ਚੰਡੀਗੜ੍ਹ : ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਸਰਗਰਮੀਆਂ ਵਧਾ ਦਿੱਤੀਆਂ ਹਨ। ਉੱਥੇ ਹੀ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਨੇ ਵੀ ਸੂਬੇ ਦੇ ਵਿਦਿਆਰਥੀਆਂ ਦੀ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਵਿਖੇ ਪਾਰਟੀ ਦੇ ਵਿਦਿਆਰਥੀ ਵਿੰਗ ਦਾ ਜਥੇਬੰਦਕ ਢਾਂਚਾ ਬਣਾਉਣ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ਹੋਈ।
ਮੀਟਿੰਗ ‘ਚ ਸ਼ਾਮਲ ਕਮੇਟੀ ਦੇ ਸਲਾਹਕਾਰ ਵਕੀਲ ਦਿਨੇਸ਼ ਚੱਢਾ ਅਤੇ ਮੈਂਬਰ ਨਰਿੰਦਰ ਕੌਰ ਭਰਾਜ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਕਾਲਜਾਂ ‘ਚ ਭਿ੍ਰਸ਼ਟਾਚਾਰ ਸਬੰਧੀ ਯੂਜੀਸੀ ਦੇ ਹੁਕਮਾਂ ਨੂੰ ਲੰਬੇ ਸਮੇਂ ਤੋਂ ਦੱਬ ਕੇ ਰੱਖਿਆ ਹੋਇਆ ਹੈ। ਜਦਕਿ ਯੂਜੀਸੀ ਨੇ ਸਪਸ਼ਟ ਤੌਰ ‘ਤੇ ਸੂਬਾ ਸਰਕਾਰ ਨੂੰ ਲਿਖਿਆ ਹੋਇਆ ਹੈ ਕਿ ਸੂਬੇ ਦੇ ਗੈਰ ਸਰਕਾਰੀ ਕਾਲਜਾਂ ‘ਚ ਭਿ੍ਰਸ਼ਟਾਚਾਰ ਨਾਲ਼ ਵਿਦਿਆਰਥੀਆਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਕਦਮ ਚੁੱਕੇ ਜਾਣ। ਪਰ ਸਰਕਾਰ ਯੂਜੀਸੀ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਵਿਦਿਆਰਥੀ ਵਰਗ ਦੀ ਲੁੱਟ ਕਰਨ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਦੀ ਸਰਪ੍ਰਸਤੀ ਕਰ ਰਹੀ ਹੈ। ਜਿਸ ਕਰਕੇ ‘ਆਪ’ ਦਾ ਵਿਦਿਆਰਥੀ ਵਿੰਗ ਸੂਬੇ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਵਿਦਿਆਰਥੀਆਂ ਨੂੰ ਲਾਮਬੰਦ ਕਰਕੇ ਸੰਘਰਸ਼ ਉਲੀਕੇਗਾ। ਇਸ ਮੀਟਿੰਗ ‘ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਉਣ ਵਾਲੀਆਂ ਵਿਦਿਆਰਥੀ ਚੋਣਾਂ ‘ਚ ਹਿੱਸਾ ਲੈਣ ਬਾਰੇ ਵੀ ਚਰਚਾ ਕੀਤੀ ਗਈ।
ਇਸ ਮੀਟਿੰਗ ‘ਚ ਪਰਮਿੰਦਰ ਜੈਸਵਾਲ ਗੋਲਡੀ, ਸੁਖਰਾਜ ਬੱਲ, ਨਵਜੋਤ ਸੈਣੀ, ਹਰਸ਼ ਸਿੰਘ, ਵਿਸ਼ਰਦ ਵੀ ਸ਼ਾਮਿਲ ਹੋਏ।