ਵਾਰਸ ਦੀ ਚਾਹਣਾ ਨੇ ਗੋਦ ਦੁਆਇਆ ਅਗਵਾਹ ਕੀਤਾ ਬੱਚਾ, ਪੁਲਿਸ ਪਹੁੰਚੀ ਤਾਂ ਖੁੱਲ੍ਹਿਆ ਰਾਜ਼

Prabhjot Kaur
4 Min Read

ਮੋਗਾ: ਮੋਗਾ ਦੇ ਵਿੱਚ ਇੱਕ ਬੱਚੇ ਦੇ ਅਗਵਾਹ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਜੀ ਹਾਂ ! ਮੋਗਾ ‘ਚ ਪਿਛਲੇ ਚਾਰ ਕੁ ਦਿਨ ਪਹਿਲਾਂ ਗਰੀਬ ਝੁਗੀਆਂ ਵਾਲੇ ਪਰਿਵਾਰ ਦਾ ਇੱਕ ਬੱਚਾ ਆਪਣੀ ਝੁੱਗੀ ਦੇ ਬਾਹਰ ਖੇਡ੍ਹਦਾ ਖੇਡ੍ਹਦਾ ਅਚਾਨਕ ਗ਼ਾਇਬ ਹੋ ਗਿਆ।  ਸ਼ੁਰੂਆਤੀ ਦੌਰ ਚ ਲੱਗਾ ਕਿ ਉਸ ਨੂੰ ਕੁਝ ਅਣ-ਪਛਾਤੇ ਲੋਕਾਂ ਵੱਲੋਂ ਹੀ ਇਹ ਬੱਚਾ ਅਗਵਾਹ ਕੀਤਾ ਗਿਆ ਹੈ।  ਪਰ ਹੁਣ ਖੁਲਾਸਾ ਹੋਇਆ ਹੈ ਕਿ ਉਸ ਬੱਚੇ ਨੂੰ ਮਾਰਕਫੈਡ ਦੇ ਇੱਕ ਅਜਿਹੇ ਸੇਵਾ ਮੁਕਤ ਅਧਿਕਾਰੀ ਨੇ ਗੋਦ ਲਿਆ ਸੀ ਜਿਸ ਦੇ ਆਪਣੇ ਲੜਕੇ ਦੀ ਮੌਤ ਹੋ ਚੁਕੀ ਸੀ ਤੇ ਉਸ ਦੀ ਵਿਧਵਾ ਨੂੰਹ ਨੇ ਦੂਜਾ ਵਿਆਹ ਕਰਵਾ ਲਿਆ ਸੀ।  ਲਿਹਾਜ ਕਰੋੜਾਂ ਰੁਪਏ ਦੀ ਜਾਇਦਾਦ ਦਾ ਮਾਲਕ ਇਹ ਸੇਵਾ ਮੁਕਤ ਅਧਿਕਾਰੀ ਆਪਣੀ ਜਾਇਦਾਦ ਲਈ ਕਿਸੇ ਵਾਰਸ ਦੀ ਭਾਲ ‘ਚ ਸੀ ਤੇ ਇਸੇ ਭਾਲ ਦਾ ਫਾਇਦਾ ਚੁੱਕ ਕੁਝ ਲੋਕ ਉਸ ਨੂੰ ਬੱਚਾ ਅਗਵਾਹ ਕਰਕੇ 1.5 ਲੱਖ ਰੁਪਏ ਵਿੱਚ ਵੇਚ ਗਏ ।

ਕਹਾਣੀ ਅਨੁਸਾਰ ਮਾਰਕਫੈੱਡ ਦੇ ਇਸ ਸੇਵਾ ਮੁਕਤ ਅਧਿਕਾਰੀ ਦਲਬੀਰ ਸਿੰਘ ਦੇ ਦੋ ਬੇਟੇ, ਇੱਕ ਨੂੰਹ ਤੇ 8 ਸਾਲ ਦੇ ਪੋਤੇ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਇਕੱਲਾ ਰਹਿ ਗਿਆ ਸੀ। ਉਸ ਦੀ ਇੱਕ ਨੂੰਹ ਵੀ ਦੂਜਾ ਵਿਆਹ ਕਰਵਾਕੇ ਆਪਣਾ ਘਰ ਵਸਾ ਚੁਕੀ ਸੀ । ਦਲਬੀਰ ਸਿੰਘ ਨੂੰ ਹਰ ਵੇਲੇ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਉਸਦੀ 22 ਏਕੜ ਜ਼ਮੀਨ ਅਤੇ 3 ਕੋਠੀਆਂ ਨੂੰ ਸਾਂਭਣ ਵਾਲਾ ਆਪਣਾ ਕੋਈ ਵਾਰਸ਼ ਨਹੀਂ ਹੈ।  ਲਿਹਾਜ਼ਾ ਉਸ ਨੇ ਇੱਕ ਬੱਚਾ ਗੋਦ ਲੈਣ ਦਾ ਫੈਂਸਲਾ ਕੀਤਾ । ਜਿਸ ਲਈ ਉਸ ਨੇ ਆਪਣੇ ਆਪਣੇ ਜਾਣਕਾਰਾਂ ਦੀ ਮਦਦ ਨਾਲ ਇੱਕ ਬੱਚਾ ਵੀ ਗੋਦ ਲੈ ਲਿਆ ਪਰ ਜਦੋਂ ਉਸ ਬੱਚੇ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਸਾਰੇ ਹੱਕੇ-ਬੱਕੇ ਰਹਿ ਗਏ।

