ਪੰਜਾਬੀ ਭਾਸ਼ਾ ਨੂੰ ਦਬਾਉਣ ਪਿੱਛੇ ਹੋ ਰਹੀ ਸਿਆਸਤ ‘ਤੇ ਡਾ.ਤੇਜਵੰਤ ਮਾਨ ਨੇ ਖੋਲ੍ਹੇ ਵੱਡੇ ਰਾਜ਼

TeamGlobalPunjab
11 Min Read

ਪੰਜਾਬੀ ਭਾਸ਼ਾ ਇੱਕ ਅਜਿਹੀ ਭਾਸ਼ਾ ਹੈ ਜਿਸਨੂੰ ਪੂਰੇ ਭਾਰਤ ਵਿੱਚ ਇੱਕ ਵਿਸ਼ੇਸ਼ ਸਨਮਾਨ ਤੇ ਦਰਜਾ ਦਿੱਤਾ ਜਾਂਦਾ ਹੈ ਜੋ ਕਿ ਪੰਜਾਬ ਦੇ ਸਭਿਆਚਾਰ ਨਾਲ ਜੁੜੀ ਹੋਈ ਇੱਕ ਪਵਿੱਤਰ ਤੇ ਨਿਰੋਲ ਭਾਸ਼ਾ ਹੈ। ਜਿਸ ਦੇ ਸ਼ਬਦਾਂ ਤੋਂ ਪੰਜਾਬੀ ਸੱਭਿਆਚਾਰ ਦੀ ਝਲਕ ਆਪਣੇ ਆਪ ਹੀ ਦਿਖਾਈ ਦੇ ਪੈਂਦੀ ਹੈ। ਬੇਸ਼ੱਕ ਇਹ ਭਾਰਤ ਦੇ ਇੱਕ ਛੋਟੇ ਜਿਹੇ ਸੂਬੇ ਪੰਜਾਬ ਦੀ ਮੁੱਖ ਭਾਸ਼ਾ ਹੈ ਇਸ ਤੋਂ ਇਲਾਵਾ ਦੁਨੀਆ ਦੇ ਕੁੱਝ ਦੇਸ਼ਾਂ ਵਿੱਚ ਵੀ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪਰ ਇਸ ਭਾਸ਼ਾ ਨੂੰ ਕੁੱਝ ਸੰਸਥਾਵਾਂ ਵੱਲੋਂ ਸ਼ੁਰੂ ਤੋਂ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਿਛਲੇ ਦਿਨੀਂ ਭਾਸ਼ਾ ਭਵਨ ਪੰਜਾਬ ਵਿੱਚ ਹਿੰਦੀ ਦਿਵਸ ਮਨਾਇਆ ਗਿਆ ਜਿਸ ਤੇ ਪ੍ਰਧਾਨਗੀ ਕਰ ਰਹੇ ਮੰਡਲ ਨੇ ਉੱਘੇ ਸਾਹਿਤਕਾਰ ਡਾ.ਤੇਜਵੰਤ ਸਿੰਘ ਮਾਨ ਨੂੰ ਧਮਕੀ ਦੇ ਕੇ ਕਿਹਾ ਕਿ ਦੋ ਸਾਲ ਰੁਕੋ, ਤੁਹਾਨੂੰ ਦੱਸਾਂਗੇ ਕਿ ਹਿੰਦੀ ਕੀ ਹੁੰਦੀ ਹੈ? ਆਓ ਦੱਸਦੇ ਹਾਂ ਇਸ ਬਾਰੇ ਕੀ ਕਿਹਾ ਉਨ੍ਹਾਂ ਨੇ ਸਾਡੇ ਗਲੋਬਲ ਪੰਜਾਬ ਟੀਵੀ ਦੇ ਪੱਤਰਕਾਰ ਗੁਰਪ੍ਰਤਾਪ ਸਿੰਘ ਨਾਲ ਕੀਤੀ ਖਾਸ ਮੁਲਾਕਾਤ ਵਿੱਚ:

ਗੁਰਪ੍ਰਤਾਪ ਸਿੰਘ : ਕਿਉਂ ਦਿੱਤੀ ਡਾ. ਤੇਜਵੰਤ ਸਿੰਘ ਮਾਨ ਨੇ ਪ੍ਰਧਾਨਗੀ ਮੰਡਲ ਨੂੰ ਹੀ ਧਮਕੀ?

