ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਛਾਤੀ ਠੋਕ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ ਜਿੱਥੋਂ ਚੋਣ ਲੜਨ ਲਈ ਕਹੇਗੀ ਉਹ ਉੱਥੋਂ ਚੋਣ ਲੜਨ ਤੋਂ ਪਿੱਛੇ ਨਹੀਂ ਹਟਨਗੇ। ਫਿਰ ਭਾਵੇਂ ਹਰਸਿਮਰਤ ਬਠਿੰਡਾ ਛੱਡ ਕੇ ਫਿਰੋਜ਼ਪੁਰ ਕਿਉਂ ਨਾ ਚਲੀ ਜਾਵੇ ਸਿੰਘ(ਬੈਂਸ) ਫਿਰੋਜ਼ਪੁਰ ਤੋਂ ਵੀ ਉਸ ਦੇ ਖ਼ਿਲਾਫ ਡਟੇਗਾ ਤੇ ਚੋਣ ਜਿੱਤ ਕੇ ਦਿਖਾਵੇਗਾ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਕੋਈ ਛੋਟੀ ਪਾਰਟੀ ਨਹੀਂ ਹੈ ਤੇ ਇਸ ਪਾਰਟੀ ਵੱਲੋਂ ਪੰਜਾਬ ਜ਼ਮਹੂਰੀ ਗਠਜੋੜ ਨਾਲ ਮਿਲ ਕੇ ਲੋਕ ਸਭਾ ਚੋਣਾਂ ਲੜੀਆਂ ਜਾ ਰਹੀਆਂ ਹਨ। ਇਸ ਦੌਰਾਨ ਜੇਕਰ ਪਾਰਟੀ ਦੀ ਕੋਰ ਕਮੇਟੀ ਉਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ ਬਠਿੰਡਾ ਤੋਂ ਚੋਣ ਲੜਨ ਲਈ ਕਹੇਗੀ ਤਾਂ ਉਹ ਬਠਿੰਡਾ ਤੋਂ ਚੋਣ ਲੜਨਗੇ ਤੇ ਜੇਕਰ ਪਾਰਟੀ ਨੇ ਕਿਹਾ ਕਿ ਹਰਸਿਮਰਤ ਉੱਥੋਂ ਭੱਜ ਕੇ ਫਿਰੋਜ਼ਪੁਰ ਚਲੀ ਗਈ ਹੈ ਤਾਂ ਸਿੰਘ ਉੱਥੇ ਵੀ ਉਸ ਦਾ ਡਟ ਕੇ ਮੁਕਾਬਲਾ ਕਰੇਗਾ।
ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਨਾ ਤਾਂ ਕੇਜ਼ਰੀਵਾਲ ਹਨ ਤੇ ਨਾ ਹੀ ਸੁਖਬੀਰ ਬਾਦਲ ਜਿਹੜੇ ਕਿ ਤਾਨਾਸ਼ਾਹ ਹਨ, ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਜੋ ਵੀ ਹੁਕਮ ਲਾਉਣਗੇ ਤੇ ਜਿੱਥੇ ਵੀ ਚੋਣ ਲੜਨ ਲਈ ਕਹਿਣਗੇ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹੋਣ ਦੇ ਨਾਂਤੇ ਸਲੂਟ ਮਾਰ ਕੇ ਉੱਥੋਂ ਜਾ ਕੇ ਆਪਣੀ ਡਿਊਟੀ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਤੋਂ ਚੋਣ ਲੜਨ ਦੀ ਗੱਲ ਇਸ ਲਈ ਨਹੀਂ ਕਰ ਰਹੇ ਕਿਉਂਕਿ ਉੱਥੇ ਪੰਜਾਬ ਜ਼ਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਪਹਿਲਾਂ ਤੋਂ ਹੀ ਮੈਂਬਰ ਪਾਰਲੀਮੈਂਟ ਹਨ ਜਿੰਨ੍ਹਾਂ ਦਾ ਪਟਿਆਲਾ ਵਿੱਚ ਬਹੁਤ ਮਾਣ ਸਨਮਾਨ ਹੈ।