ਕੌਣ ਹਨ ਤਾਲਿਬਾਨੀ ਉਨ੍ਹਾਂ ਪਿੱਛੇ ਕਿਸ ਦਾ ਹੈ ਹੱਥ !

TeamGlobalPunjab
8 Min Read

-ਅਵਤਾਰ ਸਿੰਘ;

ਅੱਜ ਕੱਲ੍ਹ ਪੂਰੇ ਵਿਸ਼ਵ ਦੀਆਂ ਨਜ਼ਰਾਂ ਅਫ਼ਗ਼ਾਨਿਸਤਾਨ ਦੀਆਂ ਖ਼ਬਰਾਂ ਵੱਲ ਟਿਕੀਆਂ ਹੋਈਆਂ ਹਨ। ਉਥੇ ਅਫਰਾ ਤਫਰੀ ਵਾਲਾ ਮਾਹੌਲ ਹੈ। ਉਥੋਂ ਦੇ ਬਾਸ਼ਿੰਦੇ ਖੌਫ ਵਿੱਚ ਹਨ। ਬਹੁਤ ਸਾਰੀਆਂ ਮਨੁੱਖੀ ਜਾਨਾਂ ਇਸ ਵਿੱਚ ਜਾ ਚੁੱਕੀਆਂ ਹਨ। ਇਸ ਜੰਗ ਵਿੱਚ ਆਮ ਨਿਹੱਥੇ ਲੋਕਾਂ ਦਾ ਖੂਨ ਡੁਲ੍ਹਿਆ ਹੈ। ਮੀਡੀਆ ਵਿੱਚ ਚੱਲ ਰਹੀਆਂ ਖਬਰਾਂ ਦੇਖ ਸੁਣ ਕੇ ਖੌਫ ਆਓਂਦਾ ਹੈ ਕਿ ਲੋਕ ਹਵਾਈ ਅੱਡੇ ਉਪਰ ਆਪਣੀ ਜਾਨ ਬਚਾਉਣ ਲਈ ਜਹਾਜ਼ ਦੇ ਟਾਇਰਾਂ ਉਪਰ ਲਟਕ ਕੇ ਆਪਣੀ ਜਾਨ ਗੁਆ ਬੈਠੇ। ਸਭ ਨੇ ਬੱਸਾਂ ਦੀਆਂ ਛੱਤਾਂ ਉਪਰ ਚੜ੍ਹ ਕੇ ਜਾਂਦੇ ਲੋਕ ਤਾਂ ਆਮ ਦੇਖੇ ਹੋਣਗੇ ਪਰ ਜਹਾਜ਼ ਨਾਲ ਲਟਕਦੇ ਲੋਕ ਸ਼ਾਇਦ ਪਹਿਲੀ ਵਾਰ ਦੇਖੇ ਗਏ। ਉਨ੍ਹਾਂ ਨੂੰ ਇਹ ਕਾਹਲ ਸੀ ਕਿ ਉਹ ਆਪਣੀ ਜਾਨ ਬਚਾ ਕੇ ਇਥੋਂ ਕਾਹਲੀ ਨਾਲ ਨਿਕਲ ਜਾਣ। ਪਰ ਉਨ੍ਹਾਂ ਨਾਲ ਹੋਈ ਇਸ ਹੋਣੀ ਨੇ ਸਭ ਨੂੰ ਕੰਬਾ ਕੇ ਰੱਖ ਦਿੱਤਾ ਹੈ।

