ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿੱਥੇ ਹਰ ਪਾਰਟੀ ਵੱਲੋਂ ਆਪਣੀਆਂ ਆਪਣੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਉੱਥੇ ਕਈ ਸੀਟਾਂ ‘ਤੇ ਕੁਝ ਪਾਰਟੀਆਂ ਵੱਲੋਂ ਅਜੇ ਆਪਣੇ ਉਮੀਦਵਾਰ ਵੀ ਉਤਾਰੇ ਜਾ ਰਹੇ ਹਨ। ਉਸੇ ਮਹੌਲ ‘ਚ ਨਵਜੋਤ ਸਿੰਘ ਸਿੱਧੂ ਨੇ ਹਲਕਾ ਬਠਿੰਡਾ ਤੋਂ ਚੋਣ ਲੜਨ ਤੋਂ ਕੋਰਾ ਜਵਾਬ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਠਿੰਡਾ ਤੋਂ ਚੋਣ ਲੜ ਕੇ ਉਹ ਉੱਥੋਂ ਦੇ ਵੋਟਰਾਂ ਨਾਲ ਇਨਸਾਫ ਨਹੀਂ ਕਰ ਸਕਣਗੇ। ਸਿੱਧੂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਤੋਂ ਚੋਣ ਲੜਨ ਲਈ ਪਾਰਟੀ ਤੋਂ ਟਿਕਟ ਮੰਗੀ ਸੀ, ਪਰ ਪਾਰਟੀ ਵੱਲੋਂ ਉਨ੍ਹਾਂ ਦੀ ਬਜਾਏ ਪਵਨ ਬਾਂਸਲ ਨੂੰ ਟਿਕਟ ਦੇ ਦਿੱਤੀ ਗਈ ਸੀ। ਇਸ ਬਾਰੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਛਤਾਵਾ ਨਹੀਂ ਹੈ ਕਿ ਉਨ੍ਹਾਂ ਨੂੰ ਟਿਕਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਅੰਮ੍ਰਿਤਸਰ ਸਾਡਾ ਆਪਣਾ ਹਲਕਾ ਹੈ ਅਤੇ ਅਸੀਂ ਆਪਣੇ ਹਲਕੇ ਤੋਂ ਹੀ ਚੋਣ ਲੜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬਠਿੰਡਾ ਹਲਕੇ ‘ਚੋਂ ਚੋਣ ਲੜ ਕੇ ਉੱਥੋਂ ਦੇ ਵੋਟਰਾਂ ਨਾਲ ਇਨਸਾਫ ਨਹੀਂ ਕਰ ਸਕਾਂਗੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਚੰਡੀਗੜ੍ਹ ਤੋਂ ਪਵਨ ਬਾਂਸਲ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ‘ਤੇ ਪਾਰਟੀ ਨੇ ਜਿੱਤ ਦੀ ਉਮੀਦ ਜਤਾਉਂਦਿਆਂ ਉਨ੍ਹਾਂ ਨੂੰ ਟਿਕਟ ਦਿੱਤੀ ਹੈ। ਇਸ ਗੱਲ ਦਾ ਉਨ੍ਹਾਂ ਨੂੰ ਬਿਲਕੁਲ ਵੀ ਦੁੱਖ ਨਹੀਂ ਹੈ ਅਤੇ ਅਸੀਂ ਉੱਥੋਂ ਹੀ ਚੋਣ ਲੜ ਸਕਦੇ ਹਾਂ ਜਿੱਥੇ ਇਨਸਾਫ ਕਰ ਸਕਦੇ ਹੋਈਏ।