Home / ਓਪੀਨੀਅਨ / ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ : ਕਿਸ ਨੇ ਲਾਇਆ ਵਿਰਾਸਤ ਨੂੰ ਖੋਰਾ

ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ : ਕਿਸ ਨੇ ਲਾਇਆ ਵਿਰਾਸਤ ਨੂੰ ਖੋਰਾ

ਜਗਤਾਰ ਸਿੰਘ ਸਿੱਧੂ

ਸੀਨੀਅਰ ਪੱਤਰਕਾਰ

ਚੰਡੀਗੜ੍ਹ : ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਦੁਨੀਆਂ ਭਰ ਵਿੱਚ ਇੱਕ ਨਿਵੇਕਲੀ ਮਿਸਾਲ ਹੈ। ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਸਮਾਗਮ ਚਮਕੌਰ ਸਾਹਿਬ ਵਿਖੇ ਨਗਰ ਕੀਰਤਨ ਨਾਲ ਸਮਾਪਤ ਹੋਏ ਹਨ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਸ਼ੁਰੂ ਹੋ ਰਹੀ ਹੈ। ਆਨੰਦਪੁਰ ਸਾਹਿਬ ਤੋਂ ਲੈ ਕੇ ਫਤਹਿਗੜ੍ਹ ਸਾਹਿਬ ਤੱਕ ਵੱਖ ਵੱਖ ਪਵਿੱਤਰ ਅਸਥਾਨਾਂ  ‘ਤੇ ਸਮਾਗਮ ਹੋ ਰਹੇ ਹਨ। ਪੋਹ ਦੇ ਮਹੀਨੇ ਵਿੱਚ ਵੀ ਸੰਗਤਾਂ ਦਾ ਜੋਸ਼ ਠਾਠਾਂ ਮਾਰਦਾ ਨਜ਼ਰ ਆ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਗੁਰੂ ਸਾਹਿਬਾਨਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਜ਼ੁਲਮ ਅਤੇ ਜ਼ਬਰ ਦੇ ਖਿਲਾਫ ਲੜਨ ਵਾਲੇ ਅਤੇ ਮਾਨਵਤਾ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਚੇਤੇ ਕੀਤਾ ਜਾ ਰਿਹਾ ਹੈ।

ਸਿੱਖ ਸੰਸਥਾਵਾਂ ਦੇ ਦਖਲ ਅਤੇ ਸੰਗਤਾਂ ਦੇ ਦਬਾ ਨੂੰ ਪ੍ਰਵਾਨ ਕਰਦਿਆਂ ਵੱਖ ਵੱਖ ਰਾਜਸੀ ਧਿਰਾਂ ਵੱਲੋਂ ਰਾਜਸੀ  ਦੂਸ਼ਣਬਾਜੀ ਵਾਲੀਆਂ ਕਾਨਫਰੰਸਾਂ ਵੀ ਹੁਣ ਇਨ੍ਹਾਂ ਪਵਿੱਤਰ ਸਥਾਨਾਂ ‘ਤੇ ਨਹੀਂ ਲਗਦੀਆਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਐਨੀ ਮਹਾਨ ਸ਼ਹਾਦਤ ਅਤੇ ਕੁਰਬਾਨੀਆਂ ਦਾ ਸੁਨੇਹਾਂ ਦੇਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਨਾਲ ਜੁੜੀਆਂ ਹੋਈਆਂ ਧਾਰਮਿਕ ਸੰਸਥਾਵਾਂ ਕਿੰਨੀਆਂ ਕੁ ਸਫਲ ਹੋਈਆਂ ਹਨ। ਆਪਣੇ ਆਪ ਨੂੰ ਪੰਥ ਦਾ ਦਾਅਵੇਦਾਰ ਕਹਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਪੰਥਕ ਸਿਧਾਂਤ ਨੂੰ ਛੱਡਕੇ ਕੇਵਲ ਸੱਤਾ ਹਾਸਿਲ ਕਰਨ ਲਈ ਰਾਜਸੀ ਖੇਡ ਤੱਕ ਹੀ ਸੀਮਿਤ ਕਿਉਂ ਰਹਿ ਗਿਆ ਹੈ। ਸਿੱਖ ਭਾਈਚਾਰੇ ਦੀ ਸਿੱਖ ਸੰਸਥਾਵਾਂ ਵਿੱਚ ਭਰੋਸੇਯੋਗਤਾ ਕਿਉਂ ਘੱਟ ਗਈ ਹੈ। ਕਦੇ ਇਹ ਨਾਅਰੇ ਪੰਥਕ ਕਾਨਫਰੰਸ ਅੰਦਰ ਗੂੰਜਦੇ ਸਨ ਕਿ ਅਕਾਲ ਤਖਤ ਮਹਾਨ ਹੈ,ਸਿੱਖ ਪੰਥ ਦੀ ਸ਼ਾਨ ਹੈ। ਹੁਣ ਸਥਿਤੀ ਇਹ ਬਣ ਗਈ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਵੀ ਸਵਾਲ ਉੱਠ ਰਹੇ ਹਨ। ਮੁਤਵਾਜ਼ੀ ਜਥੇਦਾਰ ਬਣ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਭਾਈਚਾਰੇ ਨੇ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਲਿਆਂਦਾ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੀ ਭਰੋਸੇਯੋਗਤਾ ਨੂੰ ਵੱਡਾ ਖੋਰ ਲੱਗਾ ਹੈ।

