Sunday , August 18 2019
Home / ਓਪੀਨੀਅਨ / ਸਾਹਮਣੇ ਆਇਆ ਸਿੱਧੂ ਦੀ ਜਿੰਦਗੀ ਦਾ ਲੁਕਿਆ ਸੱਚ, ਦੇਖੋ ਸਿੱਧੂ ਇੰਝ ਜਿੱਤਦੇ ਨੇ ਚੋਣਾਂ, ਜਿਸ ਨੇ ਆਹ ਨਹੀਂ ਦੇਖਿਆ ਸਮਝੋ ਕੁਝ ਨਹੀਂ ਦੇਖਿਆ

ਸਾਹਮਣੇ ਆਇਆ ਸਿੱਧੂ ਦੀ ਜਿੰਦਗੀ ਦਾ ਲੁਕਿਆ ਸੱਚ, ਦੇਖੋ ਸਿੱਧੂ ਇੰਝ ਜਿੱਤਦੇ ਨੇ ਚੋਣਾਂ, ਜਿਸ ਨੇ ਆਹ ਨਹੀਂ ਦੇਖਿਆ ਸਮਝੋ ਕੁਝ ਨਹੀਂ ਦੇਖਿਆ

ਕੁਲਵੰਤ ਸਿੰਘ

ਪਟਿਆਲਾ : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਸੂਬੇ ਦੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਦੀ ਕੈਬਨਿਟ ਵਿੱਚੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਸਿੱਧੂ ਨੇ ਵਜ਼ਾਰਤ ਵਿੱਚੋਂ ਅਸਤੀਫਾ ਦੇ ਕੇ ਨਾ ਸਿਰਫ ਉਨ੍ਹਾਂ ਲੋਕਾਂ ਦਾ ਦਿਲ ਤੋੜਿਆ ਹੈ, ਜਿਹੜੇ ਉਨ੍ਹਾਂ ਨੂੰ ਪਿਆਰ ਕਰਦੇ ਹਨ, ਬਲਕਿ ਸਿੱਧੂ ਦੇ ਅਜਿਹਾ ਕਰਨ ਨਾਲ ਉਨ੍ਹਾਂ ਲੋਕਾਂ ਦੇ ਅਰਮਾਨਾਂ ‘ਤੇ ਵੀ ਪਾਣੀ ਫਿਰਿਆ ਹੈ ਜਿਨ੍ਹਾਂ ਨੇ ਸਿੱਧੂ ਨੂੰ ਵੋਟਾਂ ਇਸ ਆਸ ਨਾਲ ਪਾਈਆਂ ਸਨ ਕਿ ਕਾਂਗਰਸ ਦੀ ਸਰਕਾਰ ਬਣਨ ‘ਤੇ ਸਿੱਧੂ ਨੂੰ ਵਜ਼ੀਰ ਬਣਨੋਂ ਕੋਈ ਨਹੀਂ ਰੋਕ ਸਕਦਾ, ਲਿਹਾਜਾ ਅੰਮ੍ਰਿਤਸਰ ਹਲਕੇ ‘ਚ ਵਿਕਾਸ ਦੀ ਹਨੇਰੀ ਆ ਜਾਵੇਗੀ। ਹੁਣ ਹਾਲਾਤ ਇਹ ਹਨ ਕਿ ਅਜਿਹੇ ਲੋਕ ਜਦੋਂ ਕਿਤੇ ਕਿਸੇ ਕੋਨੇਂ ਵਿੱਚ ਖਲ੍ਹੋ ਕੇ ਇਸ ਗੱਲ ‘ਤੇ ਚਰਚਾ ਕਰਦੇ ਹਨ ਤਾਂ ਉਨ੍ਹਾਂ ਨੂੰ ਭੜਕਾੳਣ ਲਈ ਕੁਝ ਹੋਰ ਅਜਿਹੇ ਲੋਕ ਵੀ ਹੁੰਮ ਹੁੰਮਾ ਕੇ ਉਨ੍ਹਾਂ ਨਾਲ ਆ ਰਲਦੇ ਹਨ ਜਿਹੜੇ ਸਿੱਧੂ ਨੂੰ ਨੀਵਾਂ ਦਿਖਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਇਸ ਤੋਂ ਬਾਅਦ ਸ਼ੁਰੂ ਹੁੰਦੀਆਂ ਹਨ ਸਿੱਧੂ ਵਿਰੁੱਧ ਚੁਗਲੀਆਂ, ਕਿ, “ਇਹ ਤਾਂ ਜੀ, ਹਰ ਵਾਰ ਹੀ ਇੰਝ ਕਰਦਾ ਹੈ, ਜਿੱਥੇ ਜਾਂਦਾ ਹੈ ਹਰ ਵਾਰ ਲੋਕਾਂ ਨੂੰ ਇਸੇ ਤਰ੍ਹਾਂ ਧੋਖਾ ਦਿੰਦਾ ਹੈ, ਇਸ ਤੇ ਇਤਬਾਰ ਕਰਨਾ ਤਾਂ ਜੀ ਮੂਰਖਤਾ ਹੈ, ਵਗੈਰਾ-ਵਗੈਰਾ”। ਇੰਝ ਇਹ ਚੁਗਲੀਆਂ ਸੁਣਨ ਵਾਲੇ ਲੋਕਾਂ ਦੇ ਮਨਾਂ ਵਿੱਚ ਵੀ ਉਸ ਵੇਲੇ ਭੰਬਲਭੂਸਾ ਪੈ ਜਾਂਦਾ ਹੈ ਤੇ ਇਸ ਮੌਕੇ ਉਹ ਇਹ ਸਵਾਲ ਕਰਦੇ ਹਨ ਕਿ, ਕੀ ਸਿੱਧੂ ਨੇ ਪੰਜਾਬ ਵਜ਼ਾਰਤ ‘ਚੋਂ ਅਸਤੀਫਾ ਦੇ ਕੇ ਲੋਕਾਂ ਨੂੰ ਵਾਕਿਆ ਹੀ ਧੋਖਾ ਦਿੱਤਾ ਹੈ? ਅਜਿਹੇ ਵਿੱਚ ਅੰਤਰ ਆਤਮਾ ਦੀ ਅਵਾਜ਼ ਆਉਂਦੀ ਹੈ, ਨਹੀਂ। ਇਹ ਸੱਚ ਨਹੀਂ ਹੈ। ਸਾਨੂੰ ਪਤਾ ਹੈ ਕਿ ਇੱਥੇ ਤੁਸੀਂ ਜਰੂਰ ਕਹੋਂਗੇ ਕਿ ਅਜਿਹਾ ਕਹਿ ਕੇ ਤੁਸੀਂ ਸਿੱਧੂ ਦਾ ਪੱਖ ਪੂਰ ਰਹੇ ਹੋ, ਪਰ ਦੋਸਤੋ ਅਜਿਹਾ ਬਿਲਕੁਲ ਨਹੀਂ ਹੈ ਤੇ ਇਸ ਨੂੰ ਅਸੀਂ ਤੱਥਾਂ ਨਾਲ ਸਾਬਤ ਕਰਾਂਗੇ।