ਡਾ. ਤੇਜਵੰਤ ਸਿੰਘ ਮਾਨ : ਉਨ੍ਹਾਂ ਕਿਹਾ ਪਿਛਲੇ ਦਿਨੀਂ ਭਾਸ਼ਾ-ਭਵਨ ਵਿੱਚ ਹਿੰਦੀ ਦਿਵਸ ਤੇ ਇੱਕ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿੱਚ ਮੈਨੂੰ ਪ੍ਰਧਾਨਗੀ ਮੰਡਲ ਵਿੱਚ ਇੱਕ ਮੈਂਬਰ ਦੇ ਤੌਰ ਤੇ ਸੱਦਾ ਦਿੱਤਾ ਗਿਆ। ਸਮਾਗਮ ਵਿੱਚ ਹਿੰਦੀ ਦੇ ਵਿਕਾਸ ਲਈ ਗੱਲਾਂ ਹੋਣੀਆਂ ਸਨ ਤੇ ਮੈਂ ਵੀ ਹਿੰਦੀ ਭਾਸ਼ਾ ਦੇ ਵਿਕਾਸ ਦੇ ਪੱਖ ਵਿੱਚ ਹਾਂ ਤੇ ਹਿੰਦੀ ਭਾਸ਼ਾ ਦਾ ਵਿਕਾਸ ਹੋਣਾ ਵੀ ਚਾਹੀਦਾ ਹੈ। ਉਨ੍ਹਾਂ ਕਿਹਾ ਸਮਾਗਮ ਬਹੁਤ ਹੀ ਵਧੀਆਂ ਤਰੀਕੇ ਨਾਲ ਸ਼ੁਰੂ ਹੋਇਆ।

ਮੰਜੂ ਵਾਲੀਆ ਨਾਮ ਦੀ ਮੈਡਮ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇੱਕ ਪੇਪਰ ਪੜ੍ਹਨਾ ਸੀ ਤੇ ਜਿਸ ਦਾ ਵਿਸ਼ਾ ਸੀ “ਹਿੰਦੀ ਭਾਸ਼ਾ ਅਤੇ ਉਸ ਦਾ ਸਾਹਿਤ“। ਉਨ੍ਹਾਂ ਨੇ ਪੇਪਰ ਬਿਲਕੁਲ ਇੱਕ ਮਿੱਥੇ ਪ੍ਰੋਗਰਾਮ ਦੀ ਤਰ੍ਹਾਂ ਪੜ੍ਹਿਆ, ਜਿਸ ਤਰ੍ਹਾਂ ਹੁਣ ਭਾਰਤ ਵਿੱਚ ਰਾਜ-ਸੱਤਾ ਪ੍ਰਾਪਤ ਸ਼ਕਤੀ ਕੰਮ ਕਰ ਰਹੀ ਹੈ, ਤੇ ਜਿਸ ਤੇ ਆਰ.ਐੱਸ.ਐੱਸ ਹਿੰਦੂ ਸੰਗਠਨ ਦਾ ਦਬਦਬਾ ਭਾਰੂ ਹੈ ਤੇ ਉਸ ਪ੍ਰੋਗਰਾਮ ਦੇ ਮੁਤਾਬਕ ਹੀ ਮੰਜੂ ਵਾਲੀਆ ਜੀ ਨੇ ਪੇਪਰ ਹਿੰਦੀ ਭਾਸ਼ਾ ਦੇ ਪੱਖ ਵਿੱਚ ਪੜ੍ਹਿਆ।

