ਲੰਡਨ: ਅਮਰੀਕਾ ‘ਚ ਰਹਿਣ ਵਾਲੇ ਇੱਕ ਸਾਈਬਰ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਹੈਕ ਕੀਤੀਆਂ ਗਈਆਂ ਸਨ। ਸਾਈਬਰ ਮਾਹਿਰ ਸਈਅਦ ਸ਼ੁਜਾ ਉਸ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਜਿਨ੍ਹਾਂ ਨੇ ਭਾਰਤ ਦੀ ਈਵੀਐੱਮਜ਼ ਨੂੰ ਡਿਜ਼ਾਇਨ ਕੀਤਾ ਸੀ। ਸ਼ੁਜਾ ਨੇ ਇਸ ਬਾਰੇ ਸੋਮਵਾਰ ਨੂੰ ਲੰਡਨ ‘ਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਈਵੀਐੱਮ ਹੈਕਿੰਗ ਨਾਲ ਜੁੜੀਆਂ ਕਈ ਗੱਲਾਂ ਰੱਖੀਆਂ।
ਇਸ ਮਗਰੋਂ ਉਸ ਦੇ ਕਈ ਸਾਥੀਆਂ ਦਾ ਕਤਲ ਹੋ ਗਿਆ ਤੇ ਉਸ ਉੱਪਰ ਵੀ ਹਮਲਾ ਹੋਇਆ। ਇਸ ਲਈ ਉਹ ਭਾਰਤ ਛੱਡ ਕੇ ਵਿਦੇਸ਼ ਭੱਜ ਗਿਆ ਕਿਉਂਕਿ ਉੱਥੇ ਉਸ ਦੀ ਟੀਮ ਦੇ ਕੁਝ ਮੈਂਬਰਾਂ ਦੀਆਂ ਹੱਤਿਆਵਾਂ ਮਗਰੋਂ ਉਹ ਡਰ ਗਿਆ ਸੀ। ਉਸ ਨੇ ਦਾਅਵਾ ਕੀਤਾ ਕਿ ਟੈਲੀਕਾਮ ਜਾਇੰਟ ਰਿਲਾਇੰਸ ਜੀਓ ਨੇ ਈਵੀਐਮਜ਼ ਨੂੰ ਹੈਕ ਕਰਨ ਲਈ ਸਿਗਨਲ ਦੀ ਫ੍ਰੀਕੂਐਂਸੀ ਘਟਾਉਣ ਵਿੱਚ ਬੀਜੇਪੀ ਦੀ ਮਦਦ ਕੀਤੀ ਸੀ।
ਸੁਜਾ ਨੇ ਕਿਹਾ ਕਿ ਜੇਕਰ ਉਸ ਦੀ ਟੀਮ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਭਾਜਪਾ ਦੀਆਂ ਟਰਾਂਸਮਿਸ਼ਨਾਂ ਨੂੰ ਹੈਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾ ਡੱਕਦੀ ਤਾਂ ਸ਼ਾਇਦ ਭਾਜਪਾ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਜਿੱਤ ਜਾਂਦੀ। ਸੁਜਾ ਨੇ ਦਾਅਵਾ ਕੀਤਾ ਹੈ ਕਿ ਉਹ ਸਰਕਾਰੀ ਮਾਲਕੀ ਵਾਲੇ ਸੈਕਟਰ ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਈਸੀਆਈਐਲ) ਦੀ ਟੀਮ ਦਾ ਹਿੱਸਾ ਸੀ, ਜਿਸ ਨੇ ਈਵੀਐਮਜ਼ ਦਾ ਡਿਜ਼ਾਈਨ ਤਿਆਰ ਕਰਨ ਦੇ ਨਾਲ ਇਸ ਨੂੰ ਵਿਕਸਤ ਕੀਤਾ ਸੀ।
- Advertisement -
ਉੱਥੇ ਹੀ ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਇਸ ਪੂਰੇ ਮਾਮਲੇ ਨੂੰ ਸਿਰਫ ਇੱਕ ਅਫਵਾਹ ਕਰਾਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਈਵੀਐਮ ਹੈਕਿੰਗ ਦੇ ਦਾਅਵੇ ਦਾ ਮਾਮਲਾ ਸਾਡੇ ਨੋਟਿਸ ਚ ਆਇਆ ਹੈ। ਲੰਡਨ ‘ਚ ਕਰਵਾਏ ਇਕ ਸਮਾਗਮ ਦੌਰਾਨ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੁਆਰਾ ਵਰਤੀਆਂ ਜਾਣ ਵਾਲੀਆਂ ਈਵੀਐਮ ਮਸ਼ੀਨਾਂ ਚ ਛੇੜਛਾੜ ਕੀਤੀ ਗਈ ਸੀ।
ਕਮਿਸ਼ਨ ਨੇ ਕਿਹਾ ਕਿ ਚੋਣ ਕਮਿਸ਼ਨ ਇਸ ਮਾਮਲੇ ਚ ਪਾਰਟੀ ਨਹੀਂ ਬਣਨਾ ਚਾਹੁੰਦਾ ਸਗੋਂ ਈਵੀਐਮ ਹੈਕਿੰਗ ਦਾ ਕੀਤਾ ਗਿਆ ਦਾਅਵਾ ਇੱਕ ਸਾਜਿਸ਼ ਤਹਿਤ ਦਿੱਤੀ ਗਈ ਚੁਣੌਤੀ ਹੈ। ਚੋਣ ਕਮਿਸ਼ਨ ਨੇ ਹੈਕਿੰਗ ਦੇ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਆਪਣੇ ਦਾਅਵੇ ਤੇ ਕਾਇਮ ਹੈ ਕਿ ਭਾਰਤ ਚ ਵਰਤੀਆਂ ਜਾਣ ਵਾਲੀਆਂ ਈਵੀਐਮ ਮਸ਼ੀਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ।