ਮਾਨ ਨੇ ਸਿੱਧੂ ਨੂੰ ਦਿੱਤਾ ਵੱਡਾ ਸੱਦਾ, ਕਿਹਾ ਆਓ ਮਿਲ ਕੇ ਕੰਮ ਕਰੀਏ, ਸੁਣ ਕੇ ‘ਆਪ’ ਵਰਕਰਾਂ ਨੇ ਮਾਰੀਆਂ ਤਾੜੀਆਂ

TeamGlobalPunjab
5 Min Read

ਸੰਗਰੂਰ : ਹਾਸ ਕਲਾਕਾਰ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਜਿਸ ਦਿਨ ਤੋਂ ਸਿਆਸਤ ਵਿੱਚ ਆਏ ਹਨ ਉਸ ਦਿਨ ਤੋਂ ਉਹ ਭਾਵੇਂ ਚੋਣਾਂ ਜਿੱਤਣ ਭਾਵੇਂ ਹਾਰਨ, ਇੱਕ ਗੱਲ ਪੱਕੀ ਹੈ, ਕਿ ਉਹ ਜਿੱਥੇ ਜਾਂਦੇ ਹਨ ਉੱਥੇ ਭਾਰੀ ਤਦਾਦ ਵਿੱਚ ਲੋਕ ਇਨ੍ਹਾਂ ਨੂੰ ਸੁਣਨ ਲਈ ਜਰੂਰ ਪਹੁੰਚ ਜਾਂਦੇ ਹਨ। ਉਸ ਦਾ ਕਾਰਨ ਇੱਕ ਹੈ, ਉਨ੍ਹਾਂ ਦੇ ਗੱਲ ਕਰਨ ਦਾ ਤਰੀਕਾ, ਜਿਸ ਨੂੰ ਸੁਣਦੇਸਾਰ ਬੰਦੇ ਨੂੰ ਹਾਸਾ ਆ ਜਾਂਦਾ ਹੈ ਤੇ ਦੂਜਾ ਉਹ ਮੁੱਦੇ ਵੀ ਅਜਿਹੇ ਚੁੱਕਦੇ ਹਨ, ਜਿਨ੍ਹਾਂ ਤੋਂ ਸਰਕਾਰਾਂ ਵੀ ਇਨਕਾਰੀ ਨਹੀਂ ਹੋ ਪਾਉਂਦੀਆਂ। ਹੁਣ ਇੱਕ ਵਾਰ ਫਿਰ ਮਾਨ ਨੇ ਪੰਜਾਬ ‘ਚ ਫੈਲੇ ਨਸ਼ਿਆਂ ਤੇ ਕੁਝ ਹੋਰ ਮੁੱਦਿਆਂ ਨੂੰ ਅਜਿਹੇ ਢੰਗ ਨਾਲ ਚੁੱਕਿਆ ਹੈ ਕਿ ਚੰਗੇ ਚੰਗਿਆਂ ਨੂੰ ਆਪਣੇ ਨਾਲ ਸਹਿਮਤ ਹੋਣ ਲਈ ਹਾਂ ਵਿੱਚ ਸਿਰ ਮਾਰਨ ਨੂੰ ਮਜ਼ਬੂਰ ਕਰ ਦਿੱਤਾ ਹੈ। ਮਾਨ ਦਾ ਕਹਿਣਾ ਹੈ ਕਿ ਪਹਿਲਾਂ ਜਦੋਂ ਕਦੇ ਪੁਲਿਸ ਵੱਲੋਂ ਨਸ਼ਾ ਫੜਿਆ ਜਾਂਦਾ ਤਾਂ ਉਸ ਨੂੰ ਜੱਜ ਜਾਂ ਮੋਹਤਬਰ ਬੰਦਿਆਂ ਦੀ ਮੌਜੂਦਗੀ ਵਿੱਚ ਸਾੜ ਦਿੱਤਾ ਜਾਂਦਾ ਸੀ ਪਰ ਹੁਣ ਜਿੱਥੇ ਕਿਤੇ ਵੀ ਨਸ਼ਾ ਫੜਿਆ ਜਾ ਰਿਹਾ ਹੈ ਉਸ ਬਾਰੇ ਕਦੇ ਕਿਤੇ ਦੇਖਣ ਸੁਣਨ ਜਾਂ ਪੜ੍ਹਨ ਨੂੰ ਨਹੀਂ ਮਿਲਿਆ ਕਿ ਉਸ ਬਾਰੇ ਪੁਲਿਸ ਕੀ ਕਰ ਰਹੀ ਹੈ? ਮਾਨ ਦਾ ਦੋਸ਼ ਹੈ ਕਿ ਫੜਿਆ ਜਾਂਦਾ ਨਸ਼ਾ ਪੁਲਿਸ ਵੱਲੋਂ ਬਰਾਮਦਗੀ ਘੱਟ ਵਿਖਾ ਕੇ ਅੱਗੇ ਆਪ ਖੁਦ ਵੇਚ ਦਿੱਤਾ ਜਾਂਦਾ ਹੈ।

