Home / ਓਪੀਨੀਅਨ / ਰਾਜਨੀਤਕ ਵਿਰੋਧੀ ਪਾਰਟੀਆਂ ਦਾ ਦੋਗਲਾਪਣ ਜਾਂ ਨਿਕੰਮਾਪਣ !

ਰਾਜਨੀਤਕ ਵਿਰੋਧੀ ਪਾਰਟੀਆਂ ਦਾ ਦੋਗਲਾਪਣ ਜਾਂ ਨਿਕੰਮਾਪਣ !

-ਸੁਬੇਗ ਸਿੰਘ;

ਸੰਸਾਰ ਦੇ ਵਿੱਚ ਜਨਮ ਲੈਣ ਤੋਂ ਬਾਅਦ ਹਰ ਵਿਅਕਤੀ ਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ ਹੈ। ਇਹ ਕੰਮ ਮਨੁੱਖ ਦੀ ਜਿੰਦਗੀ ਦਾ ਇੱਕ ਹਿੱਸਾ ਵੀ ਹੈ। ਇਸ ਕੰਮ ਨੂੰ ਭਾਵੇਂ ਕੋਈ ਵਿਅਕਤੀ ਆਪਣੇ ਲਈ ਕਰੇ, ਆਪਣਿਆਂ ਲਈ ਕਰੇ ਜਾਂ ਫਿਰ ਦੂਸਰਿਆਂ ਦੇ ਭਲੇ ਲਈ ਕਰੇ। ਇਹ ਕੰਮ ਕਿਸੇ ਨਾ ਕਿਸੇ ਰੂਪ ‘ਚ ਭਾਵੇਂ ਕੋਈ ਮਨੁੱਖ ਇਕੱਲਾ ਕਰੇ। ਪਰਿਵਾਰਕ ਤੌਰ ‘ਤੇ ਅਤੇ ਪਰਿਵਾਰ ਦੇ ਮੈਂਬਰ ਰਲ ਮਿਲ ਕੇ ਪਰਿਵਾਰ ਦੀ ਬਿਹਤਰੀ ਲਈ ਕਰਨ। ਕੋਈ ਸਮਾਜਿਕ ਸੰਸਥਾ ਲੋਕਾਂ ਦੇ ਭਲੇ ਲਈ ਕੋਈ ਕੰਮ ਕਰੇ। ਸਮੇਂ ਦੀਆਂ ਸਰਕਾਰਾਂ ਆਪਣੇ ਵਾਅਦਿਆਂ ਅਨੁਸਾਰ ਕੋਈ ਕੰਮ ਕਰਨ ਜਾਂ ਫਿਰ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵਿਰੋਧੀ ਧਿਰ ‘ਚ ਹੁੰਦੇ ਹੋਏ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਜਾਂ ਫਿਰ ਸਰਕਾਰਾਂ ਜਾਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਲੋਕਾਂ ‘ਤੇ ਕੀਤੇ ਹੋਏ ਜੁਲਮਾਂ ਅਤੇ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ ਵਿਰੋਧ ਕਰਨ ਦੀ ਗੱਲ ਹੀ ਕਿਉਂ ਨਾ ਹੋਵੇ। ਇਹ ਸਾਰੇ ਕੰਮਾਂ ਦੀ ਸੂਚੀ ਵਿੱਚ ਹੀ ਤਾਂ ਆਉਂਦੇ ਹਨ।