ਦੋ ਸੌ ਸਿੱਖ ਫਸੇ

ਮੀਡੀਆ ਰਿਪੋਰਟਾਂ ਮੁਤਾਬਿਕ ਅਫ਼ਗ਼ਾਨਿਸਤਾਨ ਦੇ ਇਕ ਗੁਰੂ ਘਰ ਵਿੱਚ ਦੋ ਸੌ ਦੇ ਕਰੀਬ ਸਿੱਖ ਫਸ ਗਏ ਹਨ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਕਿ ਅਫ਼ਗ਼ਾਨਿਸਤਾਨ ਦੇ ਗੁਰਦੁਆਰਾ ਸਾਹਿਬ ਵਿੱਚ ਫਸੇ 200 ਦੇ ਕਰੀਬ ਸਿੱਖਾਂ ਸਮੇਤ ਹੋਰ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਲਿਆਉਣ ਲਈ ਪ੍ਰਬੰਧ ਕੀਤੇ ਜਾਣ। ਅਫ਼ਗ਼ਾਨਿਸਤਾਨ ’ਚ ਫਸੇ ਭਾਰਤ ਦੇ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਵਾਸਤੇ ਪੰਜਾਬ ਸਰਕਾਰ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ।

- Advertisement -

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਉਪਰ ਤਾਲਿਬਾਨ ਨੇ ਕਬਜ਼ਾ ਕਰ ਕੇ ਅਫ਼ਗਾਨਿਸਤਾਨ ਨੂੰ ਆਪਣੇ ਅਧੀਨ ਲੈ ਲਿਆ ਹੈ। ਤਾਲਿਬਾਨ ਨੇ ਰਾਸ਼ਟਰਪਤੀ ਭਵਨ ਵਿਚ ਵੜ ਕੇ ‘ਜੰਗ ਹੁਣ ਖ਼ਤਮ’ ਦਾ ਐਲਾਨ ਕਰ ਦਿੱਤਾ ਹੈ। ਰਾਸ਼ਟਰਪਤੀ ਅਸ਼ਰਫ਼ ਗ਼ਨੀ ਪਹਿਲਾਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਰਾਸ਼ਟਰਪਤੀ ਗ਼ਨੀ ਨੂੰ ਲੋਕਾਂ ਨੇ ਬੁਜ਼ਦਿਲ ਕਿਹਾ ਹੈ। ਪੱਛਮੀ ਦੇਸ਼ ਅਫ਼ਗਾਨਿਸਤਾਨ ‘ਚੋਂ ਆਪਣੇ ਨਾਗਰਿਕਾਂ ਤੇ ਹੋਰਾਂ ਨੂੰ ਸੁਰੱਖਿਅਤ ਕੱਢਣ ਲਈ ਚਾਰਾਜੋਈ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਰਾਸ਼ਟਰਪਤੀ ਗ਼ਨੀ ਨੇ ਦੇਸ਼ ਛੱਡਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਖ਼ੂਨ ਖਰਾਬਾ ਰੋਕਣਾ ਚਾਹੁੰਦੇ ਸੀ ਜਦਕਿ ਹਜ਼ਾਰਾਂ ਅਫ਼ਗਾਨ ਨਾਗਰਿਕ ਕਾਬੁਲ ਦੇ ਹਵਾਈ ਅੱਡੇ ਉਪਰ ਜਹਾਜ਼ਾਂ ’ਚ ਸਵਾਰ ਹੋਣ ਲਈ ਤਰਲੇ ਕਰਦੇ ਸਨ। ਉਧਰ ਤਾਲਿਬਾਨ ਦੇ ਬੁਲਾਰੇ ਮੁਹੰਮਦ ਨਈਮ ਦਾ ਕਹਿਣਾ ਹੈ ਕਿ ਅੱਜ ਦਾ ਦਿਨ ਅਫ਼ਗਾਨ ਲੋਕਾਂ ਤੇ ਮੁਜਾਹਿਦੀਨ ਲਈ ਮਹਾਨ ਮੰਨਿਆ ਜਾਵੇਗਾ। 20 ਸਾਲਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਵਧੀਆ ਨਿਕਲਿਆ ਹੈ। ਅਸੀਂ ਅੱਲ੍ਹਾ ਦਾ ਸ਼ੁਕਰ ਕਰਦੇ ਕਿ ਮੁਲਕ ਵਿਚ ਜੰਗ ਖ਼ਤਮ ਹੋ ਗਈ। ਤਾਲਿਬਾਨ ਨੂੰ ਪੂਰੇ ਮੁਲਕ ਉਪਰ ਕਬਜ਼ਾ ਕਰਨ ਲਈ ਹਫ਼ਤੇ ਤੋਂ ਕੁਝ ਸਮਾਂ ਵੱਧ ਲੱਗ ਗਿਆ। ਅਮਰੀਕਾ ਨੇ ਆਪਣੀਆਂ ਫ਼ੌਜਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਣ ਦਾ
ਪਹਿਲਾਂ ਹੀ ਐਲਾਨ ਕਰ ਦਿੱਤਾ ਸੀ।