ਦਲਬੀਰ ਸਿੰਘ ਨੇ ਆਪਣੀ ਇਹ ਇੱਛਾ ਆਪਣੇ ਕਿਰਾਏ ਤੇ ਰਹਿ ਕੇ ਜਾ ਚੁਕੀ ਇੱਕ ਔਰਤ ਕੁਲਵਿੰਦਰ ਕੌਰ ਕੋਲ ਜਾਹਰ ਕੀਤੀ।  ਜਿਸ ਨੇ ਜਦੋਂ ਮੋਗਾ ਦੇ ਜੀਰਾ ਰੋਡ ਤੇ ਰਹਿਣ ਵਾਲੇ ਆਪਣੀ ਮਾਸੀ ਦੇ ਮੁੰਡੇ ਲਖਵਿੰਦਰ ਲੱਖਾ ਨਾਲ ਇਸ ਬਾਬਤ ਗੱਲ ਕੀਤੀ ਤਾਂ ਉਸ ਨੇ ਦਲਬੀਰ ਸਿੰਘ ਦੀ ਇੱਛਾ ਪੂਰੀ ਕਰਨ ਲਈ ਇੱਕ ਅਜਿਹੀ ਸਾਜ਼ਿਸ਼ ਘੜ੍ਹੀ ਜਿਸ ਨੇ ਇੱਕ ਮਾਂ ਨੂੰ ਤਾਂ ਖੂਨ ਦੇ ਹੰਝੂ ਵਹਾਉਣ ਲਈ ਮਜਬੂਰ ਕੀਤਾ ਹੀ ਮੁਸ਼ਕਲਾਂ ਉਸ ਦਲਬੀਰ ਸਿੰਘ ਲਈ ਵੀ ਖੜ੍ਹੀਆਂ ਕਰ ਦਿੱਤੀਆਂ ਜਿਸ ਦੀ ਇੱਛਾ ਪੂਰੀ ਕਰਨ ਲਈ ਇਹ ਸਾਰੀ ਸਾਜ਼ਿਸ਼ ਘੜ੍ਹੀ ਗਈ ਸੀ।

ਹੋਇਆ ਇੰਝ ਕਿ ਕੁਲਵਿੰਦਰ ਕੌਰ ਦੀ ਗੱਲ ਸੁਨਣ ਤੋਂ ਬਾਅਦ ਲੱਖੇ ਦੇ ਮਨ ‘ਚ ਲਾਲਚ ਆ ਗਿਆ ਤੇ ਉਸ ਨੇ ਇਸੇ ਇਲਾਕੇ ਚ ਰਹਿੰਦੇ ਆਪਣੇ ਇੱਕ ਦੋਸਤ ਚਾਰਲਸ ਰੋਜ਼ ਤੇ ਉਸਦੀ ਕਥਿਤ ਪ੍ਰੇਮਿਕਾ ਪ੍ਰੀਤੀ ਨਾਲ ਮਿਲਕੇ ਇੱਕ ਬਚਾ ਅਗਵਾਹ ਕਾਰਨ ਦੀ ਸਾਜ਼ਿਸ਼ ਘੜ੍ਹ ਲਈ। ਜਿਸ ਤੋਂ ਬਾਅਦ ਕੁਲਵਿੰਦਰ ਕੌਰ ਤੇ ਲੱਖਾ ਨੇ 24 ਦਸੰਬਰ ਨੂੰ ਝੁੱਗੀਆਂ ਚ ਰਹਿੰਦੇ ਇੱਕ ਬੱਚੇ ਫ਼ਰਹਾਨ ਨੂੰ ਉਸ ਵੇਲੇ ਅਗਵਾਹ ਕਰ ਲਿਆ ਜਦੋਂ ਉਹ ਘਰ ਦੇ ਬਾਹਰ ਖੇਡ੍ਹ ਰਿਹਾ ਸੀ । ਜਿਨ੍ਹਾਂ  ਬਾਰੇ ਬਾਅਦ ਵਿੱਚ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਘਾਲ ਕੇ ਪਤਾ ਲਗਾ ਲਿਆ ਤੇ ਇੱਕ ਇੱਕ ਕਰਕੇ ਪੁਲਿਸ ਜਦੋਂ ਲੱਖਾ, ਚਾਰਲਸ ਰੋਜ਼, ਉਨ੍ਹਾਂ ਦੇ ਦੋਸਤ ਸੰਨੀ ਨੂੰ ਗ੍ਰਿਫਤਾਰ ਕਰਦੀ ਹੋਈ ਦਲਬੀਰ ਸਿੰਘ ਤਕ ਪਹੁੰਚੀ ਤਾਂ ਸਾਰਾ ਰਾਜ ਖੁੱਲ੍ਹਿਆ ਕਿ ਇਹ ਸਾਰੀ ਸਾਜ਼ਿਸ਼ 1.5 ਲੱਖ ਰੁਪਏ ਕਮਾਉਣ ਲਈ ਰਚੀ ਗਈ ਸੀ। ਪੁਲਿਸ ਨੇ ਬੱਚਾ ਦਲਬੀਰ ਸਿੰਘ ਤੋਂ ਬਰਾਮਦ ਕਰ ਲਿਆ ਹੈ ਤੇ ਹੁਣ ਉਹ ਪ੍ਰੀਤੀ ਦੀ ਭਾਲ ਕਾਰਨ ਦੇ ਨਾਲ ਨਾਲ ਫੜੇ ਗਏ ਲੋਕਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਨੇ ਹੋਰ ਕਿੰਨੇ ਬਚੇ ਅਗਵਾਹ ਕੀਤੇ ਹਨ।

- Advertisement -

Share this Article
Leave a comment