ਇਸ ਲਈ ਹਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਆਪਣੇ ਹੱਕਾਂ ਲਈ ਅਤੇ ਆਪਣੇ ਤੇ ਹੋ ਰਹੇ ਅੱਤਿਆਚਾਰਾਂ ਦੇ ਖਿਲਾਫ ਆਪਣੀ ਆਵਾਜ਼ ਜਰੂਰ ਉਠਾਉਣੀ ਚਾਹੀਦੀ ਹੈ ਤਾਂ ਹੀ ਜੁਲਮ ਨੂੰ ਠੱਲ ਪੈ ਸਕਦੀ ਹੈ ਅਤੇ ਆਪਣੇ ਹੱਕ ਪ੍ਰਾਪਤ ਕੀਤੇ ਜਾ ਸਕਦੇ ਹਨ। ਆਪਣੇ ਉੱਪਰ ਹੋ ਰਹੇ ਤਸੱਦਦ ਨੂੰ ਚੁੱਪ ਚਾਪ ਸਹੀ ਜਾਣਾ ਅਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਨਾ ਕਰਨੀ ਗੁਲਾਮਾਂ ਤੇ ਮੁਰਦਾ ਦਿਲ ਲੋਕਾਂ ਦਾ ਕੰਮ ਹੁੰਦਾ ਹੈ। ਜਿਉਂਦੇ ਜਾਗਦੇ ਤੇ ਗੈਰਤਮੰਦ ਲੋਕ ਤਾਂ ਜਬਰ ਜੁਲਮ ਦੇ ਖਿਲਾਫ ਆਵਾਜ਼ ਵੀ ਉਠਾਉਂਦੇ ਹਨ ਅਤੇ ਆਪਣੇ ਹੱਕਾਂ ਲਈ ਸੰਘਰਸ਼ ਵੀ ਕਰਦੇ ਹਨ। ਇਸ ਲਈ ਮਨੁੱਖ ਨੂੰ ਵੀ ਆਪਣੇ ਜਿਉਂਦੇ ਜੀਅ ਇਹ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ।

ਜਦੋਂ ਕੋਈ ਮਾਲਕ ਆਪਣੇ ਨੌਕਰ ਨੂੰ ਉਹਦੇ ਕੰਮ ਲਈ ਕੋਈ ਮਜਦੂਰੀ, ਤਨਖਾਹ ਜਾਂ ਫਿਰ ਕਿਸੇ ਹੋਰ ਰੂਪ ਚ ਉਸ ਵਿਅਕਤੀ ਦੀ ਮੱਦਦ ਕਰਦਾ ਤਾਂ ਇਵਜਾਨੇ ਦੇ ਰੂਪ ‘ਚ ਕੁੱਝ ਨਾ ਕੁੱਝ ਦੇਣ ਵਾਲਾ ਵਿਅਕਤੀ ਲੈਣ ਵਾਲੇ ਤੋਂ ਕਿਸੇ ਨਾ ਕਿਸੇ ਰੂਪ ‘ਚ ਕਿਸੇ ਕੰਮ ਦੀ ਆਸ ਵੀ ਜਰੂਰ ਰੱਖੇਗਾ। ਅਗਰ ਤਨਖਾਹ ਜਾਂ ਮਜਦੂਰੀ ਲੈਣ ਵਾਲਾ ਵਿਅਕਤੀ, ਮਾਲਕ ਵੱਲੋਂ ਦਿੱਤੇ ਗਏ ਕੰਮ ਨੂੰ ਤਸੱਲੀਬਖ਼ਸ਼ ਨਹੀਂ ਕਰਦਾ ਤਾਂ ਮਾਲਕ ਉਸਨੂੰ ਦਿੱਤੀ ਜਾਣ ਵਾਲੀ ਤਨਖਾਹ ਜਾਂ ਮਜਦੂਰੀ ਘਟਾ ਦੇਵੇਗਾ,ਬੰਦ ਕਰ ਦੇਵੇਗਾ ਜਾਂ ਫਿਰ ਉਸਦੀ ਹਮੇਸ਼ਾ ਲਈ ਛੁੱਟੀ ਹੀ ਕਰ ਦੇਵੇਗਾ। ਕੋਈ ਵੀ ਮਾਲਕ ਆਪਣੇ ਪੱਲਿਉਂ ਦੂਸਰੇ ਨੂੰ ਵਿਹਲਾ ਬਿਠਾ ਕੇ ਖਾਣ ਲਈ ਜਾਂ ਫਿਰ ਹੋਰ ਸਹੂਲਤਾਂ ਨਹੀਂ ਦੇ ਸਕਦਾ। ਦੁਨੀਆਂ ‘ਚ ਇਕ ਹੱਥ ਲੈ ਅਤੇ ਦੂਸਰੇ ਹੱਥ ਦੇ ਦਾ ਦਸਤੂਰ ਹੀ ਜਾਰੀ ਹੈ।