ਵਿਦੇਸ਼ੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਤਾਲਿਬਾਨ ਕਮਾਂਡਰ ਆਪਣੇ ਹਥਿਆਰਬੰਦ ਲੜਾਕਿਆਂ ਸਮੇਤ ‘ਪ੍ਰੈਜ਼ੀਡੈਂਸ਼ੀਅਲ ਪੈਲੇਸ’ ਵਿਚ ਬੈਠਾ ਨਜ਼ਰ ਆਇਆ। ਬੁਲਾਰੇ ਨਈਮ ਦਾ ਕਹਿਣਾ ਹੈ ਕਿ ਨਵੀਂ ਸਰਕਾਰ ਬਾਰੇ ਛੇਤੀ ਹੀ ਹੋਂਦ ਵਿਚ ਆਵੇਗੀ ਅਤੇ ਸ਼ਾਂਤੀਪੂਰਨ ਕੌਮਾਂਤਰੀ ਰਿਸ਼ਤੇ ਕਾਇਮ ਰੱਖੇ ਜਾਣਗੇ। ਲੋਕਾਂ ਲਈ ਆਜ਼ਾਦੀ ਪ੍ਰਾਪਤ ਕਰ ਲਈ ਹੈ। ਤਾਲਿਬਾਨ ਜਿਥੇ ਪਹੁੰਚਣਾ ਚਾਹੁੰਦਾ ਉਥੇ ਪੁੱਜ ਗਿਆ ਹੈ। ਤਾਲਿਬਾਨ ਨੇ ਔਰਤਾਂ ਦੇ ਹੱਕਾਂ, ਨਾਗਰਿਕਾਂ ਅਤੇ ਵਿਦੇਸ਼ੀਆਂ ਦੀ ਰਾਖੀ ਲਈ ਹਾਮੀ ਤਾਂ ਭਰੀ ਹੈ ਪਰ ਇਸ ਦਾ ਨਤੀਜਾ ਸਮਾਂ ਆਉਣ ‘ਤੇ ਹੀ ਸਾਹਮਣੇ ਆਵੇਗਾ। ਇਥੋਂ ਤਕ ਕਿ ਅਮਰੀਕਾ ਨੇ ਆਪਣੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਹੈਲੀਕਾਪਟਰ ਰਾਹੀਂ ਕਾਬੁਲ ਹਵਾਈ ਅੱਡੇ ਉਤੇ ਪਹੁੰਚਾਇਆ। ਦੂਤਾਵਾਸ ਤੋਂ ਅਮਰੀਕੀ ਝੰਡਾ ਲਾਹ ਦਿੱਤਾ ਗਿਆ ਹੈ। ਅਮਰੀਕਾ, ਬਰਤਾਨੀਆ, ਫਰਾਂਸ ਤੇ ਜਪਾਨ ਸਣੇ 60 ਤੋਂ ਵੱਧ ਮੁਲਕਾਂ ਨੇ ਇਕ ਬਿਆਨ ਵਿਚ ਕਿਹਾ ਕਿ ਜਿਹੜੇ ਕੌਮਾਂਤਰੀ ਨਾਗਰਿਕ ਅਫ਼ਗਾਨ ਦੇਸ਼ ਛੱਡਣਾ ਚਾਹੁੰਦੇ ਉਨ੍ਹਾਂ ਨੂੰ ਚਲੇ ਜਾਣ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਫਰਾਂਸ, ਜਰਮਨੀ ਤੇ ਨਿਊਜ਼ੀਲੈਂਡ ਵੀ ਆਪਣੇ ਨਾਗਰਿਕਾਂ ਨੂੰ ਅਫ਼ਗ਼ਾਨਿਸਤਾਨ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