ਮੈਡਮ ਨੇ ਹਿੰਦੀ ਭਾਸ਼ਾ ਦੇ ਵਿਕਾਸ ਦੀਆਂ ਗੱਲਾਂ ਕੀਤੀਆਂ, ਜੋ ਬਹੁਤ ਚੰਗੀ ਗੱਲ ਹੈ ਪਰ ਕੁੱਝ ਗੱਲਾਂ ਵਿੱਚ ਉਨ੍ਹਾਂ ਨੇ ਕਿਹਾ ਕਿ ਜਿਹੜੀ ਭਗਤ ਬਾਣੀ ਹੈ, ਉਹ ਪੰਜਾਬੀ ਵਿੱਚੋਂ ਨਹੀਂ ਆਈ। ਫਿਰ ਚਾਹੇ ਉਹ ਭਗਤ ਕਬੀਰ ਜੀ, ਭਗਤ ਰਾਮਦਾਸ ਜੀ ਜਾਂ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਕਿਉਂ ਨਾ ਹੋਣ। ਦੂਜੀ ਗੱਲ ਕੀ ਇਹ ਭਗਤ ਬਾਣੀ ਲੌਕਿਕ ਨਹੀਂ ਆਲੌਕਿਕ ਹੈ, ਤੇ ਨਾਲ ਹੀ ਕਿਹਾ ਕਿ ਹਿੰਦੀ ਭਾਸ਼ਾ ਨਾਲ ਹੀ ਭਾਰਤ ਵਿੱਚ ਏਕਤਾ ਸਥਾਪਿਤ ਹੋ ਸਕਦੀ ਹੈ। ਕੁੱਝ ਸਰਦਾਰ ਉਰਦੂ ਦੇ ਸ਼ਾਇਰ ਵੀ ਬੈਠੇ ਸਨ ਜਿਨ੍ਹਾਂ ਦਾ ਕਹਿਣਾ ਸੀ ਕਿ ਪੰਜਾਬੀ ਗਵਾਰਾ ਦੀ ਤੇ ਝਗੜਾਲੂ ਭਾਸ਼ਾ ਹੈ ਤੇ ਉੱਥੇ ਹੀ ਹਿੰਦੀ ਪ੍ਰੇਮ-ਪਿਆਰ ਦੀ ਭਾਸ਼ਾ ਹੈ, ਤੇ ਉਰਦੂ ਇੱਕ ਉੱਤਮ ਸ਼ਾਇਰੀ ਦੀ ਭਾਸ਼ਾ ਹੈ।

ਫਿਰ ਜਦੋਂ ਮੈਨੂੰ ਸਟੇਜ਼ ਤੇ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਉਨ੍ਹਾਂ ਵੱਲੌਂ ਪੰਜਾਬੀ ਭਾਸ਼ਾ ਦੀ ਗਲਤ ਵਿਆਖਿਆ ਦੀ ਕਠੋਰ ਨਿੰਦਾ ਕੀਤੀ ਤੇ ਕਿਹਾ ਕਿ ਜਿਸ ਭਾਸ਼ਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ ਹੋਵੇ, ਵਾਰਿਸ਼ ਸ਼ਾਹ ਦੀ ਹੀਰ, ਬੁਲ੍ਹੇ ਸ਼ਾਹ ਦੇ ਕਾਵਿ ਤੇ ਹੋਰ ਅਣਗਿਣਤ ਕਾਵਿ ਰਚੇ ਗਏ ਹੋਣ ਉਹ ਭਾਸ਼ਾ ਝਗੜਾਲੂ ਤੇ ਗਵਾਰਾਂ ਦੀ ਭਾਸ਼ਾ ਕਿਸ ਤਰ੍ਹਾਂ ਹੋ ਸਕਦੀ ਹੈ ਤੇ ਇਸ ਵਿਸ਼ੇ ਤੇ ਤੁਹਾਨੂੰ ਆਪਣੀ ਮਾਨਸਿਕਤਾ ਠੀਕ ਕਰਨ ਦੀ ਲੋੜ੍ਹ ਹੈ ਕੀ ਪੰਜਾਬੀ ਭਾਸ਼ਾ ਗਵਾਰੂ ਭਾਸ਼ਾ ਨਹੀਂ ਹੈ।