ਭਾਵੇਂ ਦੇਸ਼ ਦੀਆਂ ਸਰਕਾਰਾਂ ਦੇ ਨੁਮਾਇੰਦੇ ਲੋਕਾਂ ਦੁਆਰਾ ਵੋਟਾਂ ਦੇ ਰਾਹੀਂ ਚੁਣੇ ਜਾਂਦੇ ਹਨ ਅਤੇ ਉਹ ਆਪਣੀ ਮਰਜੀ ਦੇ ਅਨੁਸਾਰ ਆਪਣੀਆਂ ਸਹੂਲਤਾਂ ਲਈ ਤਰ੍ਹਾਂ 2 ਦੇ ਕਾਨੂੰਨ ਆਪਣੇ ਹੱਕ ਚ ਪਾਸ ਕਰ ਲੈਂਦੇ ਹਨ। ਇਹ ਗੱਲ ਵੀ ਬੜੀ ਹੈਰਾਨੀ ਵਾਲੀ ਤੇ ਅਸਚਰਜਨਕ ਹੈ ਕਿ ਇਹ ਲੋਕ ਨੁਮਾਇੰਦੇ ਭਾਵੇਂ ਕਿਸੇ ਵੀ ਪਾਰਟੀ ਦੇ ਹੋਣ ਜਾਂ ਫਿਰ ਆਪਸ ਵਿੱਚ ਕਿੰਨੇ ਵੀ ਕੱਟੜ ਵਿਰੋਧੀ ਕਿਉਂ ਨਾ ਹੋਣ। ਪਰ ਜਦੋਂ ਇਨ੍ਹਾਂ ਦੇ ਆਪਣੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਇਹ ਸਾਰੇ ਹੀ ਇੱਕ ਪਰਿਵਾਰ ਦੇ ਮੈਂਬਰਾਂ ਅਤੇ ਸਾਊ ਭਰਾਵਾਂ ਵਾਂਗ ਇਕੱਠੇ ਹੋ ਜਾਂਦੇ ਹਨ। ਇਹ ਹਿੱਤ ਭਾਵੇਂ ਤਨਖਾਹਾਂ, ਭੱਤੇ ਜਾਂ ਹੋਰ ਸਹੂਲਤਾਂ ਵਧਾਉਣ ਦੇ ਹੋਣ ਜਾਂ ਫਿਰ ਇੱਕ 2 ਨੁਮਾਇੰਦੇ ਦਾ ਕਈ 2 ਪੈਨਸ਼ਨਾਂ ਲੈਣ ਦਾ ਮੁੱਦਾ ਹੋਵੇ ਜਾਂ ਫਿਰ ਕੋਈ ਹੋਰ ਸਾਂਝਾ ਮੁੱਦਾ ਹੋਵੇ। ਇਨ੍ਹਾਂ ਲੋਕਾਂ ਦੀ ਝੱਟ ਸਹਿਮਤੀ ਬਣ ਜਾਂਦੀ ਹੈ। ਪਰ ਜਦੋਂ ਦੇਸ਼ ਦੀ ਜਨਤਾ ਦੇ ਹਿੱਤਾਂ ਦੀ ਗੱਲ ਹੋਵੇ ਜਾਂ ਫਿਰ ਹਾਕਮ ਧਿਰ ਵੱਲੋਂ ਉਨ੍ਹਾਂ ਦੇ ਵਿਰੁੱਧ ਬਣਾਏ ਗਏ ਕਾਲੇ ਕਾਨੂੰਨਾਂ ਦੀ ਗੱਲ ਹੋਵੇ ਜਾਂ ਫਿਰ ਸਰਕਾਰਾਂ ਵੱਲੋਂ ਜਨਤਾ ਤੇ ਕੀਤੇ ਗਏ ਜਬਰ ਜੁਲਮ ਦੀ ਗੱਲ ਹੋਵੇ, ਤਾਂ ਇਹ ਜਨਤਾ ਦੇ ਨੁਮਾਇੰਦੇ ਆਪਣਾ ਮੂੰਹ ਤੱਕ ਬੰਦ ਕਰ ਲੈਂਦੇ ਹਨ ਅਤੇ ਵਿਚਾਰੀ ਜਨਤਾ ਇਕੱਲੀ ਤੜਫਦੀ ਵੀ ਰਹਿੰਦੀ ਹੈ ਅਤੇ ਕਲਪਦੀ ਵੀ ਰਹਿੰਦੀ ਹੈ। ਉਨ੍ਹਾਂ ਦੀ ਚੀਖ ਪੁਕਾਰ ਸੁਣਨ ਦੀ ਕੋਈ ਵੀ ਨੁਮਾਇੰਦਾ ਜਾਂ ਪਾਰਟੀ ਪ੍ਰਵਾਹ ਨਹੀਂ ਕਰਦੀ। ਇਸੇ ਨੂੰ ਤਾਂ ਹਨੇਰਗਰਦੀ ਦਾ ਸਿਖਰ ਕਿਹਾ ਜਾਂਦਾ ਹੈ।