ਸਭ ਤੋਂ ਪਹਿਲਾਂ ਸਾਨੂੰ ਇਸ ਸਵਾਲ ਦਾ ਜਵਾਬ ਲੱਭਣਾ ਪਵੇਗਾ ਕਿ ਜਿਹੜਾ ਬੰਦਾ ਸਾਡੀਆਂ ਉਮੀਦਾਂ ‘ਤੇ ਖਰਾ ਨਹੀਂ ਉਤਰਦਾ, ਅਸੀਂ ਕਿਸ ਹਾਲਤ ਵਿੱਚ ਉਸ ‘ਤੇ ਦੁਬਾਰਾ ਇਤਬਾਰ ਕਰਦੇ ਹਾਂ? ਜਵਾਬ ਮਿਲੇਗਾ ਉਸ ਹਾਲਤ ਵਿੱਚ, ਜਦੋਂ ਸਾਨੂੰ ਉਸ ਬੰਦੇ ਵੱਲੋਂ ਲਏ ਗਏ ਫੈਂਸਲਿਆਂ ‘ਤੇ ਪੂਰਾ ਪੂਰਾ ਇਤਬਾਰ ਹੋਵੇ, ਤੇ ਸਾਨੂੰ ਇਹ ਪਤਾ ਹੋਵੇ ਕਿ ਜਿਸ ਬੰਦੇ ‘ਤੇ ਅਸੀਂ ਇਤਬਾਰ ਕੀਤਾ ਹੈ, ਉਹ ਤਾਂ ਆਪ ਪੀੜਤ ਹੈ। ਮਿੱਤਰੋ ਇਹੋ ਕੁਝ ਹੋਇਆ ਹੈ ਨਵਜੋਤ ਸਿੰਘ ਸਿੱਧੂ ਦੇ ਮਾਮਲੇ ‘ਚ। ਜਿਸ ਬਾਰੇ ਲੋਕਾਂ ਦੀ ਇਹ ਧਾਰਨਾ ਰਹੀ ਹੈ, ਕਿ ਮੁਹੰਮਦ ਅਜੁਰਉਦੀਨ ਤੋਂ ਲੈ ਕੇ ਸੁਖਬੀਰ ਬਾਦਲ ਦੀ ਟੀਮ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨਾਲ ਨਵਜੋਤ ਸਿੰਘ ਸਿੱਧੂ ਦੀ ਅਣ-ਬਣ ਇਸ ਲਈ ਰਹੀ ਕਿਉਂਕਿ ਦੋਸ਼ ਇਹ ਲੱਗੇ, ਕਿ ਸਿੱਧੂ ਵੱਲੋਂ ਚੁੱਕੇ ਗਏ ਮੁੱਦੇ, ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨ ਅਤੇ ਕੀਤੀਆਂ ਗਈਆਂ ਮੰਗਾਂ ਕਿਤੇ ਨਾ ਕਿਤੇ ਆਪਣੀ ਜਗ੍ਹਾ ‘ਤੇ ਠੀਕ ਤਾਂ ਸਨ, ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਦੀ ਉਸ ਦੇ ਵਿਰੋਧੀਆਂ ਨੇ ਇੱਕ ਨਹੀਂ ਚੱਲਣ ਦਿੱਤੀ, ਤੇ ਸ਼ਾਇਦ ਇਸੇ ਲਈ ਸਿੱਧੂ ਨੂੰ ਉਨ੍ਹਾਂ ਸਾਰਿਆਂ ਤੋਂ ਕਿਨਾਰਾ ਕਰਨਾ ਪਿਆ।

