ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ
ਤਿੰਨ ਦਿਨ ਲਈ ਕਿਸਾਨ ਚੰਡੀਗੜ੍ਹ ਚ ਲਾਉਣਗੇ ਮੋਰਚਾ । ਹਜ਼ਾਰਾਂ ਟਰੈਕਟਰ ਟਰਾਲੀਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚੰਡੀਗੜ੍ਹ ਵੱਲ ਕੂਚ ਕਰ ਰਹੀਆਂ ਹਨ । 26 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਕਿਸਾਨਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਤਿੰਨ ਦਿਨ ਲਈ ਮੋਰਚਾ ਲਾਇਆ ਜਾ ਰਿਹਾ ਹੈ। ਇਹ ਫੈਸਲਾ ਅੱਜ ਲੁਧਿਆਣਾ ਵਿਚ ਬੱਤੀ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਈ ਮੀਟਿੰਗ ਵਿਚ ਲਿਆ ਗਿਆ ਹੈ। ਤਿੰਨ ਦਿਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੋਸ ਪ੍ਰਗਟ ਕਰਨ ਦਾ ਸੱਦਾ ਕੌਮੀ ਪੱਧਰ ਉੱਪਰ ਦਿੱਤਾ ਗਿਆ ਹੈ। ਉਸ ਦਿਨ ਹਰਿਆਣਾ ਦੇ ਕਿਸਾਨ ਵੀ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਨੂੰ ਕੂਚ ਕਰਨਗੇ। ਇੰਝ ਦੋਹਾਂ ਰਾਜਾਂ ਦੇ ਕਿਸਾਨ ਰਾਜਧਾਨੀ ਚੰਡੀਗੜ੍ਹ ਨੂੰ ਕੂਚ ਕਰਨਗੇ। ਇਸੇ ਤਰਾਂ ਬਾਕੀ ਦੇਸ਼ ਦੇ ਕਿਸਾਨ ਆਪੋ ਆਪਣੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਰੋਸ ਪ੍ਰਗਟਾਵੇ ਕਰਨਗੇ। ਇਸ ਤੋਂ ਪਹਿਲਾਂ 22 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੀ ਚੰਡੀਗੜ੍ਹ ਕਿਸਾਨ ਭਵਨ ਬਲਬੀਰ ਸਿੰਘ ਰਾਜੇਵਾਲ ਅਤੇ ਉਸ ਨਾਲ ਲੱਗੀਆਂ ਜਥੇਬੰਦੀਆਂ ਨਾਲ ਮੀਟਿੰਗ ਵਿਚ ਤਿਆਰੀਆਂ ਦਾ ਜ਼ਾਇਜਾ ਲਿਆ ਜਾਵੇਗਾ। ਇਹ ਜਥੇਬੰਦੀਆਂ ਭਵਿੱਖ ਅੰਦਰ ਮਿਲਕੇ ਕੰਮ ਕਰਨਗੀਆਂ।
ਕਿਸਾਨ ਮੰਗ ਕਰ ਰਹੇ ਹਨ ਕਿ ਵਧੇਰੇ ਫਸਲਾਂ ਉੱਪਰ ਐਮ.ਐਸ.ਪੀ. ਦਿੱਤੀ ਜਾਵੇ ਤਾਂ ਜੋ ਵਾਜਿਬ ਕੀਮਤ ਮਿਲ ਸਕੇ। ਕੇਂਦਰ ਨੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਇਲਾਵਾ ਹੋਰ ਫਸਲਾਂ ਲਈ ਵੀ ਸਹਾਇਕ ਕੀਮਤ ਦੇਣ ਦਾ ਭਰੋਸਾ ਦਿੱਤਾ ਸੀ ਪਰ ਪੂਰਾ ਨਹੀਂ ਕੀਤਾ। ਪੰਜਾਬ ਵੱਲੋਂ ਮੂੰਗੀ ਅਤੇ ਮੱਕੀ ਲਈ ਐਮ.ਐਸ.ਪੀ. ਦੇਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ । ਕਿਸਾਨਾਂ ਉੱਤੇ ਕੇਂਦਰ ਦੇ ਦਰਜ ਹੋਏ ਕੇਸ ਵਾਪਿਸ ਨਹੀਂ ਹੋਏ।
ਅੱਜ ਹੀ ਚੰਡੀਗੜ੍ਹ ਵਿਚ ਕਿਰਤੀ ਕਿਸਾਨ ਯੂਨੀਅਨ ਅਤੇ ਨਾਲ ਲੱਗਦੀਆਂ ਅਠਾਰਾਂ ਕਿਸਾਨ ਜਥੇਬੰਦੀਆਂ ਦੀ ਜਗਜੀਤ ਸਿੰਘ ਡੱਲੇਵਾਲ ਗਰੁੱਪ ਦੀਆਂ ਜਥੇਬੰਦੀਆਂ ਨਾਲ ਮੀਟਿੰਗ ਵਿਚ ਮੰਗਾਂ ਨੂੰ ਲੈ ਕੇ 20 ਨਵੰਬਰ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਗਿਆ ਹੈ! ਕਿਸਾਨਾਂ ਨੂੰ ਰੋਸ ਹੈ ਕਿ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰ ਕਿਸਾਨ ਜਥੇਬੰਦੀਆਂ ਤਾਂ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਮਸਲੇ ਦੇ ਹੱਲ ਦੀ ਮੰਗ ਕਰ ਰਹੀਆਂ ਹਨ। ਕਿਸਾਨਾਂ ਉੱਪਰ ਕੇਸ ਰੱਦ ਕੀਤੇ ਜਾਣ! ਸਰਕਾਰ ਵੱਲੋਂ ਪ੍ਰੋਜੈਕਟਾਂ ਲਈ ਧੱਕੇ ਨਾਲ ਕਿਸਾਨ ਦੀ ਜਮੀਨ ਨਾ ਲਈ ਜਾਵੇ ਅਤੇ ਵਾਜਿਬ ਕੀਮਤ ਅਦਾ ਕੀਤੀ ਜਾਵੇ। ਨਸ਼ੇ ਕਾਰਨ ਮਰਨ ਵਾਲੇ ਦੇ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਅਤੇ ਹਲਕੇ ਦੇ ਵਿਧਾਇਕ ਖਿਲਾਫ ਕੇਸ ਦਰਜ ਕੀਤਾ ਜਾਵੇ।
ਇਸੇ ਦੌਰਾਨ ਜਥੇਬੰਦੀਆਂ ਵੱਲੋਂ ਇਕ ਪਲੇਟਫਾਰਮ ਉੱਪਰ ਆਉਣ ਲਈ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਅਜੇ ਦਿੱਲੀ ਦੂਰ ਹੈ।