ਭਾਵੇਂ ਕਿਸੇ ਵੀ ਦੇਸ਼ ਦੀ ਸਰਕਾਰ ਆਪਣੀ ਮਨ ਮਰਜੀ ਦੇ ਕਾਨੂੰਨ ਬਨਾਉਣ ਦੀ ਕੋਸ਼ਿਸ਼ ਕਰਦੀ ਹੈ।ਅਜਿਹੇ ਲੋਕ ਵਿਰੋਧੀ ਕਾਨੂੰਨਾਂ ਅਤੇ ਤਸੱਦਦ ਦੇ ਵਿਰੁੱਧ ਭਾਵੇਂ ਜਨਤਾ ਸਮੇਂ 2 ਤੇ ਆਪਣਾ ਵਿਰੋਧ ਪ੍ਰਦਰਸ਼ਨ ਵੀ ਕਰਦੀ ਹੈ।ਪਰ ਵਿਰੋਧੀ ਧਿਰ ਚ ਬੈਠੇ ਲੋਕਾਂ ਦੇ ਨੁਮਾਇੰਦਿਆਂ ਦਾ ਵੀ ਲੋਕ ਵਿਰੋਧੀ ਕਾਨੂੰਨਾਂ ਅਤੇ ਲੋਕਾਂ ਤੇ ਕੀਤੇ ਗਏ ਜੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦਾ ਕੋਈ ਹੱਕ ਹੁੰਦਾ ਹੈ।ਕਿਉਂਕਿ ਵਿਰੋਧੀ ਧਿਰ ਦੇ ਲੋਕ ਵੀ ਜਨਤਾ ਦੇ ਟੈਕਸਾਂ ਚੋਂ ਹੀ ਆਪਣੀਆਂ ਤਨਖਾਹਾਂ, ਪੈਨਸ਼ਨਾਂ ਅਤੇ ਹੋਰ ਸਹੂਲਤਾਂ ਦਾ ਅਨੰਦ ਮਾਣਦੇ ਹਨ।ਪਰ ਉਹਦੇ ਬਦਲੇ ਇਹ ਲੋਕ ਜਨਤਾ ਦੇ ਹਿੱਤ ਦੀ ਭੋਰਾ ਵੀ ਗੱਲ ਨਹੀਂ ਕਰਦੇ,ਸਗੋਂ ਜਨਤਾ ਨੂੰ ਆਪਣੇ ਰਹਿਮੋ ਕਰਮ ਤੇ ਹੀ ਛੱਡ ਦਿੰਦੇ ਹਨ। ਅਸਲ ਵਿੱਚ ਇਹ ਵਿਰੋਧੀ ਧਿਰਾਂ ਦਾ ਨਿਕੰਮਾਪਣ ਹੀ ਤਾਂ ਕਿਹਾ ਜਾ ਸਕਦਾ ਹੈ। ਭਾਵੇਂ ਵਿਰੋਧੀ ਧਿਰ ਨੂੰ ਜਨਤਾ ਦੀ ਆਵਾਜ਼ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਹੀ ਵਿਰੋਧੀ ਧਿਰ ਦੀ ਅਸਲ ਜਿੰਮੇਵਾਰੀ ਹੁੰਦੀ ਹੈ।ਕਿਉਂਕਿ ਇਹ ਵਿਰੋਧੀ ਧਿਰ ਜਾਂ ਫਿਰ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਵਿਰੋਧੀ ਧਿਰ ਚ ਹੋਣ ਕਰਕੇ ਹੀ ਚੁੱਪਚਾਪ ਬੈਠ ਜਾਣ ਜਾਂ ਅੱਖਾਂ ਮੀਟ ਲੈਣ ਨਾਲ ਹੀ ਉਨ੍ਹਾਂ ਦੀ ਜਿੰਮੇਵਾਰੀ ਖਤਮ ਨਹੀਂ ਹੁੰਦੀ।ਕਿਉਂਕਿ ਇਹ ਲੋਕ ਨੁਮਾਇੰਦੇ ਅਸਲ ਵਿੱਚ ਲੋਕਾਂ ਦੇ ਸੇਵਕ ਹੀ ਤਾਂ ਹੁੰਦੇ ਹਨ,ਉਨ੍ਹਾਂ ਦੇ ਮਾਲਕ ਨਹੀਂ ਹੁੰਦੇ।ਇਸ ਲਈ ਇਹ ਲੋਕਾਂ ਅੱਗੇ ਜਵਾਬਦੇਹ ਵੀ ਤਾਂ ਹੁੰਦੇ ਹਨ।