ਸ਼ਾਇਦ ਇਹੋ ਕਾਰਨ ਹੈ ਕਿ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਅਜਿਹੇ ਵਿੱਚ ਤਰਕ ਦਿੰਦੇ ਹਨ ਕਿ ਜੇਕਰ ਇਹ ਸਾਰਾ ਕੁਝ ਜਾਣਦੇ ਬੁੱਝਦੇ ਹੋਏ, ਕਿ ਵਿਰੋਧੀ ਸਿੱਧੂ ਨਾਲ ਧੱਕਾ ਕਰ ਰਹੇ ਹਨ, ਉਨ੍ਹਾਂ ਵੱਲੋਂ ਚੁੱਕੀ ਗਈ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਲੋਕ ਵੀ ਸਿੱਧੂ ਦੇ ਵਿਰੁੱਧ ਹੋ ਜਾਣ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਤਾਂ ਫਿਰ ਕੀ ਇਹ ਉਨ੍ਹਾਂ ਲੋਕਾਂ ਨਾਲ ਧੱਕਾ ਨਹੀਂ ਹੋਵੇਗਾ, ਜਿਨ੍ਹਾਂ ਲੋਕਾਂ ਦੇ ਹੱਕ ਵਿੱਚ ਸਿੱਧੂ ਆਪਣੀ ਅਵਾਜ਼ ਬੁਲੰਦ ਕਰਦੇ ਹੋਏ ਜਗ੍ਹਾ ਜਗ੍ਹਾ ਹਾਲਾਤਾਂ ਨਾਲ ਸਮਝੌਤੇ ਕਰਦੇ ਆ ਰਹੇ ਹਨ? ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਨਵਜੋਤ ਸਿੰਘ ਸਿੱਧੂ ਹੁਰਾਂ ਨੇ ਹਾਲਾਤ ਨਾਲ ਸਮਝੌਤਾ ਕਰਕੇ ਆਪਣੇ ਕੈਰੀਅਰ ਨੂੰ ਹਨੇਰੇ ਵਿੱਚ ਧੱਕ ਲਿਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮੌਕੇ ਆ ਚੁਕੇ ਹਨ। ਪਰ ਇਸ ਦੇ ਬਾਵਜੂਦ ਲੋਕਾਂ ਨੇ ਹਰ ਵਾਰ ਸਿੱਧੂ ਨੂੰ ਪਹਿਲਾਂ ਨਾਲੋਂ ਵੱਧ ਪਿਆਰ ਦਿੱਤਾ। ਉਦਾਹਰਨ ਦੇ ਤੌਰ ‘ਤੇ ਜੇਕਰ ਸਿੱਧੂ ਨੇ ਕ੍ਰਿਕਟ ਤੋਂ ਸੰਨਿਆਸ ਲਿਆ ਤਾਂ ਲੋਕਾਂ ਨੇ ਨਾ ਸਿਰਫ ਇੱਕ ਕਮੈਂਟਰੇਟਰ ਦੇ ਤੌਰ ‘ਤੇ ਉਨ੍ਹਾਂ ਨੂੰ ਆਪਣੀਆਂ ਪਲਕਾਂ ‘ਤੇ ਬਿਠਾਇਆ ਬਲਕਿ ਕਪਿਲ ਸ਼ਰਮਾਂ ਦੇ ਕਮੇਡੀ ਸ਼ੋਅ ਨੂੰ ਵੀ ਦਰਸ਼ਕਾਂ ਨੇ ਸਿੱਧੂ ਤੋਂ ਬਿਨਾਂ ਸਵੀਕਾਰ ਨਹੀਂ ਕੀਤਾ ਤੇ ਅੱਜ ਉਸ ਸ਼ੋਅ ਦੀ ਟੀਆਰਪੀ ਵੀ ਬਹੁਤ ਘਟ ਗਈ ਹੈ।