ਇਹ ਠੀਕ ਹੈ ਕਿ ਵੱਡੇ ਸਾਹਿਬਜਾਦਿਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੇ ਸਮਾਗਮ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਹੇਠ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਅਕਾਲੀ ਆਗੂ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਰਹੇ ਹਨ। ਪਰ ਇਹ ਰਵਾਇਤੀ ਸਮਾਗਮ ਤਾਂ ਦਹਾਕਿਆਂ  ਤੋਂ ਹੋ ਰਹੇ ਹਨ। ਇਸ ਦੇ ਬਾਵਜੂਦ ਸਿੱਖੀ ਕਦਰਾਂ ਕੀਮਤਾਂ ਵਿੱਚ ਨਿਘਾਰ ਆ ਗਿਆ ਹੈ। ਬੇਸ਼ੱਕ ਦੁਨੀਆਂ ਅੰਦਰ ਸਿੱਖ ਭਾਈਚਾਰੇ ਦੀ ਸ਼ਕਤੀ ਵੱਖ ਵੱਖ ਖੇਤਰਾਂ ਅੰਦਰ ਸਿੱਖਾਂ ਦਾ ਨਾਂ ਬਣਾ ਰਹੀ ਹੈ ਪਰ ਸਾਡੇ ਆਪਣੇ ਮੁਲਕ ਅੰਦਰ ਸਿੱਖਾਂ ਦੀ ਸ਼ਕਤੀ ਘਟੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਅਤੇ ਅਕਾਲੀ ਦਲ ਉਪਰ ਸਿਧਾਂਤ ਤੋਂ ਥਿੜਕਣ ਦੇ ਸਵਾਲ ਉੱਠ ਰਹੇ ਹਨ। ਸਾਹਿਬਜਾਦਿਆਂ ਦੀ ਸ਼ਹਾਦਤ ਜ਼ੁਲਮ ‘ਤੇ ਜ਼ਬਰ ਦੇ ਖਿਲਾਫ ਡਟਣ ਦਾ ਸੁਨੇਹਾ ਦੇ ਰਹੀ ਹੈ ਅਤੇ ਮਾਨਵਤਾ ਦੇ ਭਲੇ ਲਈ ਹਰ ਕੁਰਬਾਨੀ ਦੀ ਮਿਸਾਲ ਹੈ ਪਰ ਮੌਜੂਦਾ ਪੰਥਕ ਲੀਡਰਸ਼ਿੱਪ ਦੇ ਦਾਅਵੇਦਾਰ ਨੇਤਾ ਮੁਲਕ ਅੰਦਰ ਘੱਟ ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ਬਾਰੇ ਵੀ ਚੁੱਪ ਹਨ। ਪੰਥਕ ਹਿੱਤਾਂ ਦੀ ਥਾਂ ਨਿੱਜੀ ਹਿੱਤ ਅਪਣਾਉਣ ਦੇ ਉਨ੍ਹਾਂ ‘ਤੇ ਦੋਸ਼ ਲੱਗ ਰਹੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿੱਪ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੇ ਵਪਾਰੀਕਰਨ ਦੀ ਨੀਤੀ ਨੂੰ ਅਪਣਾ ਲਿਆ ਹੈ। ਇਸ ਦਾ ਜਵਾਬ ਅਕਾਲੀ ਦਲ ਦੇ ਮੌਜੂਦਾ ਆਗੂਆਂ ਕੋਲ ਨਹੀਂ ਹੈ ਕਿ ਪੰਥਕ ਰਵਾਇਤਾਂ ਵਿੱਚ ਰੰਗਿਆ ਅਕਾਲੀ ਦਲ ਪੂਰੇ ਦਾ ਪੂਰਾ ਬਾਦਲ ਪਰਿਵਾਰ ਦੀ ਝੋਲੀ ਵਿੱਚ ਕਿਵੇਂ ਪੈ ਗਿਆ?

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਲਈ ਵੀ ਪੋਹ ਦੇ ਮਹੀਨੇ ਦੇ ਸ਼ਹਾਦਤ ਵਾਲੇ ਦਿਨ ਸੁਨੇਹਾ ਦਿੰਦੇ ਹਨ ਕਿ ਵਿਰਾਸਤ ਨੂੰ ਸਾਂਭਣ ਲਈ ਹੁਣ ਸੰਗਤਾਂ ਨੂੰ ਹੰਭਲਾ ਮਾਰਨ ਦੀ ਜ਼ਰੂਰਤ ਹੈ ਕਿਉਂ ਜੋ ਪੰਥ ਦੇ ਦਾਅਵੇਦਾਰ ਅਖਵਾਉਣ ਵਾਲੇ ਆਗੂਆਂ ਨੇ ਆਪਣੀ ਭਰੋਸੇਯੋਗਤਾ ਆਪ ਹੀ ਗੁਆ ਲਈ ਹੈ।

Check Also

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ …

Leave a Reply

Your email address will not be published. Required fields are marked *