ਅਮਰੀਕਾ ਵਿਚ ਵਾਇਰਸ ਯੂਰਪ ਤੋਂ ਆਇਆ: ਐਂਡਰੀਓ ਕੁਮੋ

TeamGlobalPunjab
2 Min Read

ਅਮਰੀਕਾ ਵਿਚ ਵਾਇਰਸ ਕਦੋਂ ਪਹੁੰਚਿਆ ਅਤੇ ਕਿਹੜੇ ਦੇਸ਼ ਤੋਂ ਪਹੁੰਚਿਆ ਇਸ ਸਬੰਧ ਵਿਚ ਕਈ ਦੇਸ਼ਾਂ ਵੱਲੋਂ ਆਪੋ-ਆਪਣੇ ਤਰਕ ਦਿਤੇ ਜਾ ਰਹੇ ਹਨ। ਪਰ ਨਿਊਯਾਰਕ ਸਟੇਟ ਦੇ ਗਵਰਨਰ ਐਂਡਰੀਓ ਕੁਮੋ ਨੇ ਇਕ ਰਿਸਰਚ ਦੇ ਆਧਾਰ ਤੇ ਖੁਲਾਸਾ ਕੀਤਾ ਹੈ ਕਿ ਇਹ ਵਾਇਰਸ ਚੀਨ ਤੋਂ ਨਹੀਂ ਸਗੋਂ ਯੂਰਪ ਤੋਂ ਆਇਆ ਹੈ। ਐਨਾ ਹੀ ਨਹੀਂ ਉਹਨਾਂ ਨੇ ਅਮਰੀਕਾ ਸਰਕਾਰ ਤੇ ਇਲਜ਼ਾਮ ਲਗਾਏ ਹਨ ਕਿ ਕੋਰੋਨਾ ਵਾਇਰਸ ਦੇ ਖਿਲਾਫ ਸਰਕਾਰ ਵੱਲੋਂ ਚੁੱਕੇ ਗਏ ਕਦਮ ਸ਼ਲਾਘਾਯੋਗ ਨਹੀਂ ਹਨ। ਉਹਨਾਂ ਕਿਹਾ ਕਿ ਪਹਿਲਾਂ ਤਾਂ ਜੋ ਵੀ ਕਦਮ ਚੁੱਕੇ ਗਏ ਹਨ ਉਹ ਬੜੇ ਹੀ ਦੇਰੀ ਨਾਲ ਚੁੱਕੇ ਗਏ ਹਨ।ਦੂਜਾ ਸਰਕਾਰ ਵੱਲੋਂ ਚੁੱਕੇ ਗਏ ਇਹ ਕਦਮ ਨਾਕਾਫੀ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਹੋਰ ਵੀ ਸਖਤੀ ਲਾਕਡਾਊਨ ਦੌਰਾਨ ਕਰਨੀ ਚਾਹੀਦੀ ਸੀ ਜੋ ਕਿ ਨਹੀਂ ਕੀਤੀ ਗਈ। ਜਿਸ ਕਾਰਨ ਅੱਜ ਅਮਰੀਕਾ ਵਿਚ ਮਰਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉਹਨਾਂ ਇਹ ਵੀ ਆਖ ਦਿਤਾ ਕਿ ਨਿਊਯਾਰਕ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 1 ਮਾਰਚ ਨੂੰ ਦਰਜ ਕੀਤਾ ਗਿਆ ਸੀ। ਪਰ ਉਦੋਂ ਤੱਕ ਸਰਕਾਰ ਕਾਫੀ ਜਿਆਦਾ ਲੇਟ ਹੋ ਗਈ ਸੀ ਅਤੇ ਨਿਊਯਾਰਕ ਵਿਚ 10,000 ਤੋਂ ਜਿਆਦਾ ਲੋਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਸਨ। ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧੇ –ਸਿੱਧੇ ਸਵਾਲ ਕੀਤੇ ਹਨ ਅਤੇ ਪੁੱਛਿਆ ਹੈ ਕਿ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਅਤੇ ਪੁਖਤਾ ਕਾਰਵਾਈ ਅਮਲ ਵਿਚ ਕਿਉਂ ਨਹੀਂ ਲਿਆਂਦੀ ਗਈ।

Share this Article
Leave a comment