ਇਸੇ ਤਰ੍ਹਾਂ ਜੇਕਰ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਦੀ ਟੀਮ ਨਾਲ ਲੜ ਕੇ ਭਾਰਤੀ ਜਨਤਾ ਪਾਰਟੀ ਅਤੇ ਮੈਂਬਰ ਰਾਜ ਸਭਾ ਵਜੋਂ ਅਸਤੀਫਾ ਦਿੱਤਾ, ਤਾਂ ਕਾਂਗਰਸ ਪਾਰਟੀ ‘ਚ ਆਉਣ ‘ਤੇ ਵੀ ਅੰਮ੍ਰਿਤਸਰ ਦੇ ਲੋਕਾਂ ਨੇ ਸਿੱਧੂ ‘ਤੇ ਫਿਰ ਇਤਬਾਰ ਕੀਤਾ ਤੇ ਉਨ੍ਹਾਂ ਨੂੰ ਚੁਣ ਕੇ ਵਿਧਾਨ ਸਭਾ ਅੰਦਰ ਭੇਜਿਆ। ਇੰਝ ਇੱਥੇ ਵੀ ਇਹ ਸਾਬਤ ਹੋਇਆ ਕਿ ਲੋਕਾਂ ਨੇ ਵੋਟਾਂ ਨਵਜੋਤ ਸਿੰਘ ਸਿੱਧੂ ਦੀ ਸੋਚ ਅਤੇ ਉਨ੍ਹਾਂ ਵੱਲੋਂ ਲਏ ਗਏ ਫੈਸਲੇ ਨੂੰ ਪਾਈਆਂ ਸਨ ਨਾ ਕਿਸੇ ਪਾਰਟੀ ਵਿਸ਼ੇਸ ਨੂੰ। ਸੋ ਕੁੱਲ ਮਿਲਾ ਕੇ ਇਹ ਗੱਲਾਂ ਸਾਬਤ ਕਰਦੀਆਂ ਹਨ, ਕਿ ਉਨ੍ਹਾਂ ਲੋਕਾਂ ਦੀ ਗੱਲ ਵਿੱਚ ਕੋਈ ਦਮ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਜ਼ਾਰਤ ਵਿੱਚੋਂ ਅਸਤੀਫਾ ਦੇ ਕੇ ਉਨ੍ਹਾਂ ਲੋਕਾਂ ਨੂੰ ਧੋਖਾ ਦਿੱਤਾ ਹੈ, ਜਿਹੜੇ ਉਨ੍ਹਾਂ ਨੂੰ ਪਿਆਰ ਕਰਦੇ ਹਨ ਤੇ ਜਿੰਨ੍ਹਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਹਨ।

ਹਾਂ ਇੰਨਾ ਜਰੂਰ ਹੈ ਹੁਣ ਇਹ ਵੇਖਣਾ ਦਿਲਚਸਪ ਹੋਵੇਗਾ, ਕਿ, ਕੀ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਵਾਰ ਆਪਣੇ ਕੈਰੀਅਰ ਨਾਲ ਕੀਤੇ ਗਏ ਸਮਝੌਤੇ ਨੂੰ ਵੀ ਲੋਕ ਉਸੇ ਨਜ਼ਰੀਏ ਨਾਲ ਦੇਖ ਰਹੇ ਹਨ ਜਿਸ ਨਜ਼ਰੀਏ ਨਾਲ ਹੁਣ ਤੱਕ ਵੇਖਦੇ ਆਏ ਹਨ ਜਾਂ ਇਸ ਵਾਰ ਲੋਕ ਉਨ੍ਹਾਂ ਵਿਰੋਧੀਆਂ ਦੀ ਗੱਲ ਨੂੰ ਸੱਚ ਕਰ ਵਿਖਾਉਣਗੇ ਜਿਹੜੇ ਇਹ ਕਹਿੰਦੇ ਫਿਰਦੇ ਹਨ ਕਿ ਸਿੱਧੂ ਤਾਂ ਹਰ ਵਾਰ ਧੋਖਾ ਦਿੰਦਾ ਹੈ ਇਸ ‘ਤੇ ਇਤਬਾਰ ਨਾ ਕਰੋ।

Check Also

Kotkapura youth died

ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

Kotkapura youth died in Surrey under mysterious circumstances ਫਰੀਦਕੋਟ: ਆਪਣੇ ਸੁਪਨੇ ਪੂਰੇ ਕਰਨ ਦੀ ਚਾਹ …

Leave a Reply

Your email address will not be published. Required fields are marked *