ਸੁਨਾਮ : ਇੰਨੀ ਦਿਨੀਂ ਪੰਜਾਬ ਅੰਦਰ ਅਵਾਰਾ ਪਸ਼ੂਆਂ ਦਾ ਮਸਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਇਸ ਨੂੰ ਲੈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਅਰੋੜਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਮਸਲਾ ਚੁੱਕਿਆ ਗਿਆ ਤਾਂ ਬੀਜੇਪੀ ਵੱਲੋਂ ਉਨ੍ਹਾਂ ਦੇ ਪੁਤਲੇ ਫੂਕੇ ਗਏ ਪਰ ਜੇਕਰ ਉਨ੍ਹਾਂ ਦੇ ਪੁਤਲੇ ਫੂਕ ਕੇ ਪੰਜਾਬ ਦਾ ਇਹ ਮਸਲਾ ਹੱਲ ਹੁੰਦਾ ਹੈ ਤਾਂ ਉਨ੍ਹਾਂ ਨੂੰ ਖੁਸ਼ੀ ਹੈ। ਅਰੋੜਾ ਨੇ ਇੱਥੇ ਖੁਲਾਸਾ ਕਰਦਿਆਂ ਕਿਹਾ ਕਿ ਇਹ ਅਵਾਰਾ ਪਸ਼ੂਆਂ ਕਾਰਨ ਹਰ ਸਾਲ ਵੱਡੀ ਗਿਣਤੀ ‘ਚ ਇਸ ਕਾਰਨ ਜਿੱਥੇ ਮੌਤਾਂ ਹੁੰਦੀਆਂ ਹਨ ਉੱਥੇ ਹੀ ਫਸਲ ਦਾ ਵੀ ਵਧੇਰੇ ਉਜਾੜਾ ਹੁੰਦਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਉਹ ਜੀਵ ਹੱਤਿਆ ਦੇ ਸਖਤ ਖਿਲਾਫ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਜੀਵ ਦੀ ਹੱਤਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਇਹ ਹਨ ਕਿ ਢਾਈ ਲੱਖ ਦੇ ਕਰੀਬ ਅਵਾਰਾ ਪਸ਼ੂ ਸੜਕਾਂ ‘ਤੇ ਹਨ। ਜਿਨ੍ਹਾਂ ਵਿੱਚੋਂ 80 ਪ੍ਰਤੀਸ਼ਤ ਅਮਰੀਕੀ ਨਸਲ ਦੇ ਪਸ਼ੂ ਹਨ। ਉਨ੍ਹਾਂ ਕਿਹਾ ਕਿ ਇਸੇ ਕਰਕੇ ਹੀ ਹਰ ਸਾਲ 150 ਦੇ ਕਰੀਬ ਮੌਤਾਂ ਹੋ ਜਾਂਦੀਆਂ ਹਨ।
ਅਮਨ ਅਰੋੜਾ ਨੇ ਕਿਹਾ ਕਿ ਉਹ ਜਦੋਂ ਇਸ ਗੱਲ ਦਾ ਹੱਲ ਦਸਦੇ ਹਨ ਕਿ ਹਜ਼ਾਰਾਂ ਏਕੜ ਗਊ ਚਰਾਂਦਾ ਅੱਜ ਪਈਆਂ ਹਨ ਜਿਨ੍ਹਾਂ ‘ਤੇ ਅੱਜ ਸਿਆਸਤਦਾਨਾਂ ਨੇ ਕਬਜੇ ਕਰ ਲਏ ਹਨ ਤਾਂ ਸਰਕਾਰ ਕਹਿੰਦੀ ਹੈ ਕਿ ਉਹ ਤਾਂ ਅਸੀਂ ਕਰਵਾ ਨਹੀਂ ਸਕਦੇ। ਉਨ੍ਹਾਂ ਫਿਰ ਪੁਰਾਣੀ ਗੱਲ ਦੁਹਰਾਉਂਦਿਆਂ ਕਿਹਾ ਕਿ ਦੇਸੀ ਗਾਂ ਨੂੰ ਹਿੰਦੂ ਧਰਮ ‘ਚ ਮਾਂ ਦਾ ਦਰਜਾ ਦਿੱਤਾ ਗਿਆ ਹੈ ਤੇ ਉਸ ਨੂੰ ਸੰਭਾਲਿਆ ਜਾਂਣਾ ਚਾਹੀਦਾ ਹੈ ਪਰ ਜਿਹੜਾ ਅਮਰੀਕੀ ਨਸਲ ਦਾ ਢੱਠਾ ਹੈ ਉਸ ਦਾ ਧਾਰਮਿਕ ਤੌਰ ‘ਤੇ ਕੋਈ ਸਬੰਧ ਨਹੀਂ ਹੈ ਉਨ੍ਹਾਂ ਲਈ ਕੋਈ ਹੋਰ ਹੱਲ ਕੱਢ ਲਓ। ਅਮਨ ਅਰੋੜਾ ਨੇ ਕਿਹਾ ਕਿ ਇਸ ਗੱਲ ‘ਤੇ ਇਹ ਚੀਕਾਂ ਮਾਰਨ ਲੱਗ ਜਾਂਦੇ ਹਨ ਪਰ ਇਨ੍ਹਾਂ ਕੋਲ ਇਸ ਦਾ ਹੱਲ ਕੋਈ ਹੈ ਨਹੀਂ। ਉਨ੍ਹਾਂ ਕਿਹਾ ਕਿ ਅੱਖਾਂ ‘ਤੇ ਪੱਟੀ ਬੰਨ੍ਹ ਕੇ ਅਤੇ ਮੂੰਹ ‘ਤੇ ਉਂਗਲ ਰੱਖ ਕੇ ਗਲਤ ਵਿਰੁੱਧ ਨਾ ਬੋਲਣ ਵਾਲੀ ਉਨ੍ਹਾਂ ਨੇ ਸਿਆਸਤ ਨਹੀਂ ਕਰਨੀ। ਅਰੋੜਾ ਨੇ ਕਿਹਾ ਕਿ ਬੀਤੇ ਦਿਨੀਂ ਸਾਰੇ ਵਿਧਾਇਕਾਂ ਲਈ ਜਦੋਂ ਭੋਜਣ ਦਾ ਇੰਤਜਾਮ ਕੀਤਾ ਗਿਆ ਸੀ ਤਾਂ ਲਗਭਗ ਵਧੇਰੇ ਵਿਧਾਇਕ ਉੱਥੇ ਮਾਸਾਹਾਰੀ ਨਜ਼ਰ ਆਏ ਤਾਂ ਫਿਰ ਬਾਹਰ ਆ ਕੇ ਇਹ ਜੀਵ ਹੱਤਿਆ ਬਾਰੇ ਕਹਿੰਦੇ ਹਨ।