ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਨਗੀਆਂ ਸੁਖਨਾ ਝੀਲ ਦੀਆਂ ਬੱਤਖਾਂ

TeamGlobalPunjab
2 Min Read

ਅਵਤਾਰ ਸਿੰਘ

ਨਿਊਜ਼ ਡੈਸਕ : ਛੇ ਮਹੀਨੇ ਬਾਅਦ ਹੁਣ ਬੱਤਖਾਂ ਸੁਖਨਾ ਝੀਲ ਦੀ ਮੁੜ ਸ਼ੋਭਾ ਵਧਾਉਣਗੀਆਂ। ਇਨ੍ਹਾਂ ਦੇ ਪਹੁੰਚਣ ਨਾਲ ਸ਼ਹਿਰ ਦੇ ਬਾਸ਼ਿੰਦਿਆਂ ਤੇ ਸੈਲਾਨੀਆਂ ਦੀਆਂ ਰੌਣਕਾਂ  ਵਧਣਗੀਆਂ। ਰਿਪੋਰਟਾਂ ਅਨੁਸਾਰ ਚੰਡੀਗੜ੍ਹ (ਯੂ ਟੀ) ਦੇ ਸਲਾਹਕਾਰ ਮਨੋਜ ਕੁਮਾਰ ਪਰੀਦਾ ਵੱਲੋਂ ਜੰਗਲਾਤ ਵਿਭਾਗ ਦੇ ਮੁੱਖ ਵਣਪਾਲ ਨੂੰ ਹਦਾਇਤ ਕੀਤੀ ਗਈ ਕਿ ਬੱਤਖਾਂ ਦੀ ਮੈਡੀਕਲ ਜਾਂਚ ਕਰਨ ਤੋਂ ਬਾਅਦ ਗੈਰ-ਸਰਕਾਰੀ ਸੰਸਥਾ (ਐੱਨ ਜੀ ਓ) ਨੂੰ ਝੀਲ ਵਿੱਚ ਬੱਤਖਾਂ ਛੱਡਣ ਦੀ ਪ੍ਰਵਾਨਗੀ ਦਿੱਤੀ ਜਾਵੇ।

ਵਾਤਾਵਰਨ ਪ੍ਰੇਮੀ ਅਤੇ ਆਰਗੈਨਿਕ ਸ਼ਾਇਰਿੰਗ ਐੱਨ ਜੀ ਓ ਦੇ ਬਾਨੀ ਰਾਹੁਲ ਮਹਾਜਨ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਚੰਗਾ ਕਦਮ ਦੱਸਿਆ। ਮਹਾਜਨ ਵਲੋਂ ਪਿਛਲੇ ਹਫਤੇ ਪ੍ਰਸ਼ਾਸ਼ਕ ਦੇ ਸਲਾਹਕਾਰ ਨੂੰ ਇਕ ਪੱਤਰ ਲਿਖਿਆ ਗਿਆ ਸੀ, ਜਿਸ ਵਿੱਚ ਉਸ ਨੇ ਮੰਗ ਕੀਤੀ ਸੀ ਕਿ ਸਵੇਰ ਅਤੇ ਸ਼ਾਮ ਨੂੰ ਝੀਲ ‘ਤੇ ਸੈਰ ਕਰਨ ਵਾਲੇ ਸ਼ਹਿਰੀ ਅਤੇ ਸੈਲਾਨੀ ਬੱਤਖਾਂ ਦੀ ਉਡੀਕ ਕਰ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਬੱਤਖਾਂ ਉਨ੍ਹਾਂ ਲਈ ਖਿੱਚ ਦਾ ਕੇਂਦਰ ਬਾਣੀਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਉਹ ਬਚਪਨ ਤੋਂ ਇਨ੍ਹਾਂ ਨੂੰ ਦੇਖ ਰਿਹਾ ਸੀ।

2014 ਵਿੱਚ ਸੁਖਨਾ ਝੀਲ ਵਿੱਚ ਇਕ ਪੰਛੀ ਵਿਚ ਐੱਚ5ਐੱਨ1 ਫਲੂ ਵਾਇਰਸ ਮਿਲਣ ਮਗਰੋਂ ਸਾਰੀਆਂ ਬੱਤਖਾਂ ਨੂੰ ਝੀਲ ‘ਚੋਂ ਬਾਹਰ ਕਰ ਦਿੱਤਾ ਸੀ। ਕੇਂਦਰੀ ਖੇਤੀਬਾੜੀ ਮੰਤਰਾਲੇ ਵਲੋਂ ਇਸ ਬਿਮਾਰੀ ਦੀ ਲਾਗ ਦਾ ਖ਼ਤਰਾ ਵਧਣ ਦੇ ਡਰ ਕਾਰਨ ਇਸ ‘ਤੇ ਕਾਬੂ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਸਲਾਹ ਮਸ਼ਵਰੇ ਮਗਰੋਂ ਪ੍ਰਸ਼ਾਸ਼ਨ ਨੇ ਸਾਰੀਆਂ ਬੱਤਖਾਂ ਨੂੰ ਹੋਰ ਥਾਂ ਭੇਜਣ ਦਾ ਫੈਸਲਾ ਲਿਆ ਸੀ। ਉਸ ਤੋਂ ਬਾਅਦ ਸੁਖਨਾ ਝੀਲ ਵਿੱਚ ਇਕ ਵੀ ਬਤੱਖ ਨਹੀਂ ਹੈ। ਵਾਤਾਵਰਨ ਪ੍ਰੇਮੀ ਰਾਹੁਲ ਮਹਾਜਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਐਨ ਜੀ ਓ ਆਪਣੇ ਖਰਚੇ ‘ਤੇ ਬੱਤਖਾਂ ਝੀਲ ਵਿੱਚ ਛੱਡੇਗੀ। ਇਸ ਤੋਂ ਬਾਅਦ ਪ੍ਰਸ਼ਾਸ਼ਨ ਇਨ੍ਹਾਂ ਦੀ ਦੇਖ-ਭਾਲ ਕਰੇਗਾ।

- Advertisement -

ਇਥੇ ਦੱਸਣਯੋਗ ਹੈ ਕਿ ਸੁਖਨਾ ਝੀਲ ਵਿੱਚ ਹਿਮਾਲਿਆਈ, ਮੱਧ ਏਸ਼ੀਆ, ਸਾਇਬੇਰੀਆ, ਯੂਰਪ, ਚੀਨ ਅਤੇ ਜਪਾਨ ਤੋਂ ਪ੍ਰਵਾਸੀ ਪੰਛੀਆਂ ਦੇ ਡੇਰੇ ਲੱਗਦੇ ਹਨ। ਇਨ੍ਹਾਂ ਤੋਂ ਇਲਾਵਾ ਦੇਸੀ ਬੱਤਖਾਂ ਦੀਆਂ ਅਠਖੇਲੀਆਂ ਦੇਖਣ ਲਈ ਸੈਲਾਨੀਆਂ ਦੀਆਂ ਰੌਣਕਾਂ ਵਧਦੀਆਂ ਹਨ। ਹਰ ਰੋਜ਼ ਝੀਲ ‘ਤੇ ਟਹਿਲਣ ਵਾਲੇ ਸ਼ਹਿਰੀਆਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

Share this Article
Leave a comment