ਕੌਣ ਹਨ ਤਾਲਿਬਾਨ ?

ਅਫ਼ਗ਼ਾਨਿਸਤਾਨ ਉਪਰ ਕਾਬਜ਼ ਹੋਏ ਤਾਲਿਬਾਨ ਨੂੰ ਉਥੋਂ ਦੀ ਭਾਸ਼ਾ ਪਸ਼ਤੋ ਵਿੱਚ ਵਿਦਿਆਰਥੀ ਕਿਹਾ ਜਾਂਦਾ ਹੈ। ਇਸ ਸੰਗਠਨ ਦਾ 1990 ਵਿੱਚ ਅਫ਼ਗ਼ਾਨਿਸਤਾਨ ਤੋਂ ਸੋਵੀਅਤ ਫੌਜਾਂ ਦੀ ਵਾਪਸੀ ਤੋਂ ਬਾਅਦ ਉੱਤਰੀ ਪਾਕਿਸਤਾਨ ਵਿੱਚ ਬੋਲਬਾਲਾ ਸ਼ੁਰੂ ਹੋਇਆ ਸੀ। ਪਸ਼ਤੂਨ ਅੰਦੋਲਨ ਸ਼ੁਰੂ ਵਿੱਚ ਧਾਰਮਿਕ ਮਦਰੱਸਿਆਂ ਵਿੱਚ ਦਿਖਾਈ ਦਿੱਤਾ ਸੀ ਜੋ ਸਾਊਦੀ ਅਰਬ ਤੋਂ ਫੰਡਿੰਗ ਨਾਲ ਚੱਲਦਾ ਸੀ। ਇਹ ਸੁੰਨੀ ਇਸਲਾਮ ਦਾ ਪ੍ਰਚਾਰ ਕਰਦਾ ਸੀ। ਸੰਗਠਨ ਤਾਲਿਬਾਨ ਦਾ ਲੋਕਾਂ ਨਾਲ ਵਾਅਦਾ ਸੀ ਕਿ ਸੱਤਾ ਵਿੱਚ ਆਉਣ ਮਗਰੋਂ ਉਹ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਪਸ਼ਤੂਨ ਖੇਤਰਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਬਹਾਲ ਕਰ ਕੇ ਸ਼ਰੀਆ ਜਾਂ ਇਸਲਾਮਿਕ ਕਾਨੂੰਨ ਲਾਗੂ ਕਰਨਗੇ। ਇਸ ਤੋਂ ਬਾਅਦ ਤਾਲਿਬਾਨ ਨੇ ਛੇਤੀ ਹੀ ਅਫ਼ਗ਼ਾਨਿਸਤਾਨ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਆਪਣਾ ਪ੍ਰਭਾਵ ਵਧਾ ਲਿਆ। ਉਨ੍ਹਾਂ ਨੇ ਸਾਲ 1995 ਵਿੱਚ ਇਰਾਨ ਦੇ ਸਰਹੱਦੀ ਖੇਤਰ ਨਾਲ ਲੱਗਦੇ ਹੇਰਾਤ ਉਪਰ ਕਬਜ਼ਾ ਜਮਾ ਲਿਆ ਸੀ। ਸੋਵੀਅਤ ਕਬਜ਼ੇ ਦਾ ਵਿਰੋਧ ਕਰਨ ਵਾਲੇ ਅਫ਼ਗਾਨ ਮੁਜਾਹਿਦੀਨ ਦੇ ਬਾਨੀਆਂ ਵਿੱਚੋਂ ਰਾਸ਼ਟਰਪਤੀ ਬੁਰਹਾਨੁਦੀਨ ਰੱਬਾਨੀ ਦੇ ਸ਼ਾਸਨ ਦਾ ਤਖ਼ਤਾ ਪਲਟ ਕਰਦਿਆਂ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ‘ਤੇ ਕਬਜ਼ਾ ਕਰ ਲਿਆ। 1998 ਤੱਕ ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਲਗਭਗ 90 ਪ੍ਰਤੀਸ਼ਤ ਹਿੱਸੇ ਉਪਰ ਕਬਜ਼ਾ ਕਰ ਲਿਆ ਸੀ।