ਅਜੋਕੇ ਦੌਰ ‘ਚ ਕੇਂਦਰ ਦੀ ਭਾਜਪਾ ਸਰਕਾਰ ਨੇ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਏ ਹਨ। ਜਿਨ੍ਹਾਂ ‘ਚੋਂ ਖੇਤੀਬਾੜੀ ਦੇ ਸੰਬੰਧੀ ਬਣਾਏ ਗਏ ਤਿੰਨ ਕਾਨੂੰਨ, ਕਿਰਤ ਕਾਨੂੰਨਾਂ ‘ਚ ਸੋਧ ਅਤੇ ਕਈ ਹੋਰ ਕਾਨੂੰਨ ਹਨ। ਇਸ ਤੋਂ ਇਲਾਵਾ ਦੇਸ਼ ‘ਚ ਅਸਮਾਨ ਛੂੰਹਦੀ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ, ਭਾਈ ਭਤੀਜਾਵਾਦ, ਧਾਰਮਿਕ ਕੱਟੜਤਾ, ਨਿੱਜੀਕਰਨ, ਜਾਤ ਪਾਤੀ ਅੱਤਿਆਚਾਰ, ਕੋਵਿਡ-19 ਦੀ ਖੱਜਲ ਖੁਆਰੀ ਜਿਹੇ ਅਨੇਕਾਂ ਹੀ ਮਸਲੇ ਹਨ, ਜਿਨ੍ਹਾਂ ਨੂੰ ਦੇਸ਼ ਦੀ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੇ ਬੁਰੀ ਤਰ੍ਹਾਂ ਵਿਸਾਰਿਆ ਹੋਇਆ ਹੈ।ਅਜਿਹੇ ਮੌਕੇ ਵਿਰੋਧੀ ਧਿਰਾਂ ਮੂੰਹ ‘ਚ ਦਹੀਂ ਜਮਾਉਣ ਦੇ ਵਾਂਗ, ਇਸ ਅਨਿਆ ਦੇ ਵਿਰੁੱਧ ਉੱਕਾ ਹੀ ਮੂੰਹ ਨਹੀਂ ਖੋਲ ਰਹੀਆਂ। ਸੋ ਅਗਰ ਦੇਸ਼ ‘ਚ ਰਾਜ ਕਰ ਰਹੀਆਂ ਸਰਕਾਰਾਂ ਅਜਿਹੇ ਨਿਕੰਮੇਪਣ ਲਈ ਜਿੰਮੇਵਾਰ ਹਨ ਤਾਂ ਵਿਰੋਧੀ ਪਾਰਟੀਆਂ ਵੀ ਕੋਈ ਘੱਟ ਨਿਕੰਮੀਆਂ ਨਹੀਂ ਅਤੇ ਨਾ ਹੀ ਵਿਰੋਧੀ ਧਿਰਾਂ ਆਪਣੀ ਨਲਾਇਕੀ ਤੇ ਜਿੰਮੇਵਾਰੀ ਤੋਂ ਭੱਜ ਹੀ ਸਕਦੀਆਂ ਹਨ।