ਗੁਰਪ੍ਰਤਾਪ ਸਿੰਘ : ਤੁਹਾਡੇ ਅਨੁਸਾਰ ਭਾਸ਼ਾ ਸੋਖੀ ਹੈ, ਜਾਂ ਔਖੀ?
ਡਾ. ਤੇਜਵੰਤ ਸਿੰਘ ਮਾਨ : ਮੇਰੇ ਮੱਤ ਅਨੁਸਾਰ ਭਾਸ਼ਾ ਪਹਿਲਾਂ ਸੌਖੀ ਹੁੰਦੀ ਹੈ, ਕਿਉਂ ਕਿ ਉਹ ਆਮ ਲੋਕਾਂ ਨੇ ਘੜੀ ਹੁੰਦੀ ਹੈ। ਕੋਈ ਵਿਦਵਾਨ ਭਾਸ਼ਾ ਨਹੀਂ ਘੜਦਾ। ਜਦੋਂ ਲੋਕ ਆਪ ਭਾਸ਼ਾ ਨੂੰ ਘੜਦੇ ਹਨ ਤਾਂ ਉਹ ਭਾਸ਼ਾ ਔਖੀ ਕਿਸ ਤਰ੍ਹਾਂ ਹੋ ਸਕਦੀ ਹੈ।ਜਦੋਂ ਕਿ ਮੰਜੂ ਵਾਲੀਆ ਮੈਡਮ ਦਾ ਕਹਿਣਾ ਹੈ ਕਿ ਭਾਸ਼ਾ ਪਹਿਲਾਂ ਔਖੀ ਹੁੰਦੀ ਹੈ ਤੇ ਫਿਰ ਸੌਖੀ ਬਣਦੀ ਹੈ। ਇਸ ਨੂੰ ਮੈਂੇ ਉਲਟਾ ਕਿ ਪੜ੍ਹਦਾ ਹਾਂ।ਕੁੱਝ ਸ਼ਰਾਰਤੀ ਲੋਕ ਭਾਸ਼ਾ ਨਾਲ ਛੇੜਛਾੜ ਕਰਕੇ ਉਸ ਨੂੰ ਔਖੀ ਬਣਾ ਦਿੰਦੇ ਹਨ ਤਾਂ ਜ਼ੋ ਆਮ ਲੋਕਾਂ ਦਾ ਉਸ ਭਾਸ਼ਾ ਨਾਲੋਂ ਸੰਚਾਰ ਟੁੱਟ ਜਾਵੇ।

ਗੁਰਪ੍ਰਤਾਪ ਸਿੰਘ : ਕੀ ਹਿੰਦੀ ਭਾਸ਼ਾ ਪ੍ਰਫੁੱਲਿਤ ਹੋਣੀ ਚਾਹੀਦੀ ਹੈ?
ਡਾ. ਤੇਜਵੰਤ ਸਿੰਘ ਮਾਨ : ਜ਼ਰੂਰ ਹਿੰਦੀ ਭਾਸ਼ਾ ਪ੍ਰਫੁੱਲਿਤ ਹੋਣੀ ਚਾਹੀਦੀ ਹੈ ਪਰ ਨਾਲ ਹੀ ਇਹ ਵੀ ਚਾਹੁੰਦਾ ਹਾਂ ਕਿ ਹਿੰਦੀ ਭਾਸ਼ਾ ਸੌਖੀ ਵੀ ਹੋਵੇ, ਕਿਉਂ ਕਿ ਮੈਂ ਹਿੰਦੀ ਭਾਸ਼ਾ ਦੀਆਂ ਬਹੁਤ ਕਿਤਾਬਾਂ ਪੜ੍ਹੀਆਂ ਹਨ ਜ਼ੋ ਬਹੁਤ ਔਖੀਆਂ ਹਨ।

ਗੁਰਪ੍ਰਤਾਪ ਸਿੰਘ : ਹਿੰਦੀ ਤੇ ਪੰਜਾਬੀ ਭਾਸ਼ਾ ਦੇ ਪਾਠਕਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

ਡਾ. ਤੇਜਵੰਤ ਸਿੰਘ ਮਾਨ : ਮੇਰਾ ਕਹਿਣਾ ਹੈ ਕਿ ਜ਼ੋ ਵੀ ਕੋਈ ਹਿੰਦੀ ਦਾ ਲੇਖਕ ਪੰਜਾਬ ਵਿੱਚ ਰਹਿੰਦਾ ਹੈ ਤੇ ਹਿੰਦੀ ਵਿੱਚ ਕੁੱਝ ਵੀ ਲਿਖਦਾ, ਉਸ ਦੀ ਆਪਣੀ ਹਿੰਦੀ ਰਚਨਾ ਵਿੱਚ ਪੰਜਾਬੀ ਸੱਭਿਆਚਾਰ ਦਾ ਕੁੱਝ ਕੁ ਪ੍ਰਭਾਵ ਤਾਂ ਜ਼ਰੂਰ ਝਲਕਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬ ਵਿੱਚ ਰਹਿੰਦੇ ਹਨ।

