ਦੋਹਾਂ ਕਿਸਾਨ ਮੋਰਚਿਆਂ ਵਲੋਂ ਕਮੇਟੀ ਨੂੰ ਨਾਂਹ!

Global Team
3 Min Read

ਜਗਤਾਰ ਸਿੰਘ ਸਿੱਧੂ;

ਦੋਹਾਂ ਸੰਯੁਕਤ ਕਿਸਾਨ ਮੋਰਚਿਆਂ ਵਲੋ ਸੁਪਰੀਮ ਕੋਰਟ ਵੱਲੋਂ ਬਣਾਈ ਮਾਹਿਰਾਂ ਦੀ ਕਮੇਟੀ ਦੇ ਤਿੰਨ ਜਨਵਰੀ ਦੇ ਪੰਚਕੂਲਾ ਵਿੱਚ ਮੀਟਿੰਗ ਦੇ ਸੱਦੇ ਨੂੰ ਰੱਦ ਕਰ ਦਿੱਤਾ ਹੈ। ਵੱਖੋ ਵੱਖਰੇ ਤੌਰ ਉੱਤੇ ਦੋਵਾਂ ਪਲੇਟਫ਼ਾਰਮਾਂ ਦੇ ਕਿਸਾਨ ਆਗੂਆਂ ਨੇ ਜਿਥੇ ਮੀਟਿੰਗ ਦੇ ਸੱਦੇ ਨੂੰ ਰੱਦ ਕੀਤਾ ਹੈ ਉੱਥੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨਾਂ ਦੀਆਂ ਮੰਗਾਂ ਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਅਤੇ ਕੇਂਦਰ ਸਿੱਧੇ ਤੌਰ ਤੇ ਕਿਸਾਨਾਂ ਨਾਲ ਗੱਲਬਾਤ ਕਰੇ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦੋਹਾਂ ਸੰਯੁਕਤ ਕਿਸਾਨ ਮੋਰਚਿਆਂ ਵਿੱਚ ਸਹਿਮਤੀ ਹੈ ਅਤੇ ਦੋਵੇਂ ਧਿਰਾਂ ਇਕ ਦੂਜੇ ਦੇ ਅੰਦੋਲਨ ਦੀ ਹਮਾਇਤ ਵੀ ਕਰਦੀਆਂ ਹਨ। ਸੰਯੁਕਤ ਕਿਸਾਨ ਮੋਰਚੇ ਨੇ ਤਾਂ ਪਹਿਲਾਂ ਹੀ ਮੀਟਿੰਗ ਦੇ ਸੱਦੇ ਨੂੰ ਰੱਦ ਕਰ ਦਿੱਤਾ ਸੀ ਪਰ ਅੱਜ ਦੂਜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਨਾ ਜਾਣ ਬਾਰੇ ਸਥਿਤੀ ਸਪੱਸ਼ਟ ਹੋ ਗਈ ਹੈ।

ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਫਸਲਾਂ ਦੇ ਭਾਅ ਦੀ ਕਾਨੂੰਨੀ ਗਾਰੰਟੀ, ਕਿਸਾਨ ਅਤੇ ਮਜ਼ਦੂਰ ਦੀ ਕਰਜ਼ਾ ਮੁਆਫ਼ੀ, ਕਿਸਾਨਾਂ ਦੇ ਅੰਦੋਲਨ ਦੌਰਾਨ ਬਣੇ ਕੇਸਾਂ ਦੀ ਵਾਪਸੀ, ਲਖੀਮਪੁਰ ਖੀਰੀ ਕਿਸਾਨਾਂ ਉੱਤੇ ਗੱਡੀ ਚੜ੍ਹਾਉਣ ਦੇ ਕੇਸ ਵਿੱਚ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਕਿਸਾਨੀ ਮੰਗਾਂ ਨਾਲ ਜੁੜੇ ਹੋਰ ਮਾਮਲੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮਾਹਿਰਾਂ ਦੀ ਕਮੇਟੀ ਕੋਲ ਮੰਗਾਂ ਦੀ ਕੋਈ ਚਹਚਾ ਹੀ ਨਹੀਂ ਹੈ।
ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਦੇ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਭਾਜਪਾ ਆਗੂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੇ ਹਨ। ਪਹਿਲਾਂ ਭਾਜਪਾ ਆਗੂ ਆਖਦੇ ਰਹੇ ਕਿ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਨਹੀਂ ਜਾ ਸਕਦੇ ਪਰ ਹੁਣ ਕਿਸਾਨਾਂ ਨੂੰ ਪੈਦਲ ਜਾਣ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਭਾਜਪਾ ਦੇ ਆਗੂ ਜਵਾਬ ਦੇਣ ਕਿ ਹੁਣ ਕਿਉਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ?

ਕਿਸਾਨ ਆਗੂ ਪੰਧੇਰ ਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਹੈ ਕਿ ਜੇਕਰ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ ਤਾਂ ਪੰਜਾਬ ਵਿਧਾਨ ਸਭਾ ਦੇ ਆ ਰਹੇ ਸੈਸ਼ਨ ਵਿੱਚ ਕੇਂਦਰ ਵਲੋਂ ਭੇਜੇ ਖੇਤੀ ਸੋਧ ਬਿੱਲਾਂ ਦੇ ਖਰੜੇ ਨੂੰ ਰੱਦ ਕੀਤਾ ਜਾਵੇ। ਇਸੇ ਤਰ੍ਹਾਂ ਕਿਸਾਨ ਮੰਗਾਂ ਦੀ ਹਮਾਇਤ ਕੀਤੀ ਜਾਵੇ।

ਅਗਲੇ ਦਿਨ ਕਿਸਾਨ ਅੰਦੋਲਨ ਦੇ ਵੱਡੇ ਐਕਸ਼ਨਾਂ ਵਾਲੇ ਹਨ। ਚਾਰ ਜਨਵਰੀ ਨੂੰ ਖਨੌਰੀ ਬਾਰਡਰ ਉੱਤੇ ਵੱਡਾ ਕਿਸਾਨੀ ਇੱਕਠ ਹੋ ਰਿਹਾ ਹੈ। ਇਹ ਸੱਦਾ ਵੀ ਮਰਨ ਵਰਤ ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ ਹੈ। ਇਸੇ ਦਿਨ ਹਰਿਆਣਾ ਵਿੱਚ ਟੋਹਾਣਾ ਵਿਖੇ ਦੂਜੇ ਸੰਯੁਕਤ ਕਿਸਾਨ ਮੋਰਚੇ ਵਲੋਂ ਮੰਗਾਂ ਦੀ ਪੂਰਤੀ ਲਈ ਵੱਡਾ ਇੱਕਠ ਰੱਖਿਆ ਗਿਆ ਹੈ। ਨੌ ਜਨਵਰੀ ਨੂੰ ਮੋਗਾ ਵਿਖੇ ਵੱਡੀ ਕਿਸਾਨ ਰੈਲੀ ਹੋ ਰਹੀ ਹੈ ਜਿਸ ਵਿੱਚ ਡੱਲੇਵਾਲ ਦੀ ਪੂਰੀ ਹਮਾਇਤ ਕੀਤੀ ਜਾਵੇਗੀ।

ਇਸੇ ਦੌਰਾਨ ਡੱਲੇਵਾਲ ਦਾ ਮਰਨ ਵਰਤ ਛੱਤੀਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ । ਸੁਪਰੀਮ ਕੋਰਟ ਵੱਲੋਂ ਸਖਤੀ ਨਾਲ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਦੇਣ ਲਈ ਕਿਹਾ ਗਿਆ ਹੈ ਅਤੇ ਦੋ ਦਿਨਾਂ ਬਾਅਦ ਮੁੜ ਇਸ ਮਾਮਲੇ ਉੱਤੇ ਸੁਣਵਾਈ ਹੋਵੇਗੀ ।ਛੇ ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦਾ ਪਵਿੱਤਰ ਦਿਹਾੜਾ ਮਨਾਇਆ ਜਾਵੇਗਾ।

ਸੰਪਰਕ 9814002186

Share This Article
Leave a Comment