ਮੁਜਾਹਿਦੀਨ ਦੀ ਧੱਕੇਸ਼ਾਹੀ ਤੋਂ ਅੱਕੇ ਹੋਏ ਅਤੇ ਸੋਵੀਅਤ ਸੰਘ ਨੂੰ ਕੱਢਣ ਮਗਰੋਂ ਅਫ਼ਗਾਨ ਲੋਕਾਂ ਨੇ ਪਹਿਲੀ ਵਾਰ ਸਾਹਮਣੇ ਆਏ ਤਾਲਿਬਾਨ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਕਬੂਲੀਅਤ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਖ਼ਤਮ ਕਰਨਾ, ਅਰਾਜਕਤਾ ਰੋਕਣਾ ਅਤੇ ਉਨ੍ਹਾਂ ਦੇ ਅਧੀਨ ਸੜਕਾਂ ਅਤੇ ਖੇਤਰਾਂ ਨੂੰ ਵਪਾਰ ਦੇ ਪ੍ਰਫੁਲਤ ਕਰਨ ਲਈ ਸੁਰੱਖਿਅਤ ਬਣਾਉਣਾ। ਤਾਲਿਬਾਨ ਨੇ ਸਖ਼ਤ ਸ਼ਰੀਆ ਕਾਨੂੰਨ ਦੇ ਨਾਲ-ਨਾਲ ਸਜ਼ਾ ਦੇਣ ਦੀ ਸ਼ੁਰੂਆਤ ਵੀ ਕੀਤੀ ਜਿਵੇਂ ਕਿ ਦੋਸ਼ੀ ਠਹਿਰਾਏ ਗਏ ਕਾਤਲਾਂ ਅਤੇ ਮਾੜੇ ਚਰਿੱਤਰ ਵਾਲੇ ਵਿਅਕਤੀਆਂ ਨੂੰ ਜਨਤਕ ਤੌਰ ‘ਤੇ ਫਾਂਸੀ ਦੇਣਾ ਅਤੇ ਚੋਰੀ ਦੇ ਦੋਸ਼ੀ ਪਾਏ ਗਏ ਲੋਕਾਂ ਦੇ ਅੰਗ ਕੱਟਣੇ। ਮਰਦਾਂ ਨੂੰ ਦਾੜ੍ਹੀ ਵਧਾਉਣੀ ਪੈਂਦੀ ਸੀ ਅਤੇ ਔਰਤਾਂ ਨੂੰ ਬੁਰਕਾ ਪਹਿਨਣਾ ਪੈਂਦਾ ਸੀ। ਤਾਲਿਬਾਨ ਨੇ ਟੈਲੀਵਿਜ਼ਨ, ਸੰਗੀਤ ਅਤੇ ਸਿਨੇਮਾ ‘ਤੇ ਵੀ ਪਾਬੰਦੀ ਲਗਾ ਦਿੱਤੀ ਅਤੇ 10 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਨੂੰ ਸਕੂਲ ਜਾਣ ਦੀ ਮਨਾਹੀ ਕਰ ਦਿੱਤੀ ਗਈ। ਸੰਗਠਨ ‘ਤੇ ਮਨੁੱਖੀ ਅਧਿਕਾਰਾਂ ਅਤੇ ਸੱਭਿਆਚਾਰਕ ਸ਼ੋਸ਼ਣ ਦੇ ਦੋਸ਼ ਲਗਾਏ ਗਏ। 2001 ਵਿੱਚ ਤਾਲਿਬਾਨ ਨੇ ਅੰਤਰਰਾਸ਼ਟਰੀ ਰੋਸ ਵਜੋਂ ਅਫ਼ਗ਼ਾਨਿਸਤਾਨ ਵਿੱਚ ਬਾਮਿਆਨ ਬੁੱਧ ਦੀਆ ਮੂਰਤੀਆਂ ਨੂੰ ਨਸ਼ਟ ਕਰ ਦਿੱਤਾ ਸੀ। ਹਾਲਾਂਕਿ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਰਿਹਾ ਕਿ ਉਹ ਤਾਲਿਬਾਨ ਦਾ ਨਿਰਮਾਤਾ ਸੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਅਫ਼ਗ਼ਾਨ ਜੋ ਅੰਦੋਲਨ ਵਿੱਚ ਸ਼ਾਮਲ ਹੋਏ ਉਹ ਪਾਕਿਸਤਾਨ ਦੇ ਮਦਰੱਸਿਆਂ ਵਿੱਚ ਪੜ੍ਹੇ ਸਨ। ਪਾਕਿਸਤਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੇ ਤਾਲਿਬਾਨ ਨੂੰ ਉਦੋਂ ਮਾਨਤਾ ਦਿੱਤੀ ਜਦੋਂ ਉਹ ਅਫ਼ਗ਼ਾਨਿਸਤਾਨ ਵਿੱਚ ਸੱਤਾ ਵਿੱਚ ਸੀ।