ਪਰ ਜੇਕਰ ਹਿੰਦੀ ਦੇ ਪਾਠਕ ਪੰਜਾਬ ਤੋਂ ਬਾਹਰ ਵੀ ਰਹਿੰਦੇ ਹਨ ਤਾਂ ਵੀ ਉਹਨਾ ਦੀ ਰਚਨਾ ਵਿੱਚ ਪੰਜਾਬੀ ਸੱਭਿਆਚਾਰ, ਸ਼ਬਦਾਵਲੀ, ਜਾਂ ਵਿਰਾਸਤ ਦਾ ਪ੍ਰਭਾਵ ਹੋਣਾ ਚਾਹੀਦਾ ਹੈ, ਜੇ ਪ੍ਰਭਾਵ ਨਹੀਂ ਝਲਕਦਾ ਤਾਂ ਉਹ ਝੂਠੇ ਹਨ। ਬਿਲਕੁਲ ਇਸੇ ਤਰ੍ਹਾਂ ਹੀ ਪੰਜਾਬੀ ਦੇ ਪਾਠਕ ਜਿਹੜੇ ਪੰਜਾਬ ਤੋਂ ਬਾਹਰ ਹੋਰ ਰਾਜਾਂ ਵਿੱਚ ਬੈਠ ਕੇ ਜੋ ਵੀ ਲਿਖਦੇ ਹਨ ਤੇ ਉਨ੍ਹਾਂ ਦੀ ਰਚਨਾ ਵਿੱਚ ਉਥੋਂ ਦੇ ਰਾਜ ਦੇ ਸੱਭਿਆਚਾਰ ਦੀ ਰੰਗਤ ਨਹੀਂ ਚੜ੍ਹਦੀ ਤਾਂ ਉਹ ਵੀ ਝੂਠੇ ਹਨ।

ਗੁਰਪ੍ਰਤਾਪ ਸਿੰਘ : ਕੀ ਬਾਕੀ ਭਾਸ਼ਾਵਾਂ ਦੇ ਨਾਲ-ਨਾਲ ਪੰਜਾਬੀ ਵੀ ਸੰਸਕ੍ਰਿਤੀ ‘ਚੋਂ ਪੈਦਾ ਹੋਈ ਹੈ?
ਡਾ. ਤੇਜਵੰਤ ਸਿੰਘ ਮਾਨ : ਨਹੀਂ, ਸਾਰਿਆਂ ਨੂੰ ਆਪਣੇ ਦਿਮਾਗ ‘ਚੋਂ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਕਿ ਸਾਰੀਆਂ ਖੇਤਰੀ ਭਾਸ਼ਾਵਾਂ ਚਾਹੇ ਉਹ ਪੰਜਾਬੀ ਹੀ ਕਿਉਂ ਨਾ ਹੋਵੇ ਕਿ ਇਹ ਸਾਰੀਆਂ ਖੇਤਰੀ ਭਾਸ਼ਾਵਾਂ ਸੰਸਕ੍ਰਿਤੀ ਭਾਸ਼ਾ ‘ਚੋਂ ਨਿਕਲੀਆਂ ਹਨ। ਜਦਕਿ ਸਾਰੀਆਂ ਖੇਤਰੀ ਭਾਸ਼ਾਵਾਂ ਪ੍ਰਾਕ੍ਰਿਤਾਂ ਦਾ ਸੋਧਿਆ ਹੋਇਆ ਰੂਪ ਹੈ। ਇਸ ‘ਚ ਬਹੁਤ ਉੱਤਮ ਕਿਸਮ ਦਾ ਸਾਹਿਤ ਰਚਿਆ ਗਿਆ। ਸੰਸਕ੍ਰਿਤ ਭਾਸ਼ਾ ਦੁਨੀਆ ਦੇ ਕਿਸੇ ਵੀ ਖੇਤਰ ਵਿੱਚ ਨਹੀਂ ਬੋਲੀ ਜਾਂਦੀ ਅਤੇ ਨਾ ਹੀ ਕਦੇ ਬੋਲੀ ਜਾਂਦੀ ਸੀ।

