ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਤੇ ਗੋਲੀ ਕਾਂਡ ਸਬੰਧੀ ਬਣਾਈ ਗਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਅੱਗੇ ਪੇਸ਼ ਹੋਣ ਤੋਂ ਇਹ ਕਹਿੰਦਿਆਂ ਕੋਰਾ ਜਵਾਬ ਦੇ ਦਿੱਤਾ ਹੈ ਕਿ, “ਮੈਂ ਅਕਾਲ ਤਖਤ ਸਾਹਿਬ ਦਾ ਸਾਬਕਾ ਜਥੇਦਾਰ ਹਾਂ ਤੇ ਤਖਤ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਦੀ ਜਿੰਮੇਵਾਰੀ ਵੀ ਮੇਰੇ ਮੋਢਿਆਂ ਤੇ ਹੈ, ਲਿਹਾਜਾ ਸਾਬਕਾ ਜਥੇਦਾਰ ਦੇ ਰੂਪ ਵਿੱਚ ਮੈਂ ਕਿਸੇ ਵੀ ਪੁਲਿਸ ਅਧਿਕਾਰੀ ਅੱਗੇ ਪੇਸ਼ ਨਹੀਂ ਹੋਵਾਂਗਾ”। ਗਿਆਨੀ ਗੁਰਬਚਨ ਸਿੰਘ ਦੇ ਇਸ ਦੋ ਟੁੱਕ ਜਵਾਬ ਨੇ ਜਿੱਥੇ ਆਮ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਉੱਥੇ ਕਾਨੂੰਨ ਦਾਨ ਹੁਣ ਇਹ ਤਰਕ ਦਿੰਦੇ ਹਨ ਕਿ ਦੇਸ਼ ਦੇ ਕਾਨੂੰਨ ਤੋਂ ਉੱਤੇ ਕੋਈ ਨਹੀਂ ਹੈ । ਲਿਹਾਜ਼ਾ ਜੇਕਰ ਗਿਆਨੀ ਜੀ ਇਸੇ ਤਰ੍ਹਾਂ ਅੜੇ ਰਹੇ ਤਾਂ ਪੁਲਿਸ ਕੋਲ ਉਨ੍ਹਾਂ ਦੀ ਹਿਰਾਸਤੀ ਪੁੱਛ-ਗਿੱਛ ਦਾ ਬਦਲ ਵੀ ਖੁਲ੍ਹਾ ਹੈ।
ਇਸ ਸਬੰਧ ਵਿੱਚ ਪੱਤਰਕਾਰਾਂ ਨਾਂਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਸ਼੍ਰੀ ਅਕਾਲ ਤਖਤ ਦੀ ਮਾਣ ਮਰਿਆਦਾ ‘ਤੇ ਪਹਿਰਾ ਦੇਣ ਲਈ ਹੀ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਨ੍ਹਾਂ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਤੇ ਉਹ ਜਾਂਚ ਟੀਮ ਨੂੰ ਪੂਰਾ ਸਹਿਯੋਗ ਵੀ ਦੇਣਗੇ, ਪਰ ਜੇਕਰ ਕਿਸੇ ਪੁਲਿਸ ਅਧਿਕਾਰੀ ਨੇ ਉਨ੍ਹਾਂ ਤੋਂ ਇਸ ਸਬੰਧੀ ਕੋਈ ਸਵਾਲ ਕਰਨਾ ਹੈ ਤਾਂ ਉਹ ਉਨ੍ਹਾਂ ਦੇ ਘਰ ਆ ਸਕਦੇ ਹਨ, ਜਦਕਿ ਉਹ ਆਪ ਕਿਸੇ ਵੀ ਪੁਲਿਸ ਅਧਿਕਾਰੀ ਦੇ ਦਫਤਰ ਵਿੱਚ ਜਾ ਕੇ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਉਹ ਮੌਕੇ ਤੇ ਤੈਅ ਕਰਨਗੇ।
