ਗੁਰਦਾਸਪੁਰ : ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸਿਹਰਾ ਪ੍ਰਾਪਤ ਕਰਨ ਲਈ ਜਿੱਥੇ ਭਾਰਤ ਦੇ ਵਧਾਇਕਾਂ ਵਿੱਚ ਇੱਕ ਅਨਾਰ ਸੌ ਬਿਮਾਰ ਵਾਲੀ ਗੱਲ ਹੋ ਰਹੀ ਹੈ ਉੱਥੇ ਪਾਕਿਸਤਾਨ ਨੇ ਇਸ ਲਾਂਘੇ ਤੇ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚਾਲੂ ਕਰ ਦਿੱਤੀਆਂ ਹਨ। ਪਾਕਿਸਤਾਨ ਵੱਲੋਂ ਚੱਲ ਰਹੀਆਂ ਲਾਂਘੇ ਦੀਆਂ ਤਿਆਰੀਆਂ ਨੂੰ ਦਿਨ ਰਾਤ ਸਰਹੱਦ ਤੋਂ ਵੇਖਿਆ ਜਾ ਸਕਦਾ ਹੈ।
ਪੰਜਾਬ ਦੇ ਹਰ ਆਮ ਵਿਧਾਇਕ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਸ ਲਾਂਘੇ ਦਾ ਸਿਹਰਾ ਆਪਣੇ ਸਿਰ ਲੈਣ ਲਈ ਇੱਕ ਦੂਜੇ ਦੀ ਮੰਜੀ ਠੋਕ ਰਹੇ ਹਨ। ਨਵਜੋਤ ਸਿੰਘ ਸਿੱਧੂ ਜਿਸ ਨੂੰ ਇਸ ਲਾਂਘੇ ਦਾ ਅਸਲ ਸਿਹਰਾ ਮਿਲਣਾ ਚਾਹੀਦਾ ਹੈ ਉਸ ਨੇ ਤਾਂ ਇਹ ਸਿਹਰਾ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਹੈ ਜਦ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਲਾਂਘਾ ਸਿਰਫ ਉਸ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤਾਨਾਂ ਸਬੰਧਾਂ ਕਾਰਨ ਖੁਲ੍ਹਣਾਂ ਸੰਭਵ ਹੋ ਸਕਿਆ ਹੈ। ਇਸ ਦੇ ਉਲਟ ਅਕਾਲੀ ਆਗੂ ਇਸ ਸਭ ‘ਤੇ ਆਪਣਾ ਹੱਕ ਜਤਾ ਰਹੇ ਹਨ। ਮੁੱਖ ਮੰਤਰੀ ਪੰਜਾਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਇਸ ਲਾਂਘੇ ਲਈ ਕੋਸ਼ਿਸ਼ਾ ਇੰਦਰਾ ਗਾਂਧੀ ਦੇ ਸਮੇਂ ਤੋਂ ਲੈ ਕੇ ਚਲਦੀਆਂ ਆ ਰਹੀਆਂ ਹਨ ਅਤੇ ਫਿਰ ਇਸ ਕੰਮ ‘ਚ ਡਾ ਮਨਮੋਹਨ ਸਿੰਘ ਨੇ ਆਪਣਾ ਯੋਗਦਾਨ ਪਾਇਆ ਅਤੇ ਉਸ ਨੇ ਖੁਦ ਵੀ ਬਹੁਤ ਵਾਰ ਇਸ ਬਾਰੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ।
ਭਾਰਤ ਵੱਲੋਂ ਸਿਰਫ 200 ਮੀਟਰ ਲਾਂਘੇ ‘ਤੇ ਸੜਕ ਦੀ ਉਸਾਰੀ ਕੀਤੀ ਜਾਣੀ ਹੈ ਜਦੋਂ ਕਿ ਪਾਕਿਸਤਾਨ ਵੱਲ ਉਨ੍ਹਾਂ ਨੇ 400 ਮੀਟਰ ਸੜਕ ਦੀ ਉਸਾਰੀ ਕਰਨੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਬਿਆਸ ਦਰਿਆ ‘ਤੇ ਇੱਕ ਪੁਲ ਦਾ ਵੀ ਨਿਰਮਾਣ ਕਰਨਾ ਹੈ। ਭਾਰਤ ਇਸ ਕੰਮ ਵਿੱਚ ਪਾਕਿਸਤਾਨ ਦੇ ਮੁਕਾਬਲੇ ਪਿੱਛੇ ਚੱਲ ਰਿਹਾ ਹੈ
ਇਸ ਤਰ੍ਹਾਂ ਜਿੱਥੇ ਪਾਕਿਸਤਾਨ ਇਸ ਲਾਘੇ ਦੀ ਉਸਾਰੀ ਲਈ ਆਪਣੀ ਪੂਰੀ ਵਾਹ ਲਾ ਰਿਹਾ ਹੈ ਉੱਥੇ ਭਾਰਤ ਵੱਲੋਂ ਇਸ ਲਾਂਘੇ ਦਾ ਖੁਲ੍ਹਣਾ ਪਾਕਿਸਤਾਨ ਦੀ ਚਾਲ ਦੱਸੀ ਜਾ ਰਹੀ ਹੈ। ਭਾਰਤ ਵਾਲੇ ਪਾਸਿਓਂ ਇਹ ਦੋਸ਼ ਲੱਗ ਰਹੇ ਹਨ ਕਿ ਇਸ ਲਾਂਘੇ ਦੇ ਖੁਲ੍ਹਣ ਪਿੱਛੇ ਬਹੁਤ ਵੱਡਾ ਰਾਜ਼ ਹੈ । ਉਹ ਕਹਿੰਦੇ ਹਨ ਕਿ ਪਾਕਿਸਤਾਨ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅੱਤਵਾਦੀਆਂ ਨੂੰ ਕਮਰੇ ਦੇ ਦਿੱਤੇ ਗਏ ਹਨ ਜਿੰਨ੍ਹਾਂ ਦਾ ਮੁੱਖ ਮਕਸਦ ਸਿਰਫ ਭਾਰਤ ਤੋਂ ਗਏ ਸ਼ਰਧਾਲੂਆਂ ਨੂੰ ਖਾਲਿਸਤਾਨ ਲਈ ਭੜਕਾਉਣਾ ਅਤੇ ਭਾਰਤ ਪ੍ਰਤੀ ਉਨ੍ਹਾਂ ਦੇ ਮਨਾਂ ਵਿੱਚ ਨਫਰਤ ਭਰਨ ਦਾ ਹੈ।