੰ ਸ਼ਕਾਇਤ ਸੀ ਕਿ ਉਨ੍ਹਾਂ ਨੇ ਆਪਣੀ ਸਾਰੀ ਜਿੰਦਗੀ ਦੇਸ਼ ਸੇਵਾ ਦੀ ਖਾਤਰ ਲੰਘਾ ਦਿੱਤੀ ਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਆਪਣੀਆਂ ਜਾਨਾਂ ਦੀ ਪਰਵਾਹ ਵੀ ਨਹੀਂ ਕੀਤੀ।ਪਰ ਅਜ਼ਾਦੀ ਤੋਂ ਬਾਅਦ ਅੱਜ ਉਨ੍ਹਾਂ ਦੀ ਆਪਣੀ ਸਰਕਾਰ ਹੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਜ਼ਰ ਅੰਦਾਜ ਕਰਕੇ ਵਿੱਤਕਰੇ ਵਾਲਾ ਬਤੀਰਾ ਕਰ ਰਹੀ ਹੈ। ਇਸ ਮੌਕੇ ਗੁਰਦਿਆਲ ਸਿੰਘ ਦੀ ਬੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਕਦੇ ਵੀ ਉਹ ਕਿਸੇ ਵਾਹਨ ਵਿੱਚ ਸੜਕ ਤੇ ਸ਼ਫਰ ਕਰਦੇ ਹਨ ਤਾਂ ਉਨ੍ਹਾਂ ਦਾ ਟੋਲ ਟੈਕਸ ਮਾਫ ਹੋਣ ਦੇ ਬਾਵਜੂਦ ਟੋਲ ਟੈਕਸ ਵਾਲੇ ਉਨ੍ਹਾਂ ਦੀ ਇੱਕ ਨਹੀਂ ਸੁਣਦੇ ਤੇ ਉਨ੍ਹਾਂ ਤੋਂ ਹਰ ਹਾਲਤ ਵਿੱਚ ਟੋਲ ਟੈਕਸ ਵਸੂਲ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਇਸ ਦੀ ਸ਼ਕਾਇਤ ਕੀਤੇ ਜਾਣ ਦੇ ਬਾਵਜੂਦ ਪ੍ਰਸ਼ਾਸ਼ਨ ਵੱਲੋਂ ਇਹ ਸਭ ਨਜ਼ਰ ਅੰਦਾਜ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹਰ ਛੋਟੀ-ਛੋਟੀ ਗੱਲ ਲਈ ਉਨ੍ਹਾਂ ਨੂੰ ਸਰਕਾਰੀ ਬਾਬੂਆਂ ਦੀਆਂ ਮਿਨਤਾਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਘਰ ਦੇ ਮੀਟਰ ਵਾਲਾ ਲੋਡ੍ਹ ਵਧਵਾਉਣ ਲਈ ਉਨ੍ਹਾਂ ਬਿਜਲੀ ਮਹਿਕਮੇਂ ਦੇ ਦਫਤਰਾਂ ਵਿੱਚ ਗੇੜੇ ਮਾਰ-ਮਾਰ ਜੁੱਤੀਆਂ ਘਸਾ ਲਈਆਂ ਹਨ ਪਰ ਉੱਥੇ ਅਜ਼ਾਦੀ ਘੁਲਾਟੀਆਂ ਨੂੰ ਕੋਈ ਨਹੀਂ ਪੁੱਛਦਾ।