ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵਿਸ਼ੇਸ਼ ਕੇਸ ਦੇ ਤੌਰ ‘ਤੇ ਪਰਬਤ ਆਰੋਹੀ ਫਤਹਿ ਸਿੰਘ ਬਰਾੜ ਅਤੇ ਸਾਬਕਾ ਫੌਜੀ ਮੇਜਰ ਸੁਮੀਰ ਸਿੰਘ ਨੂੰ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਵਜੋਂ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੁਲਕ ਵਿੱਚ ਸਭ ਤੋਂ ਘੱਟ ਉਮਰ ਦੇ ਪਰਬਤ ਆਰੋਹੀਆਂ ਵਿੱਚੋਂ ਇਕ ਸ੍ਰੀ ਬਰਾੜ 16 ਸਾਲ 9 ਮਹੀਨੇ ਦੀ ਉਮਰ ਵਿੱਚ 21 ਮਈ, 2013 ਨੂੰ ਵਿਸ਼ਵ ਦੀ ਸਭ ਤੋਂ ਉੱਚੀ ਪਹਾੜੀ ਦੀ ਚੋਟੀ ‘ਤੇ ਚੜ੍ਹੇ ਸਨ ਜਦਕਿ ਮੇਜਰ ਸੁਮੀਰ ਸਿੰਘ ਸਰਹੱਦ ਪਾਰ ਦੀਆਂ ਕਈ ਕਾਰਵਾਈਆਂ ਵਿੱਚ ਸ਼ਾਮਲ ਹੋਏ ਅਤੇ 9 ਪੀ.ਏ.ਆਰ.ਏ. ਫੋਰਸ ਵੱਲੋਂ ਸਰਹੱਦ ਪਾਰ ਕੀਤੇ ਸਰਜੀਕਲ ਅਪਰੇਸ਼ਨਾਂ ਵਿੱਚ ਅੱਤਵਾਦੀਆਂ ਦਾ ਖਾਤਮਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਮੰਤਰੀ ਮੰਡਲ ਨੇ ਮਹਿਸੂਸ ਕੀਤਾ ਕਿ ਸ੍ਰੀ ਬਰਾੜ ਨੂੰ ਡੀ.ਐਸ.ਪੀ. ਦੀ ਨਿਯੁਕਤੀ ਜਿੱਥੇ ਸੂਬੇ ਵਿੱਚ ਦਲੇਰਾਨਾ ਖੇਡਾਂ ਨੂੰ ਉਤਸ਼ਾਹਤ ਕਰਨ ਵਿੱਚ ਸਹਾਈ ਹੋਵੇਗੀ, ਉਥੇ ਖੇਡਾਂ ਦੇ ਸਬੰਧਤ ਖੇਤਰ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਨ ਵਾਲਿਆਂ ਨੂੰ ਹੋਰ ਬਿਹਤਰ ਮੌਕੇ ਮੁਹੱਈਆ ਕਰਵਾਉਣ ਲਈ ਸਹੂਲਤ ਪ੍ਰਦਾਨ ਕੀਤੇ ਜਾ ਸਕਣਗੇ।
ਮੇਜਰ ਸੁਮੀਰ ਸਿੰਘ ਦੇ ਮਾਮਲੇ ਵਿੱਚ ਮੰਤਰੀ ਮੰਡਲ ਨੇ ਪੰਜਾਬ ਪੁਲੀਸ ਸੇਵਾ ਨਿਯਮ-1959 ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਉਨ੍ਹਾਂ ਦੀ ਡੀ.ਐਸ.ਪੀ. ਵਜੋਂ ਸਿੱਧੀ ਭਰਤੀ ਕੀਤੀ ਜਾ ਸਕੇ। ਭਾਰਤੀ ਫੌਜ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਦੇ ਸਨਮੁਖ ਪੁਲੀਸ ਵਿਭਾਗ ਨੇ ਵਿਸ਼ੇਸ਼ ਤੌਰ ‘ਤੇ ਅੱਤਵਾਦੀਆਂ ਵੱਲੋਂ ਸੂਬੇ ਵਿੱਚ ਅੱਤਵਾਦ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਉਸ ਦੀਆਂ ਸੇਵਾਵਾਂ ਹਾਸਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਵਿਭਾਗ ਨੇ ਇਹ ਮਹਿਸੂਸ ਕੀਤਾ ਕਿ ਅਜਿਹੇ ਵਿਅਕਤੀਆਂ ਨੂੰ ਪੁਲੀਸ ਵਿੱਚ ਭਰਤੀ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਅੱਤਵਾਦ ਨਾਲ ਨਜਿੱਠਣ, ਖੁਫੀਆ ਜਾਣਕਾਰੀ ਇਕੱਤਰ ਕਰਨ, ਅਗਵਾ ਸਬੰਧੀ ਬਚਾਅ ਕਾਰਜਾਂ ਬਾਰੇ ਡੂੰਘੀ ਜਾਣਕਾਰੀ ਅਤੇ ਖਾਸਾ ਤਜਰਬਾ ਹੋਵੇ। ਇਸ ਤੋਂ ਇਲਾਵਾ ਅਜਿਹੇ ਹੋਣਹਾਰ ਅਫਸਰਾਂ ਦੀਆਂ ਸੇਵਾਵਾਂ ਪੰਜਾਬ ਪੁਲੀਸ ਦੇ ਵੱਖ-ਵੱਖ ਰੈਂਕਾਂ ਦੇ ਮੁਲਾਜ਼ਮਾਂ ਨੂੰ ਸਿਖਲਾਈ ਮੁਹੱਈਆ ਕਰਵਾਉਣ ਦੇ ਮੰਤਵ ਲਈ ਵੀ ਲੋੜੀਂਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਅਜਿਹੇ ਅਪਰੇਸ਼ਨਾਂ ਲਈ ਹੋਰ ਵਧੇਰੇ ਕੁਸ਼ਲ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਮੇਜਰ ਸੁਮੀਰ ਸਿੰਘ 9 ਪੀ.ਏ.ਆਰ.ਏ. ਸਪੈਸ਼ਲ ਫੋਰਸ ਰੈਜੀਮੈਂਟ ਵਿੱਚ ਤਾਇਨਾਤ ਸਨ ਅਤੇ ਉਨ੍ਹਾਂ ਨੇ ਬਹੁਤ ਸਾਰੇ ਅੱਤਵਾਦ ਵਿਰੋਧੀ ਅਪਰੇਸ਼ਨਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕੋਲ ਜੰਮੂ-ਕਸ਼ਮੀਰ ਵਿੱਚ 8 ਸਾਲ ਤੋਂ ਵੱਧ ਸਮਾਂ ਅੱਤਵਾਦ ਨਾਲ ਨਿਪਟਣ ਦਾ ਚੰਗਾ ਤਜਰਬਾ ਹੈ।
ਮੇਜਰ ਸੁਮੀਰ ਸਿੰਘ ਵੱਲੋਂ ਅਪਰੇਸ਼ਨਾਂ ਦੌਰਾਨ ਨਿਭਾਈਆਂ ਸ਼ਾਨਦਾਰ ਸੇਵਾਵਾਂ ਅਤੇ ਕਾਬਲੀਅਤ ਸਦਕਾ ਸਾਲ 2017 ਵਿੱਚ ਭਾਰਤ ਦੇ ਰਾਸ਼ਟਰਪਤੀ ਨੇ ਸੈਨਾ ਮੈਡਲ (ਬਹਾਦਰੀ) ਨਾਲ ਸਨਮਾਨਿਆ ਸੀ। ਉਨ੍ਹਾਂ ਨੇ ਭਾਰਤ ਫੌਜ ਦੇ ‘ਕਮਾਂਡੋ ਕੋਰਸ’ ਸਮੇਤ ਹੋਰ ਬਹੁਤ ਸਾਰੇ ਕੋਰਸਾਂ ਵਿੱਚ ਵੀ ਬਾਖੂਬੀ ਕਾਰਗੁਜ਼ਾਰੀ ਦਿਖਾਈ।
ਮੰਤਰੀ ਮੰਡਲ ਵੱਲੋਂ ਪਰਬਤ ਆਰੋਹੀ ਫਤਹਿ ਸਿੰਘ ਬਰਾੜ ਅਤੇ ਸਾਬਕਾ ਫੌਜੀ ਮੇਜਰ ਸੁਮੀਰ ਸਿੰਘ ਨੂੰ ਵਿਸ਼ੇਸ਼ ਕੇਸ ਵਜੋਂ ਡੀ.ਐਸ.ਪੀ. ਨਿਯੁਕਤ ਕਰਨ ਦੀ ਪ੍ਰਵਾਨਗੀ
Leave a Comment Leave a Comment