ਆਹ! ਕੀ ਕਰਤਾ ਬਿਜਲੀ ਵਾਲਿਆਂ ਨੇ, ਜੇ ਹਰਟ ਫੇਲ੍ਹ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੈ?

Prabhjot Kaur
2 Min Read

ਫਰੀਦਕੋਟ : ਹਿੰਦੀ ਦੀ ਇੱਕ ਕਹਾਵਤ ਦੇ ਜੇਕਰ ਪੰਜਾਬੀ ਵਿੱਚ ਤਰਜ਼ਮਾ ਕੀਤਾ ਜਾਵੇ ਤਾਂ ਉਸ ਦਾ ਮਤਲਬ ਨਿੱਕਲਦਾ ਸਿਰ ਮੁਨਵਾਉਂਦਿਆਂ ਹੀ ਗੜੇ ਪੈ ਗਏ। ਪਰ ਇਹ ਤੁਸੀਂ ਸਾਰਿਆਂ ਨੇ ਅੱਜ ਤੱਕ ਸਿਰਫ ਸੁਣਿਆ ਹੀ ਹੋਵੇਗਾ ਤੇ ਅੱਜ ਦੇਖ ਵੀ ਲਓ ਫਿਰ। ਇਸ ਮੁਹਾਵਰੇ ਵਾਲਾ ਈ ਹਾਲ ਹੋਇਆ ਹੈ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ‘ਚ ਰਹਿਣ ਵਾਲੇ ਅੰਗਰੇਜ਼ ਸਿੰਘ ਨਾਲ। ਜਿਸ ਕੋਲ ਇੱਕ ਸਮੇਂ ਆਪਣਾ ਘਰ ਬਨਾਉਣ ਦੇ ਵੀ ਪੈਸੇ ਨਹੀਂ ਸਨ ਉਸ ਦੇ ਹੋਸ਼ ਉਸ ਸਮੇਂ ਉੱਡ ਗਏ ਜਦੋਂ ਉਸ ਨੇ ਆਪਣੇ ਘਰ ਦਾ ਬਿੱਲ ਦੇਖਿਆ। ਇਸ ਸਬੰਧ ਵਿੱਚ ਸਿਰ ਫੜ ਕੇ ਬੈਠੇ ਅੰਗਰੇਜ਼ ਸਿੰਘ ਮੁਤਾਬਕ ਉਸ ਨੇ ਤਾਂ ਪਹਿਲਾਂ ਹੀ ਆਪਣਾ ਘਰ ਸਰਕਾਰ ਵੱਲੋਂ ਮਿਲੀ ਮਦਦ ਨਾਲ ਉਸਰਿਆ ਤੇ ਹੁਣ ਬਿਜਲੀ ਮਹਿਕਮੇਂ ਨੇ ਉਸ ਦੇ ਉਸੇ ਘਰ ਦਾ ਬਿੱਲ 10 ਲੱਖ 63 ਹਜ਼ਾਰ 940 ਰੁਪਏ ਭੇਜ ਦਿੱਤਾ ਹੈ। ਤੁਸੀਂ ਵੀ ਇਹ ਸੁਣ ਕੇ ਹੈਰਾਨ ਰਹਿ ਜਾਵੋਂਗੇ ਕਿ ਇਸ ਗਰੀਬ ਮਜ਼ਦੂਰ ਦੇ ਘਰ ਰੌਸ਼ਨੀ ਲਈ ਸਿਰਫ ਇੱਕ ਬਲਬ ਤੋਂ ਇਲਾਵਾ ਕੋਈ ਵੀ ਬਿਜਲੀ ਨਾਲ ਚੱਲਣ ਵਾਲੀ ਚੀਜ਼ ਨਹੀਂ ।

ਇਸ ਬਾਰੇ ਪਛੜੀ ਸ਼੍ਰੇਣੀ ਆਗੂ ਨਿਹਾਲ ਸਿੰਘ ਨੇ ਵੀ ਅੰਗਰੇਜ਼ ਸਿੰਘ ਦੇ ਹੱਕ ਵਿੱਚ ਅਵਾਜ਼ ਚੁੱਕਦਿਆਂ ਦੋਸ਼ ਲਾਇਆ ਕਿ  ਪਾਵਰਕਾਮ ਦੇ ਮੁਲਾਜ਼ਮਾਂ ਨੇ ਪਹਿਲਾਂ ਵੀ 25 ਗਰੀਬ ਪਰਿਵਾਰਾਂ ਦੇ ਬਿਜਲੀ ਦੇ ਕਨੈਕਸ਼ਨ ਕੱਟ ਦਿੱਤੇ ਸਨ ਤੇ ਹੁਣ ਵੀ ਅੰਗਰੇਜ਼ ਸਿੰਘ ਨੂੰ ਇੰਨਾ ਵੱਡਾ ਬਿੱਲ ਭੇਜ ਕੇ ਉਸ ਦੀ ਗਰੀਬੀ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿਹੜੇ ਲੋਕ ਅਜਿਹੇ ਪੁੱਠੇ ਸਿੱਧੇ ਕੰਮ ਕਰਕੇ ਗਰੀਬਾਂ ਦਾ ਮਜ਼ਾਕ ਉਡਾਉਂਦੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।

ਇੱਧਰ ਦੂਜੇ ਪਾਸੇ ਬਿਜਲੀ ਮਿਹਕਮੇ ਦੇ ਨਿਗਰਾਨ ਇੰਜਨੀਅਰ ਜਸਬੀਰ ਸਿੰਘ ਭੁੱਲਰ ਨੇ ਤਰਕ ਦਿੱਤਾ ਕਿ ਜੋ ਲੋਕ ਡਿਫਾਲਟਰ ਹਨ ਸਿਰਫ ਉਨ੍ਹਾਂ ਦੇ ਹੀ ਕੰਨੈਕਸ਼ਨ ਬੰਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ ਸਿੰਘ ਦੇ ਇਸ ਬਿੱਲ ਸਬੰਧੀ ਐਸਡੀਓ ਵੱਲੋਂ ਪੜਤਾਲ ਕੀਤੀ ਜਾਵੇਗੀ।

Share this Article
Leave a comment