ਇੱਥੇ ਦੱਸ ਦਈਏ ਕਿ ਬਾਦਲਾਂ, ਡਾ. ਦਲਜੀਤ ਸਿੰਘ ਚੀਮਾਂ ਅਤੇ ਅਕਸ਼ੈ ਕੁਮਾਰ ਤੋਂ ਬਾਅਦ ਇੰਨ੍ਹੀ ਦਿਨੀਂ ਐਸ ਆਈ ਟੀ ਵੱਲੋਂ ਗਿਆਨੀ ਗੁਰਬਚਨ ਸਿੰਘ ਤੇ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਵੀ ਸੰਮਨ ਭੇਜ ਕੇ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤੇ ਜਾਣ ਦੇ ਚਰਚੇ ਹਨ ਤੇ ਇੰਨ੍ਹਾਂ ਚਰਚਿਆਂ ਤੋਂ ਬਾਅਦ ਹੀ ਮੀਡੀਆ ਵਾਲਿਆਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਸਵਾਲ ਜਵਾਬ ਕੀਤੇ ਸਨ। ਜਿਕਰਯੋਗ ਹੈ ਕਿ ਗਿਆਨੀ ਗੁਰਮੁੱਖ ਸਿੰਘ ਨੇ ਕੁਝ ਸਾਲ ਪਹਿਲਾਂ ਤਖਤ ਸ਼੍ਰੀ ਦਮਦਮਾਂ ਸਾਹਿਬ ਦਾ ਜਥੇਦਾਰ ਰਹਿੰਦਿਆਂ ਬਾਦਲਾਂ ‘ਤੇ ਕਈ ਗੰਭੀਰ ਦੋਸ਼ ਲਾਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਜਥੇਦਾਰੀ ਤੋਂ ਹਟਾ ਦਿੱਤਾ ਗਿਆ ਸੀ, ਤੇ ਹਟਾਏ ਜਾਣ ਤੋਂ ਬਾਅਦ ਮੀਡੀਆ ਨੂੰ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਗੁਰਬਚਨ ਸਿੰਘ ਹੀ ਉਨ੍ਹਾਂ ਨੂੰ ਲੈ ਕੇ ਬਾਦਲਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਹਾਇਸ਼ ‘ਤੇ ਗਏ ਸਨ। ਜਿੱਥੇ ਉਨ੍ਹਾਂ ‘ਤੇ ਸੌਦਾ ਸਾਧ ਨੂੰ ਮਾਫੀ ਦਿੱਤੇ ਜਾਣ ਲਈ ਦਬਾਅ ਪਾਇਆ ਗਿਆ ਸੀ। ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਤੇ ਬਾਦਲਾਂ ਖਿਲਾਫ ਦੁਨੀਆਂ ਭਰ ਦੇ ਲੋਕਾਂ ਨੇ ਦੱਬ ਕੇ ਭੜਾਸ ਕੱਢੀ ਸੀ। ਹੁਣ ਜਦੋਂ ਗਿਆਨੀ ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦਾ ਹਵਾਲਾ ਦੇ ਕੇ ਸਿੱਟ ਅੱਗੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੈ ਤਾਂ ਲੋਕਾਂ ਨੇ ਗਿਆਨੀ ਗੁਰਮੁੱਖ ਸਿੰਘ ਦੀਆਂ ਪੁਰਾਣੀ ਇੰਟਰਵਿਊ ਦਿਖਾ ਦਿਖਾ ਕੇ ਗਿਆਨੀ ਗੁਰਬਚਨ ਸਿੰਘ ਨੂੰ ਅਜਿਹੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਹਨ, ਜਿੰਨ੍ਹਾਂ ਬਾਰੇ ਜੇਕਰ ਗਿਆਨੀ ਜੀ ਧਿਆਨ ਦੇਣ ਲੱਗ ਪੈਣ ਤਾਂ ਉਨ੍ਹਾਂ ਦੀ ਰਾਤਾਂ ਦੀਆਂ ਨੀਂਦ ਹਰਾਮ ਹੋ ਸਕਦੀ ਹੈ।