ਗੁਰਪ੍ਰਤਾਪ ਸਿੰਘ : ਹਿੰਦੀ ਭਾਸ਼ਾ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ‘ਚ ਜ਼ਿਆਦਾ ਪ੍ਰਭਾਵਿਤ ਕਿਉਂ?
ਡਾ. ਤੇਜਵੰਤ ਸਿੰਘ ਮਾਨ : ਇਸ ਦਾ ਕਾਰਨ ਇਹ ਹੈ ਕਿ ਸਾਡੀ ਪੰਜਾਬ ਦੀ ਸਿਆਸੀ ਪਾਰਟੀ ਅਕਾਲੀ ਦਲ ਦਾ ਰਾਸ਼ਟਰੀ ਰਾਜਨੀਤਿਕ ਪਾਰਟੀ ਭਾਜਪਾ ਦਾ ਆਪਸੀ ਗਠਜੋੜ ਦਾ ਹੋਣਾ ਹੈ। ਬਾਕੀ ਰਾਜਾਂ ਨੇ ਭਾਜਪਾ ਨਾਲ ਗਠਜੋੜ ਹੋਣ ਦੇ ਬਾਵਜੂਦ ਹਿੰਦੀ ਭਾਸ਼ਾ ਦੇ ਮੁਕਾਬਲੇ ਆਪਣੀ ਖੇਤਰੀ ਭਾਸ਼ਾ ਨੂੰ ਮਹੱਤਵ ਦਿੱਤਾ ਹੈ, ਜਦਕਿ ਸਾਡੇ ਰਾਜਨੀਤਿਕ ਦਲ ਨਿਰਪੱਖ ਹੋ ਕੇ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਨਹੀਂ ਨਿੱਤਰੇ। ਇਸ ਸਬੰਧ ਵਿੱਚ ਮੈਂ ਇੱਕ ਵਾਰ ਕੈਪਟਨ ਸਾਹਿਬ ਨੂੰ ਵੀ ਮਿਲਿਆ ਜਦੋਂ ਉਹ ਮੌਜੂਦਾ ਮੁੱਖ ਮੰਤਰੀ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪੰਜਾਬ ਦਿਵਸ ਕਿਉਂ ਨਹੀਂ ਮਨਾਉਂਦੇੇ ਤਾਂ ਇਸ ਤੇ ਉਨ੍ਹਾਂ ਨੇ ਕਿਹਾ ਕਿ ਇਹ ਤਾ ਕਾਲਾ ਦਿਵਸ ਹੈ ਤੇ ਅਸੀਂ ਮਾਂ-ਬੋਲੀ ਦੇ ਪੱਖ ਵਿੱਚ ਹਾਂ, ਨਾ ਕਿ ਪੰਜਾਬ ਸੂਬੇ ਦੇ ਪੱਖ ਵਿੱਚ।

ਗੁਰਪ੍ਰਤਾਪ ਸਿੰਘ : ਪੰਜਾਬ ਹਰਿਆਣਾ ਦੀ ਵੰਡ ਤੇ 15 ਅਗਸਤ 1947 ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਡਾ. ਤੇਜਵੰਤ ਸਿੰਘ ਮਾਨ : ਮੇਰਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਦੋਵਾਂ ਨੂੰ 1 ਨਵੰਬਰ ਨੂੰ ਜਸ਼ਨ ਦੇ ਰੂਪ ਵਿੱਚ ਮਨਾਉਣਾ ਚਾਹੀਦਾ ਹੈ, ਕਿਉਂ ਕਿ ਇਸ ਦੀ ਵੰਡ ਭਾਸ਼ਾ ਕਮਿਸ਼ਨ ਦੇ ਹੁਕਮ ਅਨੁਸਾਰ ਭਾਸ਼ਾ ਦੇ ਆਧਾਰ ਤੇ ਹੋਈ ਸੀ ਕਿਉਂ ਕਿ ਉਸ ਭਾਗ ਦੀ ਭਾਸ਼ਾ ਹਿੰਦੀ ਸੀ, ਤੇ ਅਲੱਗ ਹੋਣ ਤੋਂ ਬਾਅਦ ਹਰਿਆਣਾ ਰਾਜ ਨੇ ਬਹੁਤ ਤਰੱਕੀ ਕੀਤੀ ਹੈ, ਜੋ ਬਹੁਤ ਖੁਸ਼ੀ ਦੀ ਗੱਲ ਹੈ ਤੇ ਦੂਜੇ ਪਾਸੇ 15 ਅਗਸਤ 1947 ਇੱਕ ਦੁਖਦਾਈ ਘਟਨਾ ਹੈ ।