ਭਗਵੰਤ ਮਾਨ ਅਨੁਸਾਰ ਹਾਲਾਤ ਇਹ ਹਨ ਜੇਕਰ 80 ਕਿੱਲੋ ਨਸ਼ਾ ਫੜਿਆ ਜਾਂਦਾ ਹੈ ਤਾਂ ਪੁਲਿਸ ਵਾਲਿਆਂ ਵੱਲੋਂ ਕਾਗਜਾਂ ‘ਚ ਉਸ ਨਸ਼ੇ ਦੀ 70 ਕਿੱਲੋ ਦੀ ਬਰਾਮਦਗੀ ਦਿਖਾ ਕੇ ਬਾਕੀ ਦੇ 10 ਕਿੱਲੋ ਵਿੱਚ ਕੁਝ ਹੋਰ ਮਿਲਾ ਕੇ ਅੱਗੇ ਵੇਚ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਇਲਾਵਾ ਨਸ਼ਾ ਵਿਕਾਉਣ ਵਿੱਚ ਵੀ ਪੁਲਿਸ ਤਸਕਰਾਂ ਨਾਲ ਮਿਲੀ ਹੋਈ ਹੈ ਇਸੇ ਕਾਰਨ ਕਦੀ ਥਾਣਿਆਂ ਦੇ ਮੁਨਸ਼ੀ ਫੜੇ ਜਾ ਰਹੇ ਹਨ ਤੇ ਕਦੇ ਥਾਣੇਦਾਰ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਸ ਸਭ ਤੋਂ ਛੁਟਕਾਰਾ ਪਾਉਣ ਲਈ ਜੇਕਰ ਕੋਈ ਰਾਜਨੀਤਕ ਮੁਹਿੰਮ ਚਲਾਉਣ ਦੀ ਜਰੂਰਤ ਹੈ ਤੇ ਉਹ ਇਸ ਲਈ ਤਿਆਰ ਹਨ।

ਮਾਨ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਇਸ ਵੇਲੇ ਮਹਿੰਗੀ ਬਿਜਲੀ ਪੰਜਾਬ ਦਾ ਸਭ ਤੋਂ ਵੱਡਾ ਦੁੱਖ ਮੁੱਦਾ ਹੈ ਜਿਸ ਨੂੰ ਸਿੱਧੂ ਬਿਜਲੀ ਮਹਿਕਮਾਂ ਸੰਭਾਲ ਕੇ ਬਿੱਲ ਘਟਾ ਸਕਦੇ ਹਨ। ਮਾਨ ਨੇ ਕਿਹਾ ਕਿ ਸਿੱਧੂ ਬਿਜਲੀ ਮਹਿਕਮਾਂ ਸੰਭਾਲ ਕੇ ਬਾਦਲ ਸਰਕਾਰ ਦੌਰਾਨ ਪ੍ਰਾਈਵੇਟ ਥਰਮਲ ਪਲਾਟਾਂ ਨਾਲ 21-21 ਸਾਲ ਦੇ ਕੀਤੇ ਗਏ ਸਮਝੌਤੇ ਰੱਦ ਕਰ ਦੇਣ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲ ਸਕੇ। ਮਾਨ ਨੇ ਦਾਅਵਾ ਕੀਤਾ ਕਿ ਲੋਕਾਂ ਦੀ ਆਮਦਨ ਦਾ 80 ਪ੍ਰਤੀਸ਼ਤ ਹਿੱਸਾ ਤਾਂ ਬਿਜਲੀ ਬਿੱਲਾਂ ਵਿੱਚ ਹੀ ਚਲਾ ਜਾਂਦਾ ਹੈ। ਮਾਨ ਨੇ ਕਿਹਾ ਜੇਕਰ ਉਹ ਪੰਜਾਬ ਦੇ ਲੋਕਾਂ ਲਈ ਸੱਚੀ ਸ਼ਰਧਾ ਰੱਖਦੇ ਹਨ ਤਾਂ ਬਿਜਲੀ ਮਹਿਕਮਾਂ ਸੰਭਾਲ ਕੇ ਸੇਵਾ ਕਰਨ। ਮਾਨ ਅਨੁਸਾਰ ਜੇਕਰ ਪੰਜਾਬ ਦੀ ਸੇਵਾ ਕਰਨੀ ਹੈ ਤਾਂ ਫਿਰ ਆਹੁਦਾ ਨਾ ਦੇਖੋ ਜਿੱਥੇ ਵੀ ਮੌਕਾ ਮਿਲਦਾ ਹੈ ਸੇਵਾ ਕਰ ਲੈਣੀ ਚਾਹੀਦੀ ਹੈ