ਸ਼ਾਇਦ ਇਹ ਵਿਰੋਧੀ ਪਾਰਟੀਆਂ ਅਤੇ ਦੂਸਰੇ ਨੁਮਾਇੰਦਿਆਂ ਦਾ ਦੋਗਲਾਪਣ ਹੀ ਹੋਵੇ, ਜਿਹੜਾ ਲੋਕਾਂ ਲਈ ਆਵਾਜ਼ ਬੁਲੰਦ ਕਰਨ ਤੋਂ ਆਨਾਕਾਨੀ ਕਰਦੇ ਹਨ। ਸੋ ਜਨਤਾ ਨੂੰ ਦੇਸ਼ ਦੀਆਂ ਵਿਰੋਧੀ ਧਿਰਾਂ ਤੋਂ ਵੀ ਚੁਰਾਹੇ ‘ਚ ਖੜ੍ਹਾ ਕੇ ਇਸ ਸਵੰਧ ‘ਚ ਸਵਾਲ ਪੁੱਛਣੇ ਚਾਹੀਦੇ ਤਾਂ ਕਿ ਲੋਕਾਂ ਦੇ ਪੈਸੇ ਦੇ ਸਿਰ ‘ਤੇ ਐਸ਼ ਕਰਨ ਵਾਲੇ ਇਹ ਵਿਰੋਧੀ ਧਿਰ ਅਤੇ ਦੂਸਰੀਆਂ ਪਾਰਟੀਆਂ ਦੇ ਲੋਕ ਆਪਣੀ ਜਿੰਮੇਵਾਰੀ ਨੂੰ ਸਮਝਣ ਅਤੇ ਆਉਣ ਵਾਲੇ ਸਮੇਂ ‘ਚ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਦੀ ਹਿੰਮਤ ਵਿਖਾਉਣ ਦਾ ਜੇਰਾ ਕਰਨ। ਲੋਕਾਂ ਦੁਆਰਾ ਅਜਿਹਾ ਉਪਰਾਲਾ ਕਰਨ ‘ਤੇ ਹੀ ਲੋਕਾਂ ਦਾ ਕੋਈ ਭਲਾ ਹੋ ਸਕਦਾ ਹੈ।

Check Also

ਹਾਰ ਜਾਈਏ ਭਾਵੇਂ, ਪਰ ਹੌਸਲਾ ਕਦੇ ਨਾ ਛੱਡੀਏ !

-ਸੁਬੇਗ ਸਿੰਘ; ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਅੱਜ ਕੱਲ੍ਹ ਓਲੰਪਿਕ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ …

Leave a Reply

Your email address will not be published. Required fields are marked *