ਗੁਰਪ੍ਰਤਾਪ ਸਿੰਘ : ਪੰਜਾਬ ਦੇ ਨਾਮੀ ਲੇਖਕ ਤੇ ਕਲਾਕਾਰਾਂ ਵੱਲੋਂ ਪੰਜਾਬੀ ਭਾਸ਼ਾ ਦੇ ਪੱਖ ਵਿੱਚ ਹਾਅ ਦਾ ਨਾਅਰਾ ਕਿਉਂ ਨਹੀਂ, ਤੇ ਸਿੱਖਿਆ ਦੇ ਮਾਧਿਅਮ ਵਿੱਚ ਪੰਜਾਬੀ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਕਮਜ਼ੋਰ ਕਿਉਂ?
ਡਾ. ਤੇਜਵੰਤ ਸਿੰਘ ਮਾਨ : ਇਹ ਬੜੀ ਦੁਖਦਾਈ ਗੱਲ ਹੈ ਕਿ ਅੱਜ ਸਾਰੇ ਲੇਖਕ ਤੇ ਕਲਾਕਾਰ ਸਿਰਜਣਾ ਦੀ ਬਿਜਾਏ ਉਤਪਾਦਕ ਵੱਲ ਤੁਰ ਪਏ ਹਨ। ਕੋਈ ਵੀ ਪੰਜਾਬੀ ਭਾਸ਼ਾ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਨਹੀਂ ਆਉਂਦਾ, ਅੱਜ ਸਾਰੇ ਆਪਣੀ ਭਾਸ਼ਾ ਨੂੰ ਭੁੱਲ ਕੇ ਸਿਰਫ ਆਪਣੇ ਵਪਾਰ ਬਾਰੇ ਸੋਚਣ ਲੱਗੇ ਹਨ। ਇਹ ਸਿਰਫ ਕਿਹਾ ਜਾਂਦਾ ਕਿ ਪੰਜਾਬ ਦੀ ਸਿੱਖਿਆ ਨੀਤੀ ਸਾਡੀ ਰਾਜ ਸਰਕਾਰ ਬਣਾਉਂਦੀ ਹੈ ਪਰ ਨਹੀਂ ਇਹ ਨੀਤੀ ਕੇਂਦਰ ਸਰਕਾਰ ਦਾ ਸਿੱਖਿਆ ਮੰਤਰਾਲਾ ਨਿਰਧਾਰਤ ਕਰਦਾ ਹੈ। ਇਸ ਲਈ ਕੇਂਦਰ ਸਰਕਾਰ ਸਾਡੇ ਸਿੱਖਿਆ ਖੇਤਰ ਵਿੱਚ ਸਿੱਧੇ ਤੌਰ ਤੇ ਦਖਲ ਦਿੰਦੀ ਆਈ ਹੈ।

ਗੁਰਪ੍ਰਤਾਪ ਸਿੰਘ : ਤੁਹਾਡੇ ਵੱਲੋਂ ਕੀਤੇ ਵਿਰੋਧ ਦਾ ਕਿਸੇ ਹੋਰ ਮੈਂਬਰ ਸਾਹਿਬਾਨ ਨੇ ਸਮਰਥਨ ਕੀਤਾ?
ਡਾ. ਤੇਜਵੰਤ ਸਿੰਘ ਮਾਨ : ਜੀ ਨਹੀਂ, ਮੇਰਾ ਸਮਰਥਨ ਕਿਸੇ ਨੇ ਨਹੀਂ ਕੀਤਾ। ਸਾਰੇ ਹੀ ਅਸਿੱਧੇ ਤੌਰ ਤੇ ਹਿੰਦੂ ਸਗੰਠਨ ਆਰ.ਆਰ.ਐੱਸ ਨਾਲ ਜੁੜੇ ਹੋਏ ਹਨ, ਤੇ ਹਿੰਦੀ ਭਾਸ਼ਾ ਨੂੰ ਪੰਜਾਬ ਵਿੱਚ ਪ੍ਰਫੁੱਲਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਅਨੁਸਾਰ ਭਾਰਤ ਦੀ ਇਕੋ ਇੱਕ ਭਾਸ਼ਾ ਹਿੰਦੀ ਹੈ।