ਇਸ ਮੌਕੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਅੰਦਰ ਗਾਵਾਂ ਅਤੇ ਸਾਂਡਾਂ ਵਰਗੇ ਅਵਾਰਾ ਜਾਨਵਰਾਂ ਨਾਲ ਹੋ ਰਹੇ ਹਾਦਸਿਆਂ ਦੌਰਾਨ ਜਾ ਰਹੀਆਂ ਕੀਮਤੀ ਜਾਨਾਂ ‘ਤੇ  ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਬਿਜਲੀ ਦੇ ਬਿੱਲਾਂ ‘ਤੇ ਅਤੇ ਪੈਟਰੋਲ ‘ਤੇ ਕਾਓ ਸੈਸ ਤਾਂ ਲਿਆ ਜਾਂਦਾ ਹੈ ਪਰ ਉਹ ਜਾਂਦਾ ਕਿੱਥੇ ਹੈ? ਮਾਨ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਅਵਾਰਾ ਕੁੱਤਿਆਂ ਅਤੇ ਡੰਗਰਾਂ ਤੋਂ ਵੀ ਜਨਤਾ ਨੂੰ ਨਹੀਂ ਬਚਾ ਸਕਦੀ ਤਾਂ ਫਿਰ ਇਹੋ ਜਿਹੀ ਸਰਕਾਰ ਤੋਂ ਲੋਕ ਇਹ ਕਿਵੇਂ ਉਮੀਦ ਕਰ ਸਕਦੇ ਹਨ ਕਿ ਉਹ ਅੱਤਵਾਦੀਆਂ ਤੋਂ ਬਚਾਏਗੀ? ਉਨ੍ਹਾਂ ਕਿਹਾ ਕਿ ਉਹ (ਮਾਨ ) ਮੁੱਖ ਮੰਤਰੀ ਤੋਂ ਇਹ ਮੰਗ ਕਰਦੇ ਹਨ ਕਿ ਇਨ੍ਹਾਂ ਅਵਾਰਾਂ ਜਾਨਵਰਾਂ ਦੀ ਕਿਤੇ ਸਾਂਭ ਸੰਭਾਲ ਕੀਤੀ ਜਾਵੇ ਕਿਉਂਕਿ ਸਰਕਾਰ ਇਨ੍ਹਾਂ ਦੇ ਨਾਂ ‘ਤੇ ਲੋਕਾਂ ਤੋਂ ਟੈਕਸ ਲੈਂਦੀ ਹੈ।

- Advertisement -

ਮਾਨ ਨੇ ਕਿਹਾ ਕਿ ਕੋਈ ਸਮਾਂ ਸੀ ਕਿ ਪੰਜਾਬ ਹਰ ਖਿੱਤੇ ਵਿੱਚ ਅੱਗੇ ਹੁੰਦਾ ਸੀ ਪਰ ਅੱਜ ਇਸ ਦੀ ਹਾਲਤ ਤਰਸਯੋਗ ਹੈ ਤੇ ਇੱਥੋਂ ਦੇ ਨੌਜਵਾਨ ਟੀਕਿਆਂ ਨਾਲ ਵਿੰਨੇ ਪਏ ਹਨ, ਕੁਝ ਅਰਮੀਨੀਆਂ ਜਿਹੇ ਗਰੀਬ ਦੇਸ਼ ‘ਚ ਬੱਕਰੀਆਂ ਚਾਰਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਬਾਹਰ ਹੀ ਨਹੀਂ ਨਿੱਕਲਦੇ। ਉਨ੍ਹਾਂ ਦੋਸ਼ ਲਾਇਆ ਕਿ ਇਹ ਸ਼ਹੀਦਾਂ ਦੀਆਂ ਬਰਸੀਆਂ ਨਹੀਂ ਮਨਾਉਂਦੇ ਪਰ ਹਾਂ ਅਰੂਸਾ ਦੇ ਜਨਮ ਦਿਨ ਮਨਾਉਣ ਪਹਾੜਾਂ ‘ਚ ਜਰੂਰ ਚਲੇ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਖੇਡ ਐਸੋਸੀਏਸ਼ਨ ਦਾ ਪ੍ਰਧਾਨ ਕਿਸੇ ਖਿਡਾਰੀ ਨੂੰ ਜਾਂ ਫਿਰ ਖੇਡਾਂ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਨੂੰ ਹੀ ਬਣਾਉਣਾ ਚਾਹੀਦਾ ਹੈ।

Share this Article
Leave a comment