- Advertisement -

ਭਾਰਤ ਨੂੰ ਕੀ ਕਰਨਾ ਚਾਹੀਦਾ ?

ਮੌਜੂਦਾ ਘਟਨਾਕ੍ਰਮ ਵਿੱਚ ਵਿਦੇਸ਼ੀ ਨੀਤੀ ਦੇ ਮਾਹਿਰਾਂ ਅਨੁਸਾਰ ਭਾਰਤ ਕੋਲ ਦੋ ਰਾਹ ਬਚਦੇ ਜਾਂ ਉਹ ਅਫ਼ਗ਼ਾਨਿਸਤਾਨ ‘ਚ ਕਾਇਮ ਰਹੇ ਜਾਂ ਸਭ ਕੁਝ ਬੰਦ ਕਰ ਕੇ 90 ਦੇ ਦਹਾਕੇ ਵਾਲੀ ਭੂਮਿਕਾ ਆਪਣਾ ਲਵੇ। ਜੇ ਭਾਰਤ ਦੂਜਾ ਰਾਹ ਅਖਤਿਆਰ ਕਰਨਾ ਚਾਹੁੰਦਾ ਤਾਂ ਪਿਛਲੇ ਦੋ ਦਹਾਕੇ ਵਿੱਚ ਜੋ ਕੁਝ ਉੱਥੇ ਭਾਰਤ ਨੇ ਕੀਤਾ ਉਹ ਖ਼ਤਮ ਹੋ ਜਾਵੇਗਾ। ਤਾਲਿਬਾਨ ਦਾ ਹਾਲੇ ਤਕ ਭਾਰਤ ਦੇ ਵਿਰੋਧ ਵਿੱਚ ਕੋਈ ਬਿਆਨ ਸਾਹਮਣੇ ਨਹੀਂ ਆਇਆ। ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਵਿਕਾਸ ਵਿੱਚ ਭਾਰਤ ਦੀ ਭੂਮਿਕਾ ਨੂੰ ਗ਼ਲਤ ਨਹੀਂ ਗਰਦਾਨਿਆ ਹੈ।

Share this Article
Leave a comment