‘ਆਪ’ ਦੀ ਦਿੱਲੀ ‘ਚ ਜਿੱਤ ਤੋਂ ਬਾਅਦ ਛੋਟੇ ਢੀਂਡਸਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ ਦਿੱਲੀ ‘ਚ ਅਕਾਲੀ ਦਲ ਦੀ ਸਥਿਤੀ ਹੋਈ ਹਾਸੋਹੀਣੀ

TeamGlobalPunjab
2 Min Read

ਸੰਗਰੂਰ : ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਨੂੰ ਕੇਵਲ 8 ਸੀਟਾਂ ਹੀ ਨਸੀਬ ਹੋਈਆਂ ਤਾਂ ਦੂਜੇ ਪਾਸੇ ਕਾਂਗਰਸ ਨੂੰ ਜ਼ੀਰੋ ਨਾਲ ਸਬਰ ਕਰਨਾ ਪਿਆ। ਇਸ ਬਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁਕੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਛੋਟੇ ਢੀਂਡਸਾ ਨੇ ਇਸ ਜਿੱਤ ‘ਤੇ ਜਿੱਥੇ ਆਮ ਆਦਮੀ ਪਾਰਟੀ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਇਹ ਵੀ ਮੰਨਿਆ ਕਿ ਦਿੱਲੀ ਵਿੱਚ ਹੋਏ ਵਿਕਾਸ ਕਾਰਨ ਹੀ ਆਮ ਆਦਮੀ ਪਾਰਟੀ ਦੀ ਇੰਨੀ ਸ਼ਾਨਦਾਰ ਜਿੱਤ ਹੋਈ ਹੈ।

ਉਨ੍ਹਾਂ ਬੋਲਦਿਆਂ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਸਖਤ ਪ੍ਰਤੀਕਿਰਿਆ ਦਿੱਤੀ। ਛੋਟੇ ਢੀਂਡਸਾ ਨੇ ਕਿਹਾ ਕਿ ਦਿੱਲੀ ਵਿੱਚ ਅਕਾਲੀ ਦਲ ਨੇ ਆਪਣੀ ਸਥਿਤੀ ਬੜੀ ਹਾਸੋਹੀਣੀ ਕਰ ਲਈ ਹੈ। ਛੋਟੇ ਢੀਂਡਸਾ ਮੁਤਾਬਿਕ ਪਹਿਲਾਂ ਸੀਏਏ ਨੂੰ ਮੁੱਦਾ ਬਣਾ ਕੇ ਇਹ ਕਹਿ ਦਿੱਤਾ ਗਿਆ ਕਿ ਸਮਝੌਤਾ ਨਹੀਂ ਹੋਇਆ ਪਰ ਸੱਚਾਈ ਇਹ ਸੀ ਕਿ ਬੀਜੇਪੀ ਨੇ ਅਕਾਲੀ ਦਲ ਨੂੰ ਸੀਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਇਸ ਤੋਂ ਦੋ ਤਿੰਨ ਦਿਨ ਬਾਅਦ ਹੀ ਅਕਾਲੀ ਦਲ ਨੇ ਭਾਜਪਾ ਦਾ ਸਮਰਥਨ ਕਰ ਦਿੱਤਾ ਤਾਂ ਫਿਰ ਉਸ ਸਮੇਂ ਸੀਏਏ ਦਾ ਮੁੱਦਾ ਕਿੱਥੇ ਗਿਆ ਸੀ। ਉਨ੍ਹਾਂ ਕਿਹਾ ਕਿ ਇੱਕ ਖੇਤਰੀ ਪਾਰਟੀ ਵੱਲੋਂ ਅਜਿਹੇ ਫੈਸਲੇ ਲੈਣੇ ਗਲਤ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਸਥਿਤੀ ਚਾਰੇ ਪਾਸੇ ਹੀ ਹਾਸੋਹੀਣੀ ਹੋ ਜਾਵੇਗੀ।

Share this Article
Leave a comment