ਗੁਰਪ੍ਰਤਾਪ ਸਿੰਘ : ਗੁਰਦਾਸ ਮਾਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਡਾ. ਤੇਜਵੰਤ ਸਿੰਘ ਮਾਨ : ਬੜੀ ਦੁੱਖ ਵਾਲੀ ਗੱਲ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਭਾਸ਼ਾ ਨੂੰ ਭੁੱਲ ਕੇ ਪੈਸੇ ਦੇ ਲਾਲਚ ਵੱਸ ਹੋ ਕੇ ਹਿੰਦੀ ਭਾਸ਼ਾ ਨੂੰ ਮਹੱਤਵ ਦਿੱਤਾ।ਗੁਰਦਾਸ ਮਾਨ ਨੇ ਕੈਨੇਡਾ ਵਿੱਚ ਹੋਏ ਆਪਣੇ ਇੱਕ ਪ੍ਰੋਗਰਾਮ ਵਿੱਚ ਇੰਨੇ ਗਲਤ ਸ਼ਬਦ ਵਰਤੇ ਹਨ ਜਿਨ੍ਹਾਂ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਇਸ ਸਭ ‘ਤੇ ਗੁਰਦਾਸ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਸ ਬੋਲੀ ਨੇ ਸਾਨੂੰ ਇੱਜ਼ਤ, ਪੈਸਾ ਤੇ ਰੁਤਬਾ ਦਿੱਤਾ ਹੈ, ਉਸ ਬੋਲੀ ਨੂੰ ਕਦੇ ਭੁਲਣਾ ਨਹੀਂ ਚਾਹੀਦਾ।

ਗੁਰਪ੍ਰਤਾਪ ਸਿੰਘ : ਪੰਜਾਬੀ ਬੋਲੀ ਬਾਰੇ ਤੁਹਾਡਾ ਕੋਈ ਸੁਨੇਹਾ?
ਡਾ. ਤੇਜਵੰਤ ਸਿੰਘ ਮਾਨ : ਪੰਜਾਬ ਵਾਸੀਆਂ ਨੂੰ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ, ਤੇ ਹੋਰ ਭਾਸ਼ਾਵਾਂ ਨੂੰ ਪੰਜਾਬੀ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਵੀ ਪੰਜਾਬੀ ਬੋਲੀ ਨੂੰ ਹੋਰ ਉੱਚ ਪੱਧਰ ਤੇ ਲਿਜਾਉਣ ਲਈ ਪਿਛਲੇ 30 ਸਾਲਾ ਤੋਂ ਕੋਸ਼ਿਸ਼ ਕਰ ਰਹੇ ਹਾਂ, ਪਰ ਜੋ ਲਹਿਰ ਇਸ ਸਮੇਂ ਉੱਠੀ ਹੋਈ ਹੈ ਉਸ ਨਾਲ ਪੰਜਾਬੀ ਭਾਸ਼ਾ ਤੇ ਪੰਜਾਬੀ ਬੋਲੀ ਦਾ ਵਿਸ਼ਵ ਪੱਧਰ ਤੇ ਪ੍ਰਚਾਰ ਹੋਣਾ ਸੁਭਾਵਿਕ ਹੈ। ਨਾਲ ਹੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਪਹਿਲੀ ਵਾਰ ਪੰਜਾਬੀ ਬੋਲੀ ਦੇ ਪ੍ਰਚਾਰ ਲਈ ਖੁੱਲ੍ਹ ਕੇ ਸਮਰਥਨ ਦਿੱਤਾ ਹੈ।

https://www.facebook.com/GlobalPunjabTV/videos/2432294396896458/

Share This Article
Leave a Comment